*ਲੋਕ ਸਭਾ ਚੋਣਾਂ ਦੌਰਾਨ ਆਪ ਦੇ ਉਮੀਦਵਾਰਾਂ ਦਾ ਕੀਤਾ ਜਾਵੇਗਾ ਵਿਰੋਧ
ਹੁਸ਼ਿਆਰਪੁਰ, 17 ਮਾਰਚ ( ਬਿਊਰੋ ) ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਹੀਰ ਅਤੇ ਜਨਰਲ ਸਕੱਤਰ ਰਾਜਨ ਸ਼ਰਮਾ ਨੇ ਇੱਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਕਿ ਪੰਜਾਬ ਜਲ-ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਅਧੀਨ ਕੰਮ ਕਰਦੇ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਨੂੰ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਫਰਵਰੀ ਮਹੀਨੇ ਦੀ ਤਨਖਾਹ ਅਜੇ ਤੱਕ ਨਹੀਂ ਮਿਲੀ ਹੈ ਜਿਸ ਕਾਰਣ ਮੁਲਾਜ਼ਮਾਂ ਅੰਦਰ ਭਾਰੀ ਰੋਸ ਹੈ। ਆਗੂਆਂ ਨੇ ਕਿਹਾ ਕਿ ਉਕਤ ਮੁਲਾਜ਼ਮ ਤਨਖਾਹਾਂ ਨਾ ਮਿਲਣ ਕਾਰਣ ਪੰਜਾਬ ਸਰਕਾਰ ਅਤੇ ਵਿਭਾਗ ਤੋਂ ਪ੍ਰੇਸ਼ਾਨ ਚੱਲ ਰਹੇ ਹਨ ਅਤੇ ਸਿਰਫ ਤਨਖਾਹ ਤੇ ਹੀ ਨਿਰਭਰ ਇਹਨਾਂ ਮੁਲਾਜ਼ਮਾਂ ਦੇ ਘਰਾਂ ਦਾ ਗੁਜ਼ਾਰਾ ਮੁਸ਼ਕਿਲ ਹੋ ਗਿਆ ਹੈ ਅਤੇ ਮੁਲਾਜ਼ਮ ਅਤੇ ਉਹਨਾਂ ਦੇ ਪਰਿਵਾਰ ਆਰਥਿਕ ਤੰਗੀ ‘ਚੋਂ ਗੁਜ਼ਰ ਰਹੇ ਹਨ। ਆਗੂਆਂ ਨੇ ਆਖਿਆ ਕਿ ਸੂਬਾ ਸਰਕਾਰ ਵਲੋ ਉਕਤ ਮੁਲਾਜ਼ਮਾਂ ਦੀਆਂ ਰਹਿੰਦੀਆਂ ਤਮਾਮ ਮੰਗਾਂ ਨੂੰ ਵੀ ਜਲਦ ਹੱਲ ਕੀਤਾ ਜਾਵੇ। ਇਸਦੇ ਨਾਲ ਹੀ ਮੰਗ ਕੀਤੀ ਗਈ ਕਿ ਉਕਤ ਮੁਲਾਜ਼ਮਾਂ ‘ਚ ਪਨਪ ਰਹੇ ਰੋਹ ਨੂੰ ਦੇਖਦਿਆਂ ਪੰਜਾਬ ਸਰਕਾਰ ਇਹਨਾਂ ਮੁਲਾਜ਼ਮਾਂ ਦੀ ਹਰ ਮਹੀਨੇ ਤਨਖਾਹ ਦੀ ਪਹਿਲੀ ਤਰੀਕ ਤੱਕ ਅਦਾਇਗੀ ਨੂੰ ਯਕੀਨੀ ਬਣਾਇਆ ਜਾਵੇ।ਆਗੂਆਂ ਵਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਮੰਗਾਂ ਨੂੰ ਤੁਰੰਤ ਹੱਲ ਨਾ ਕੀਤਾ ਗਿਆ ਲੋਕ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ।