You are here

ਇੰਗਲੈਂਡ ਖ਼ਿਲਾਫ਼ ਅਭਿਆਸ ਮੈਚ ਦੌਰਾਨ ਵਾਰਨਰ ਤੇ ਸਮਿੱਥ ਦੀ ‘ਹੂਟਿੰਗ’

ਸਾਊਥੈਂਪਟਨ, ਮਈ  ਆਸਟਰੇਲਿਆਈ ਬੱਲੇਬਾਜ਼ ਡੇਵਿਡ ਵਾਰਨਰ ਅਤੇ ਸਟੀਵ ਸਮਿੱਥ ਦੀ ਅੱਜ ਇੰਗਲੈਂਡ ਖ਼ਿਲਾਫ਼ ਅਭਿਆਸ ਮੈਚ ਵਿੱਚ ਦਰਸ਼ਕਾਂ ਨੇ ਹੂਟਿੰਗ ਕੀਤੀ। ਦੱਖਣੀ ਅਫਰੀਕਾ ਵਿੱਚ ਟੈਸਟ ਮੈਚ ਦੌਰਾਨ ਗੇਂਦ ਨਾਲ ਛੇੜ-ਛਾੜ ਮਾਮਲੇ ਵਿੱਚ ਇੱਕ ਸਾਲ ਦੀ ਪਾਬੰਦੀ ਝੱਲਣ ਮਗਰੋਂ ਵਾਰਨਰ ਅਤੇ ਸਮਿੱਥ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕੌਮਾਂਤਰੀ ਪੱਧਰ ’ਤੇ ਵਾਪਸੀ ਕੀਤੀ। ਇਨ੍ਹਾਂ ਦੋਵਾਂ ’ਤੇ ਪਾਬੰਦੀ 29 ਮਾਰਚ ਨੂੰ ਖ਼ਤਮ ਹੋ ਗਈ ਸੀ।
ਆਸਟਰੇਲੀਆ ਨੇ ਟਾਸ ਹਾਰਨ ਮਗਰੋਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਜਦੋਂ ਸਲਾਮੀ ਬੱਲੇਬਾਜ਼ ਵਾਰਨਰ ਕਪਤਾਨ ਆਰੋਨ ਫਿੰਚ ਨਾਲ ਬੱਲੇਬਾਜ਼ੀ ਲਈ ਉਤਰਿਆ ਤਾਂ ਕੁੱਝ ਦਰਸ਼ਕਾਂ ਨੇ ਉਸ ਦੀ ਹੂਟਿੰਗ ਕੀਤੀ। ਇੱਕ ਦਰਸ਼ਕ ਨੇ ਕਿਹਾ, ‘‘ਵਾਰਨਰ, ਧੋਖੇਬਾਜ਼ ਚਲਾ ਜਾ।’’ ਵਾਰਨਰ ਜਦੋਂ 43 ਦੌੜਾਂ ’ਤੇ ਆਊਟ ਹੋ ਗਿਆ ਤਾਂ ਵੀ ਕੁੱਝ ਦਰਸ਼ਕ ਉਸ ਖ਼ਿਲਾਫ਼ ਬੋਲਦੇ ਨਜ਼ਰ ਆਏ। ਇਹ 17ਵਾਂ ਓਵਰ ਸੀ ਅਤੇ ਆਸਟਰੇਲੀਆ ਨੇ ਦੋ ਵਿਕਟਾਂ ’ਤੇ 82 ਦੌੜਾਂ ਬਣਾ ਲਈਆਂ ਸਨ। ਸਮਿੱਥ ਬੱਲੇਬਾਜ਼ੀ ਲਈ ਉਤਰਿਆ। ਬੀਬੀਸੀ ਅਨੁਸਾਰ ਸਮਿੱਥ ਦੇ ਕ੍ਰੀਜ਼ ’ਤੇ ਉਤਰਦਿਆਂ ਕੁੱਝ ਦਰਸ਼ਕ ਰੌਲਾ ਪਾ ਰਹੇ ਸਨ, ‘‘ਧੋਖੇਬਾਜ਼, ਧੋਖੇਬਾਜ਼।’’ ਜਦੋਂ ਸਮਿੱਥ ਆਪਣੇ ਨੀਮ ਸੈਂਕੜੇ ਦੇ ਨੇੜੇ ਪਹੁੰਚਿਆ ਤਾਂ ਹੂਟਿੰਗ ’ਤੇ ਤਾੜੀਆਂ ਦੀ ਆਵਾਜ਼ ਭਾਰੂ ਪੈ ਗਈ, ਫਿਰ ਵੀ ਮਜ਼ਾਕ ਦੇ ਸ਼ਬਦਾਂ ਨੂੰ ਸੁਣਿਆ ਜਾ ਸਕਦਾ ਸੀ।