ਬੀਹਲਾ ਵਿਖੇ ਸੰਵਿਧਾਨ ਨਿਰਮਾਤਾ ਦਾ ਜਨਮ ਦਿਹਾੜਾ ਮਨਾਇਆ
ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-
ਨਜਦੀਕੀ ਪਿੰਡ ਬੀਹਲਾ ਵਿਖੇ ਬਹੁਜਨ ਸਮਾਜ ਪਾਰਟੀ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 130ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਸਮੇਂ ਬੋਲਦਿਆਂ ਬਸਪਾ ਦੇ ਸੂਬਾ ਸਕੱਤਰ ਦਰਸ਼ਨ ਸਿੰਘ ਝਲੂਰ ਨੇ ਕਿਹਾ ਕਿ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਦਬੇ ਕੁਚਲੇ ਲੋਕਾਂ ਨੂੰ ਬਹੁਜਨ ਸਮਾਜ ਦਾ ਰੂਪ ਦੇ ਕੇ ਮਨੂੰਵਾਦ ਨਾਲ ਲੜਨ ਲਈ ਤਿਆਰ ਕੀਤਾ ਸੀ। ਅੱਜ ਇਹ ਲੜਾਈ ਨਿਰਣਾਇਕ ਦੌਰ ਵਿੱਚ ਪਹੁੰਚ ਚੁੱਕੀ ਹੈ।
ਜੋਨ ਇੰਚਾਰਜ਼ ਹਵਾ ਸਿੰਘ ਹਨੇਰੀ ਨੇ ਕਿਹਾ ਕਿ ਸਾਡੇ ਦੁੱਖਾਂ ਦਾ ਦਰਦ ਕੋਈ ਦੇਵੀ ਦੇਵਤਾ ਨਹੀਂ ਕਰ ਸਕਿਆ। ਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨਾ ਆਏ ਹੁੰਦੇ ਤਾਂ ਅੱਜ ਵੀ ਅਸੀਂ ਦੁੱਖਾਂ ਦਰਦਾਂ ਨੂੰ ਝੱਲ ਰਹੇ ਹੁੰਦੇ।
ਮਾਸਿਕ ਅੰਬੇਡਕਰੀ ਦੀਪ ਦੇ ਸੰਪਾਦਕ ਦਰਸ਼ਨ ਸਿੰਘ ਬਾਜਵਾ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦੇ ਲੰਬੇ ਸੰਘਰਸ਼ ਕਾਰਨ ਹੀ ਦੇਸ਼ ਦੇ ਦਬੇ ਕੁਚਲੇ ਲੋਕਾਂ ਨੂੰ ਸੰਵਿਧਾਨ ਰਾਹੀਂ ਅਧਿਕਾਰ ਮਿਲੇ ਸਨ। ਉਹਨਾਂ ਕਿਹਾ ਕਿ ਜੇਕਰ ਭਾਰਤ ਦੇ ਹੁਕਮਰਾਨ ਬੇਈਮਾਨ ਨਾ ਹੁੰਦੇ ਅਤੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਲਾਗੂ ਕਰ ਦਿੰਦੇ ਤਾਂ ਹੁਣ ਤੱਕ ਦੇਸ਼ ਵਿਕਸਤ ਦੇਸ਼ਾਂ ਦੀ ਕਤਾਰ ਵਿੱਚ ਖੜ੍ਹਾ ਹੁੰਦਾ। ਉਹਨਾਂ ਕਿਹਾ ਕਿ ਅਸੀਂ ਹੁਣ ਤੱਕ ਬੇਈਮਾਨ ਲੋਕਾਂ ਨੂੰ ਵੋਟਾਂ ਪਾ ਕੇ ਹੁਕਮਰਾਨ ਬਣਾਇਆ ਹੈ ਪਰ ਇਸ ਵਾਰ ਸਾਨੂੰ ਇਮਾਨਦਾਰ ਲੋਕਾਂ ਨੂੰ ਚੁਣ ਕੇ ਭੇਜਣਾ ਚਾਹੀਦਾ ਹੈ ਤਾਂ ਜੋ ਆਰਥਿਕ ਅਤੇ ਸਮਾਜਿਕ ਮਸਲਿਆਂ ਦਾ ਸਥਾਈ ਹੱਲ ਕੀਤਾ ਜਾ ਸਕੇ।
ਹੋਰਨਾਂ ਤੋਂ ਇਲਾਵਾ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸੀ, ਡਾ. ਸਰਬਜੀਤ ਸਿੰਘ ਖੇੜੀ, ਦਾਰਾ ਸਿੰਘ ਖਾਲਸਾ, ਡਾ. ਸੋਮਾ ਸਿੰਘ ਗੰਡੇਵਾਲ, ਜੀਵਨ ਸਿੰਘ ਚੋਪੜਾ, ਦਰਸ਼ਨ ਸਿੰਘ ਤਪਾ, ਬਾਬਾ ਰਾਜਵਰਿੰਦਰ ਸਿੰਘ, ਗੁਰਪ੍ਰੀਤ ਸਿੰਘ ਮੂਮ, ਗੁਰਬਾਜ ਸਿੰਘ, ਏਕਮ ਸਿੰਘ ਛੀਨੀਵਾਲ, ਜਥੇਦਾਰ ਹਰਬੰਸ ਸਿੰਘ ਛੀਨੀਵਾਲ, ਅਮਰੀਕ ਸਿੰਘ ਬੀਹਲਾ, ਗੋਰਾ ਚੋਪੜਾ, ਸੁਰਜੀਤ ਸਿੰਘ ਬਰਨਾਲਾ ਅਤੇ ਗੁਰਬਾਜ ਸਿੰਘ ਆਦਿ ਆਗੂ ਵੀ ਹਾਜਰ ਸਨ। ਸਟੇਜ ਦਾ ਸੰਚਾਲਨ ਜਥੇਦਾਰ ਜਗਰੂਪ ਸਿੰਘ ਪੱਖੋ ਨੇ ਕੀਤਾ। ਮਿਸ਼ਨਰੀ ਕਲਾਕਾਰ ਕੌਰ ਦੀਪ ਨੇ ਮਿਸ਼ਨਰੀ ਗੀਤ ਪੇਸ਼ ਕੀਤੇ। ਜਰਨੈਲ ਸਿੰਘ ਬੀਹਲਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।