ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021-(ਗੁਰਸੇਵਕ ਸੋਹੀ)-
ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਲੱਗੇ ਧਰਨੇ ਦੇ ਅੱਜ 195 ਦਿਨ ਪੂਰੇ ਹੋ ਗਏ। ਹਾੜੀ ਦੀ ਫਸਲ ਦੀ ਕਟਾਈ ਜ਼ੋਰਾਂ 'ਤੇ ਹੈ, ਕਿਸਾਨ ਪੂਰੇ ਰੁਝੇ ਹੋਏ ਹਨ ਪਰ ਕਿਸਾਨ ਧਰਨਿਆਂ ਦਾ ਜੋਸ਼ ਰੱਤੀ ਭਰ ਵੀ ਮੱਠਾ ਨਹੀਂ ਪਿਆ। ਕਿਸਾਨਾਂ ਦੇ ਨਾਲ ਨਾਲ ਔਰਤਾਂ,ਮੁਲਾਜਮ, ਜਮੀਨ ਠੇਕੇ 'ਤੇ ਦੇਣ ਵਾਲੇ ਕਿਸਾਨ ਅਤੇ ਸਮਾਜ ਦੇ ਹੋਰ ਵਰਗ ਧਰਨੇ 'ਚ ਹਾਜਰੀ ਭਰ ਰਹੇ ਹਨ। ਅੰਦੋਲਨ ਜਾਰੀ ਰੱਖਣ ਲਈ ਧਰਨਾਕਾਰੀਆਂ ਦੇ ਇਰਾਦੇ ਦ੍ਰਿੜ ਹਨ ਅਤੇ ਕਟਾਈ ਸ਼ੀਜਨ ਦੇ ਖਤਮ ਹੁੰਦੇ ਹੀ ਅੰਦੋਲਨ ਦੇ ਰੂਪ ਵਧੇਰੇ ਤਿੱਖੇ ਕੀਤੇ ਜਾਣਗੇ। ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਉਜਾਗਰ ਸਿੰਘ ਬੀਹਲਾ, ਮੋਹਨ ਸਿੰਘ ਰੂੜੇਕੇ, ਸਰਪੰਚ ਗੁਰਚਰਨ ਸਿੰਘ ਸੁਰਜੀਤਪੁਰਾ, ਹਰਚਰਨ ਸਿੰਘ ਚੰਨਾ, ਬਾਬੂ ਸਿੰਘ ਖੁੱਡੀ ਕਲਾਂ, ਜੁਗਰਾਜ ਧੌਲਾ,ਗੁਰਨਾਮ ਸਿੰਘ ਠੀਕਰੀਵਾਲਾ, ਨਛੱਤਰ ਸਿੰਘ ਸਹੌਰ, ਮਨਜੀਤ ਰਾਜ, ਗੁਰਵਿੰਦਰ ਸਿੰਘ ਕਾਲੇਕੇ ਤੇ ਅਮਰਜੀਤ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੂੰ ਸ਼ਾਇਦ ਬਹੁਤ ਵੱਡਾ ਭੁਲੇਖਾ ਸੀ ਕਿ ਫਸਲ ਕਟਾਈ ਦਾ ਸ਼ੀਜਨ ਆਉਣ 'ਤੇ ਕਿਸਾਨ ਅੰਦੋਲਨ ਮੱਠਾ ਪੈ ਜਾਵੇਗਾ ਅਤੇ ਕਿਸਾਨ ਥੱਕ ਹਾਰ ਕੇ ਘਰ ਵਾਪਸ ਚਲੇ ਜਾਣਗੇ। ਪਰ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦਿਆਂ ਨੂੰ ਜੋ ਭਰਵਾਂ ਹੁੰਗਾਰਾ ਮਿਲਿਆ ਹੈ, ਉਸ ਤੋਂ ਸਰਕਾਰ ਨੂੰ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਕਿਸਾਨ ਆਪਣੀਆਂ ਮੰਗਾਂ ਪੂਰੀਆਂ ਕਰਵਾਏ ਬਗੈਰ ਘਰ ਵਾਪਸ ਨਹੀਂ ਜਾਣਗੇ। ਜੇਕਰ ਕਿਸਾਨ ਇੰਨੇ ਜਰੂਰੀ ਰੁਝੇਵਿਆਂ ਦੇ ਬਾਵਜੂਦ ਆਪਣੇ ਅੰਦੋਲਨ ਦੀ ਚਾਲ ਨੂੰ ਮੱਠੀ ਨਹੀਂ ਹੋਣ ਦੇ ਰਹੇ ਤਾਂ ਉਨ੍ਹਾਂ ਦੇ ਇਰਾਦਿਆਂ ਦੀ ਦ੍ਰਿੜਤਾ ਦਾ ਅਹਿਸਾਸ ਕੀਤਾ ਜਾ ਸਕਦਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜੇ ਕਿਸਾਨ ਦਿੱਲੀ ਧਰਨਿਆਂ 'ਚ ਗਏ ਹੋਏ ਹਨ, ਉਨ੍ਹਾਂ ਦੀ ਫਸਲ ਦੀ ਕਟਾਈ ਤੇ ਸੰਭਾਲ ਦੂਸਰੇ ਕਿਸਾਨ ਕਰਨਗੇ। ਕਿਸੇ ਕਿਸਾਨ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਵੱਡੇ ਵੱਡੇ ਦਮਗਜੇ ਮਾਰਨ ਦੇ ਬਾਵਜੂਦ ਸਰਕਾਰ ਫਸਲ ਖਰੀਦ ਦੇ ਪੁਖਤਾ ਇੰਤਜ਼ਾਮ ਨਹੀਂ ਕਰ ਸਕੀ। ਕਿਸਾਨ ਮੰਡੀਆਂ 'ਚ ਬਦਇੰਤਜਾਮੀ ਕਾਰਨ ਖੱਜਲ- ਖੁਆਰ ਹੋ ਰਹੇ ਹਨ। ਕਿਤੇ ਬਾਰਦਾਨਾ ਨਹੀਂ ਮਿਲ ਰਿਹਾ ਅਤੇ ਕਿਤੇ ਖਰੀਦੀ ਹੋਈ ਫਸਲ ਚੁੱਕੀ ਨਹੀਂ ਜਾ ਰਹੀ। ਪਰ ਕਿਸਾਨ ਇਨ੍ਹਾਂ ਮੁਸ਼ਕਲਾਂ ਤੋਂ ਘਬਰਾਉਣਗੇ ਨਹੀਂ। ਉਸ ਫਸਲ ਕੱਟਣਗੇ ਵੀ ,ਵੇਚਣਗੇ ਵੀ ਅਤੇ ਆਪਣਾ ਅੰਦੋਲਨ ਵੀ ਜਾਰੀ ਰੱਖਣਗੇ। ਸਾਡੇ ਹੌਸਲੇ ਬੁਲੰਦ ਹਨ ਅਤੇ ਆਪਣੀ ਮੰਜਿਲ ਸਰ ਕਰਕੇ ਹੀ ਵਾਪਸ ਮੁੜਾਂਗੇ।
ਅੱਜ ਜੁਗਰਾਜ ਸਿੰਘ ਠੁੱਲੀਵਾਲ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਵਾਰਾਂ ਨਾਲ ਪੰਡਾਲ 'ਚ ਜੋਸ਼ ਭਰਿਆ।