You are here

ਗੈਂਗਸਟਰ ਸੁੱਖਾ ਲੰਮਾ ਗਰੁੱਪ ਦਾ ਸਾਥੀ ਅਸਲੇ ਸਮੇਤ ਕਾਬੂ

ਮੋਗਾ (ਜੱਜ ਮਸੀਤਾਂ) - ਗੈਂਗਸਟਰ ਸੁੱਖਾ ਲੰਮਾ ਗਰੁੱਪ ਦੇ ਇਕ ਸਾਥੀ ਨੂੰ 315 ਬੋਰ ਪਿਸਟਲ ਅਤੇ ਕਾਰਤੂਸ ਸਮੇਤ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੀ. ਆਈ. ਏ. ਸਟਾਫ਼ ਮੋਗਾ ਦੇ ਇੰਚਾਰਜ ਇੰਸਪੈਕਟਰ ਤਿਲ੍ਰੋਚਨ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਸੁਖਮੰਦਰ ਸਿੰਘ ਦੇ ਗੈਂਗਸਟਰ ਚਰਨਜੀਤ ਸਿੰਘ ਉਰਫ ਰਿੰਕੂ, ਅਰਸ਼ਦੀਪ ਸਿੰਘ ਉਰਫ ਅਰਸ, ਰਮਨਦੀਪ ਸਿੰਘ ਉਰਫ ਰਮਨ ਜੰਜ ਅਤੇ ਸੁੱਖਾ ਲੰਮਾ ਗਰੁੱਪ ਨਾਲ ਸਬੰਧ ਹਨ। ਉਨ੍ਹਾਂ ਨੇ ਸੁੱਖਾ ਲੰਮਾ ਨਾਂ ਦਾ ਗੈਂਗ ਬਣਾਇਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਮੋਗਾ, ਫਰੀਦਕੋਟ ਦੇ ਕਾਰੋਬਾਰੀ ਅਤੇ ਦੁਕਾਨਦਾਰਾਂ ਦੀ ਰੈਕੀ ਕਰ ਕੇ ਉਨ੍ਹਾਂ ਦੇ ਫੋਨ ਨੰਬਰ ਲੈ ਕੇ ਉਕਤ ਗੈਂਗਸਟਰਾਂ ਨੂੰ ਦਿੰਦਾ ਹੈ। ਗੈਂਗਸਟਰ ਵਿਦੇਸ਼ ਤੋਂ ਮੋਬਾਇਲ ਫੋਨ ਰਾਹੀਂ ਵੱਡੇ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰਦੇ ਹਨ। ਸੁਖਮੰਦਰ ਸਿੰਘ ਫਿਰੌਤੀ ਦਾ ਪੈਸਾ ਹਵਾਲੇ ਰਾਹੀਂ ਕੈਨੇਡਾ ਵਿਚ ਉਕਤ ਗੈਂਗਸਟਰਾਂ ਕੋਲ ਭੇਜਦਾ ਹੈ। ਉਹ ਗੈਂਗਸਟਰਾਂ ਵਲੋਂ ਦੱਸੇ ਗਏ ਵਿਅਕਤੀਆਂ ਕੋਲ ਨਾਜਾਇਜ਼ ਅਸਲਾ ਪਹੁੰਚਾਉਣ ਦਾ ਕੰਮ ਵੀ ਕਰਦਾ ਹੈ ਅਤੇ ਖੁਦ ਵੀ ਨਾਜਾਇਜ਼ ਅਸਲਾ ਆਪਣੇ ਕੋਲ ਰੱਖਦਾ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਉਹ ਤਲਵੰਡੀ ਭੰਗੇਰੀਆ ਪੁਲ ਦੇ ਹੇਠਾਂ ਖੜਾ ਹੈ, ਜਿਸ ’ਤੇ ਪੁਲਸ ਪਾਰਟੀ ਸਮੇਤ ਛਾਪੇਮਾਰੀ ਕਰ ਕੇ ਉਸ ਨੂੰ ਜਾ ਦਬੋਚਿਆ। ਉਸਦੇ ਕੋਲੋਂ ਇਕ 315 ਬੋਰ ਪਿਸਟਲ, ਇਕ ਕਾਰਤੂਸ ਦੇ ਇਲਾਵਾ ਇਕ ਆਈ ਫੋਨ ਬਰਾਮਦ ਕੀਤਾ ਗਿਆ। ਗੈਂਗਸਟਰ ਸੁੱਖਾ ਲੰਮਾ ਨਿਵਾਸੀ ਪਿੰਡ ਜੱਟਪੁਰਾ (ਲੁਧਿਆਣਾ), ਰਮਨਦੀਪ ਸਿੰਘ ਉਰਫ ਰਮਨ ਜੱਜ ਨਿਵਾਸੀ ਫਿਰੋਜ਼ਪੁਰ ਹਾਲ ਕੈਨੇਡਾ, ਅਰਸ਼ਦੀਪ ਸਿੰਘ ਉਰਫ ਅਰਸ਼ ਨਿਵਾਸੀ ਪਿੰਡ ਡਾਲਾ ਹਾਲ ਕੈਨੇਡਾ, ਚਰਨਜੀਤ ਸਿੰਘ ਉਰਫ ਰਿੰਕੂ ਨਿਵਾਸੀ ਪਿੰਡ ਬੀਹਲਾ ਹਾਲ ਕੈਨੇਡਾ ਅਤੇ ਸੁਖਮੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।