ਮਲੌਦ ,ਅਪ੍ਰੈਲ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਟਿੱਕਰੀ ਸਰਹੱਦ ’ਤੇ ਚੱਲ ਰਹੇ ਕਿਸਾਨ ਮਜ਼ਦੂਰ ਅੰਦੋਲਨ ’ਚ ਸਮੇਂ-ਸਮੇਂ ’ਤੇ ਹਿੱਸਾ ਲੈਣ ਵਾਲੇ ਬਲਾਕ ਮਲੌਦ ਅਧੀਨ ਪੈਂਦੇ ਪਿੰਡ ਧੌਲ ਖੁਰਦ ਦੇ ਨੌਜਵਾਨ ਕਿਸਾਨ ਲਖਵੀਰ ਸਿੰਘ ਲੱਖੀ (36 ਸਾਲ) ਪੁੱਤਰ ਜਸਪਾਲ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਆਗੂ ਸੁਦਾਗਰ ਸਿੰਘ ਘੁਢਾਣੀ, ਬਲਵੰਤ ਸਿੰਘ ਘੁਢਾਣੀ ਤੇ ਪਰਵੀਰ ਸਿੰਘ ਘਲੋਟੀ ਨੇ ਦੱਸਿਆ ਕਿ ਇਹ ਨੌਜਵਾਨ ਇੱਕ ਗਰੀਬ ਕਿਸਾਨ ਪਰਿਵਾਰ ਨਾਲ ਸਬੰਧਤ ਸੀ ਜੋ ਕਿ ਕਰਜ਼ੇ ਦੀ ਮਾਰ ਕਾਰਨ ਬੇਜ਼ਮੀਨਾਂ ਹੋ ਚੁੱਕਿਆ ਸੀ, ਜਿਸ ਦੀ ਟਿੱਕਰੀ ਸਰਹੱਦ ਦਿੱਲੀ ਵਿਖੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ ਪਰ ਦਿਲ ਦੇ ਦੌਰੇ ਦੇ ਲੱਛਣ ਪਾਏ ਗਏ ਹਨ।
ਇਹ ਘਟਨਾ ਵਾਪਰਨ ’ਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਖ਼ੂਨ ਦੀ ਪਿਆਸੀ ਹੋ ਚੁੱਕੀ ਹੈ ਕਿਉਂਕਿ ਪਹਿਲਾਂ ਵੀ 300 ਤੋਂ ਵੱਧ ਕਿਸਾਨ ਇਸ ਸੰਘਰਸ਼ ’ਚ ਸ਼ਹੀਦ ਹੋ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮ੍ਰਿਤਕ ਲਖਵੀਰ ਸਿੰਘ ਲੱਖੀ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਵੇ ਤੇ ਜਲਦ ਤੋਂ ਜਲਦ ਕਾਲੇ ਕਾਨੂੰਨ ਵਾਪਸ ਲਏ ਜਾਣ।