You are here

ਵੈਟਨਰੀ ਯੂਨੀਵਰਸਿਟੀ ਵਿਖੇ ਸ਼ੁਰੂ ਹੋਈ 47ਵੀਂ ਉਪ-ਕੁਲਪਤੀ ਕਨਵੈਨਸ਼ਨ

ਲੁਧਿਆਣਾ, 17 ਮਾਰਚ (ਟੀ. ਕੇ.) 
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ 47ਵੀਂ ਉਪ-ਕੁਲਪਤੀ ਕਨਵੈਨਸ਼ਨ ‘ਭੋਜਨ ਤੇ ਪੌਸ਼ਟਿਕ ਸੁਰੱਖਿਆ ਅਤੇ ਕਿਸਾਨ ਭਲਾਈ : ਭਾਰਤ 2047 ਦੀ ਦ੍ਰਿਸ਼ਟੀ ਅਤੇ ਉਸਤੋਂ ਅੱਗੇ ਤੱਕ’ ਵਿਸ਼ੇ ’ਤੇ  17 ਮਾਰਚ ਨੂੰ ਆਰੰਭ ਹੋਈ। ਉਦਘਾਟਨੀ ਸਮਾਰੋਹ ਦੀ ਸੋਭਾ ਪਦਮ ਭੂਸ਼ਣ ਡਾ. ਆਰ ਐਸ ਪਰੋਡਾ, ਚੇਅਰਮੈਨ, ਟਰੱਸਟ ਫਾਰ ਅਡਵਾਂਸਮੈਂਟ ਆਫ ਐਗਰੀਕਲਚਰਲ ਸਾਇੰਸਜ਼, ਨਵੀਂ ਦਿੱਲੀ ਅਤੇ ਸਾਬਕਾ ਮਹਾਂਨਿਰਦੇਸ਼ਕ ਭਾਰਤੀ ਖੇਤੀ ਖੋਜ ਪਰਿਸ਼ਦ ਮੁੱਖ ਮਹਿਮਾਨ ਵਜੋਂ, ਪਦਮ ਸ਼੍ਰੀ ਡਾ. ਗੁਰਦੇਵ ਸਿੰਘ ਖੁਸ਼, ਚੌਲ ਇਨਕਲਾਬ ਦੇ ਪਿਤਾਮਾ ਅਤੇ ਵਿਸ਼ਵ ਭੋਜਨ ਇਨਾਮ ਦੇ ਜੇਤੂ ਵਿਸ਼ੇਸ਼ ਮਹਿਮਾਨ ਵਜੋਂ, ਡਾ. ਆਰ ਸੀ ਅਗਰਵਾਲ, ਉਪ-ਮਹਾਂਨਿਰਦੇਸ਼ਕ ਭਾਰਤੀ ਖੇਤੀ ਖੋਜ ਪਰਿਸ਼ਦ ਮਾਣਯੋਗ ਮਹਿਮਾਨ ਵਜੋਂ, ਡਾ. ਰਾਮੇਸ਼ਵਰ ਸਿੰਘ, ਪ੍ਰਧਾਨ, ਭਾਰਤੀ ਖੇਤੀਬਾੜੀ ਯੂਨੀਵਰਸਿਟੀ ਐਸੋਸੀਏਸ਼ਨ, ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਅਤੇ ਕਨਵੈਨਸ਼ਨ ਦੇ ਸਰਪ੍ਰਸਤ ਅਤੇ ਡਾ. ਦਿਨੇਸ਼ ਕੁਮਾਰ, ਕਾਰਜਕਾਰੀ ਸਕੱਤਰ, ਭਾਰਤੀ ਖੇਤੀਬਾੜੀ ਯੂਨੀਵਰਸਿਟੀ ਐਸੋਸੀਏਸ਼ਨ ਨੇ ਵਧਾਈ। 
    ਡਾ. ਇੰਦਰਜੀਤ ਸਿੰਘ ਨੇ ਸਾਰੀਆਂ ਮੁਹਤਬਰ ਸ਼ਖ਼ਸੀਅਤਾਂ, ਉਪ-ਕੁਲਪਤੀਆਂ ਅਤੇ ਵਿਭਿੰਨ ਖੇਤੀਬਾੜੀ ਯੂਨੀਵਰਸਿਟੀਆਂ ਦੇ ਨੁਮਾਇੰਦਾ ਅਧਿਕਾਰੀਆਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਕਿ ਇਹ ਮੰਚ ਖੇਤੀਬਾੜੀ ਅਤੇ ਪਸ਼ੂਧਨ ਕਿੱਤਿਆਂ ਨਾਲ ਸੰਬੰਧਤ ਸਾਡੀ ਦੇਸ਼ ਦੀ ਕਿਸਾਨੀ ਦੀ ਬਿਹਤਰੀ ਵਾਸਤੇ ਸਿਫਾਰਸ਼ਾਂ ਤਿਆਰ ਕਰਨ ਅਤੇ ਨੀਤੀਆਂ ਬਨਾਉਣ ਵਿਚ ਸਹਾਈ ਹੋਣ ਦੀ ਭੂਮਿਕਾ ਨਿਭਾਵੇਗਾ। ਡਾ. ਆਰ. ਐਸ. ਪਰੋਡਾ ਨੇ ਭਾਰਤ ਦੇ ਹਰੇ, ਚਿੱਟੇ, ਨੀਲੇ ਅਤੇ ਸਤਰੰਗੀ ਇਨਕਲਾਬ ਨਾਲ ਹੋਏ ਬਹਗੁਣੀ ਵਿਕਾਸ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕਿਸਾਨੀ ਦੀ ਸੁਰੱਖਿਆ ਵਾਸਤੇ ਸਾਨੂੰ ਕਿਸਾਨਾਂ ਲਈ ਸਿਹਤਮੰਦ ਭੂਮੀ, ਚੰਗਾ ਪਾਣੀ, ਖੇਤੀ ਵਸਤਾਂ ਦੀ ਸਮੇਂ ਸਿਰ ਪੂਰਤੀ, ਸੁਚੱਜਾ ਗਿਆਨ, ਚੁਸਤ ਪਸਾਰ ਸੇਵਾਵਾਂ, ਘੱਟ ਦਰ ’ਤੇ ਵਿਤੀ ਸਹੂਲਤ, ਵਧੀਆ ਮੰਡੀਕਾਰੀ ਅਤੇ ਸਮਾਜ ਵਿਚ ਕਿਸਾਨ ਦੀ ਇੱਜ਼ਤ ਬਨਾਉਣੀ ਬਹੁਤ ਜ਼ਰੂਰੀ ਹੈ। ਡਾ. ਗੁਰਦੇਵ ਸਿੰਘ ਖੁਸ਼ ਨੇ ਕਿਹਾ ਕਿ ਆਲਮੀ ਪੱਧਰ ਦੀਆਂ ਸੰਸਥਾਵਾਂ ਖੜੀਆਂ ਕਰਨ ਲਈ ਪੇਸ਼ੇਵਰ ਗੁਣਾਂ ਵਾਲੇ ਅਤੇ ਵਿਕਾਸਸ਼ੀਲ ਸੋਚ ਦੇ ਨਾਇਕ ਲੱਭਣੇ ਬਹੁਤ ਜ਼ਰੂਰੀ ਹਨ।
    ਡਾ. ਆਰ. ਸੀ. ਅਗਰਵਾਲ ਨੇ ਜਾਣਕਾਰੀ ਦਿੱਤੀ ਕਿ ਖੇਤੀਬਾੜੀ ਵਿਚ ਉੇਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਦੀ ਰੁਚੀ ਵਧੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਸ਼ੁਰੂ ਹੋ ਰਹੇ ਸਟਾਰਟਅੱਪ ਉਦਮਾਂ ਵਿਚ ਬਹੁਤੇ ਖੇਤੀਬਾੜੀ ਅਤੇ ਪਸ਼ੂ ਪਾਲਣ ਕਿੱਤਿਆਂ ਦੀ ਪਿੱਠਭੂਮੀ ਵਾਲੇ ਹਨ। ਉਨ੍ਹਾਂ ਖੇਤੀਬਾੜੀ ਸਿੱਖਿਆ ਵਿਚ ਡਿਜੀਟਲ ਉਪਰਾਲਿਆਂ ਦੀ ਲੋੜ ’ਤੇ ਜ਼ੋਰ ਦਿੱਤਾ। ਡਾ. ਰਾਮੇਸ਼ਵਰ ਸਿੰਘ ਨੇ ਭਾਰਤੀ ਖੇਤੀਬਾੜੀ ਯੂਨੀਵਰਸਿਟੀ ਐਸੋਸੀਏਸ਼ਨ ਦੀ ਭੂਮਿਕਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਸੰਗਠਨ ਵਿਭਿੰਨ ਖੇਤੀਬਾੜੀਆਂ ਯੂਨੀਵਰਸਿਟੀਆਂ ਅਤੇ ਅਜਿਹੀਆਂ ਹੋਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਸਾਂਝੇ ਹਿੱਤਾਂ ਤਹਿਤ ਸਹਿਯੋਗ ਅਧੀਨ ਲਿਆਉਣ ਲਈ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਅਤੇ ਪਸ਼ੂਧਨ ਖੇਤਰ ਵਿਚ ਬਹੁਤ ਚੁਣੌਤੀਆਂ ਹਨ ਜਿਵੇਂ ਮੌਸਮੀ ਤਬਦੀਲੀਆਂ, ਮੰਡੀਕਾਰੀ ਅੜਚਣਾਂ ਅਤੇ ਨੌਜਵਾਨਾਂ ਦਾ ਖੇਤੀ ਤੋਂ ਭੰਗ ਹੁੰਦਾ ਮੋਹ। ਇਸ ਮੌਕੇ ਵਿਭਿੰਨ ਯੂਨੀਵਰਸਿਟੀਆਂ ਦੇ ਪੰਜ ਖੋਜਾਰਥੀਆਂ ਨੂੰ ਸਰਵਉੱਤਮ ਖੋਜ ਪ੍ਰਬੰਧ ਦੇ ਸਨਮਾਨ ਨਾਲ ਵੀ ਨਿਵਾਜਿਆ ਗਿਆ।
    ਡਾ. ਸੰਜੀਵ ਕੁਮਾਰ ਉੱਪਲ, ਕਨਵੈਨਸ਼ਨ ਦੇ ਕਨਵੀਨਰ ਨੇ ਸਾਰੇ ਮਹਿਮਾਨਾਂ ਅਤੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ। ਡਾ. ਯਸ਼ਪਾਲ ਸਿੰਘ ਮਲਿਕ ਨੇ ਦੱਸਿਆ ਕਿ ਕਨਵੈਨਸ਼ਨ ਵਿਚ 30 ਤੋਂ ਵਧੇਰੇ ਉਪ-ਕੁਲਪਤੀਆਂ ਤੋਂ ਇਲਾਵਾ ਮੋਹਰੀ ਪੇਸ਼ੇਵਰਾਂ, ਅਗਾਂਹਵਧੂ ਕਿਸਾਨਾਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਡਾ. ਸਰਵਪ੍ਰੀਤ ਸਿੰਘ ਘੁੰਮਣ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਅੱਜ ਦੇ ਤਕਨੀਕੀ ਸੈਸ਼ਨਾਂ ਵਿਚ ‘ਮਨੁੱਖੀ ਸਾਧਨ ਅਤੇ ਆਧਾਰਭੂਤ ਢਾਂਚਾ’, ‘ਵਾਤਾਵਰਣ ਸਨੇਹੀ ਭੋਜਨ ਪ੍ਰਬੰਧ’ ਅਤੇ ‘ਕਿਸਾਨ- ਉਦਮੀ-ਸਾਇੰਸਦਾਨ ਵਿਚਾਰ ਵਟਾਂਦਰਾ’ ਵਿਸ਼ਿਆਂ ’ਤੇ ਚਰਚਾ ਹੋਈ। ਕਨਵੈਨਸ਼ਨ 18 ਅਤੇ 19 ਮਾਰਚ ਨੂੰ ਵੀ ਮਹੱਤਵਪੂਰਨ ਵਿਸ਼ਿਆਂ ’ਤੇ ਚਰਚਾ ਕਰੇਗੀ।