ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021( ਗੁਰਸੇਵਕ ਸਿੰਘ ਸੋਹੀ)-
ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁਰੜ ਦੇ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਬੰਦ ਕਰਨ ਦਾ ਵਿਰੋਧ ਕੀਤਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਸੁਖਵਿੰਦਰ ਕੌਰ ,ਵਾਈਸ ਪ੍ਰਿੰਸੀਪਲ ਪ੍ਰਦੀਪ ਸਿੰਘ ਅਤੇ ਸੁਪਰਵਾਈਜ਼ਰ ਕੁਲਦੀਪ ਸਿੰਘ ਸਕੂਲੀ ਬੱਚਿਆਂ ਦੇ ਮਾਪੇ ਅਵਤਾਰ ਸਿੰਘ ਸਿੱਧੂ, ਜਗਜੀਤ ਸਿੰਘ, ਬਹਾਦਰ ਸਿੰਘ, ਦਰਸ਼ਨ ਸਿੰਘ ਅਤੇ ਸ਼ੇਰ ਸਿੰਘ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ 2020 ਵਿਚ ਲਾਕਡਾਊਨ ਲਗਾ ਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਚੁੱਕੀ ਹੈ । ਅੱਜ ਸਰਕਾਰ ਫਿਰ ਤੋਂ ਅਜਿਹਾ ਲਾਕਡਾਊਨ ਕਰਕੇ ਸਮਾਜ ਦੇ ਵਾਧੇ ਵਿੱਚ ਬਹੁਤ ਵੱਡੀ ਰੁਕਾਵਟ ਪਾ ਰਹੀ ਹੈ ਕਿਉਂਕਿ ਆਉਣ ਵਾਲਾ ਸਮਾਂ ਵਧੀਆ ਸਮਾਜ ਸਾਡੇ ਬੱਚੇ ਹਨ। ਜੇਕਰ ਫਿਰ ਤੋਂ ਘਰਾਂ ਵਿੱਚ ਬੈਠ ਕੇ ਪੜ੍ਹਾਈ ਕਰਨਗੇ ਤਾਂ ਬੱਚਿਆਂ ਅਤੇ ਅਧਿਆਪਕਾਂ ਵਿੱਚ ਤਾਲਮੇਲ ਨਹੀਂ ਹੋ ਸਕੇਗਾ ।ਕਿਉਂਕਿ ਪਿਛਲੇ ਸਾਲ ਵੀ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ , ਕਿਉਂਕਿ ਜੋ ਪੜ੍ਹਾਈ ਬੱਚੇ ਸਕੂਲ ਵਿੱਚ ਰਹਿ ਕੇ ਅਧਿਆਪਕਾਂ ਦੀ ਨਿਗਰਾਨੀ ਹੇਠ ਕਰਦੇ ਹਨ। ਉਹ ਘਰ ਵਿੱਚ ਰਹਿ ਕੇ ਨਹੀਂ ਕਰ ਸਕਦੇ ।ਉਨ੍ਹਾਂ ਕਿਹਾ ਕਿ ਜਿਥੇ ਦੇਸ਼ ਦਾ ਭਵਿੱਖ ਬਨਣ ਵਾਲੇ ਬੱਚਿਆਂ ਦੇ ਸਕੂਲ ਬੰਦ ਕਰਕੇ ਸਰਕਾਰ ਲੋਕ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਹੀ, ਉਥੇ ਖੁੰਬਾਂ ਵਾਂਗ ਖੁੱਲ੍ਹੇ ਸਿਨੇਮਾ ਘਰ ,ਬਾਜ਼ਾਰ ,ਸ਼ਾਪਿੰਗ ਮਾਲ ,ਕਚਹਿਰੀਆਂ, ਬੈਂਕ, ਸਰਕਾਰੀ ਦਫਤਰ ਅਤੇ ਸ਼ਰਾਬ ਵਾਲੇ ਠੇਕੇ ਸ਼ਰੇਆਮ ਖੁੱਲ੍ਹੇ ਪਏ ਹਨ।ਉਨ੍ਹਾਂ ਕਿਹਾ ਕਿ ਸੂਬੇ ਵਿੱਚ ਰਾਜਨੀਤਕ ਪਾਰਟੀਆਂ ਵੱਲੋਂ ਵੱਡੇ ਵੱਡੇ ਇਕੱਠ ਅਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ ।ਇਸ ਤੋਂ ਇਲਾਵਾ ਵੱਡੇ ਟੂਰਨਾਮੈਂਟ ਅਤੇ ਧਾਰਮਿਕ ਸਮਾਗਮਾਂ ਵਿੱਚ ਵੀ ਲੋੜ ਤੋਂ ਵੱਧ ਇਕੱਠ ਕੀਤਾ ਜਾ ਰਿਹਾ ਹੈ। ਜਦ ਇਨ੍ਹਾਂ ਭੀੜਾਂ ਨਾਲ ਕੋਰੋਨਾ ਨਹੀ ਫੈਲਦਾ ਤਾਂ ਫਿਰ ਸਕੂਲ ਖੋਲ੍ਹਣ ਵਿੱਚ ਕਿਉਂ ਦਿੱਕਤ ਹੋ ਰਹੀ ਹੈ ?
ਜਦ ਕਿ ਸਾਰੇ ਸਕੂਲ ਸਰਕਾਰ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਦੇ ਹਨ ।ਅਖੀਰ ਵਿਚ ਉਨ੍ਹਾਂ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਤੋਂ ਮੰਗ ਕੀਤੀ ਹੈ ਕਿ ਅਪ੍ਰੈਲ 2021 ਕੋਰੋਨਾ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਕੂਲ ਖੋਲ੍ਹਣ ਨੂੰ ਪ੍ਰਵਾਨਗੀ ਦਿੱਤੀ ਜਾਵੇ।ਤਾਂ ਜੋ ਬੱਚਿਆਂ ਦੀ ਪੜ੍ਹਾਈ ਤੇ ਕੋਈ ਬੁਰਾ ਪ੍ਰਭਾਵ ਨਾ ਪੈ ਸਕੇ ।ਇਸ ਮੌਕੇ ਮੈਡਮ ਹਰਪ੍ਰੀਤ ਕੌਰ, ਮੈਡਮ ਦਲਜੀਤ ਕੌਰ, ਸਿੰਦਰਪਾਲ ਕੌਰ ਤੋਂ ਇਲਾਵਾ ਟੀਚਿੰਗ ਤੇ ਨੋਨ ਟੀਚਿੰਗ ਸਟਾਫ ਸਮੇਤ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜਰ ਸਨ।