You are here

ਨਗਰ ਕੌਂਸਲ ਜਗਰਾਉਂ ਦੇ ਬਜਟ 2022-23 ਦੇ ਸਬੰਧ ਵਿੱਚ ਸਪੈਸ਼ਲ ਮੀਟਿੰਗ ਹੋਈ

ਜਗਰਾਉਂ ਅਪ੍ਰੈਲ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਅੱਜ ਮਿਤੀ 07-04-2022 ਨੂੰ ਨਗਰ ਕੌਂਸਲ ਜਗਰਾਉਂ ਦੇ ਬਜਟ ਸਾਲ 2022-2023 ਸਬੰਧੀ ਇੱਕ ਸਪੈਸ਼ਲ ਮੀਟਿੰਗ ਟਾਊਨ ਹਾਲ, ਦਫਤਰ ਨਗਰ ਕੌਂਸਲ ਜਗਰਾਉਂ ਵਿਖੇ ਹੋਈ। ਮੀਟਿੰਗ ਵਿੱਚ ਪਿਛਲੀ ਆਮ ਮੀਟਿੰਗ ਮਿਤੀ 29-03-2022 ਦੀ ਕਾਰਵਾਈ ਦੀ ਸਰਵ ਸੰਮਤੀ ਨਾਲ ਪੁਸ਼ਟੀ ਕੀਤੀ ਗਈ। ਨਗਰ ਕੌਂਸਲ ਜਗਰਾਉਂ ਦਾ ਸਾਲ 2022-23 ਲਈ ਆਮਦਨ ਅਤੇ ਖਰਚ ਸਬੰਧੀ ਤਿਆਰ ਕੀਤਾ ਗਿਆ ਬਜਟ ਪੜ੍ਹਿਆ ਅਤੇ ਵਿਚਾਰਿਆ ਗਿਆ।ਇਸ ਤੋਂ ਇਲਾਵਾ ਸਾਲ 2021-22 ਦੌਰਾਨ ਵੱਖ-ਵੱਖ ਮਦਾਂ ਤਹਿਤ ਇਕੱਤਰ ਕੀਤੀ ਗਈ ਆਮਦਨ ਬਾਰੇ ਵਿਚਾਰ ਕੀਤਾ ਗਿਆ।
ਸਾਲ 2021-22 ਲਈ ਬਜਟ ਆਮਦਨ 1617-00 ਲੱਖ ਰੁਪਏ ਪ੍ਰਵਾਨਤ ਸੀ ਜੋ ਕਿ 100 ਪ੍ਰਤੀਸ਼ਤ ਹੋਣ ਦੀ ਸੰਭਾਵਨਾਂ ਹੈ। ਹੁਣ ਸਾਲ 2022-23 ਲਈ ਆਮਦਨ ਸਬੰਧੀ ਬਜਟ 2017-00 ਲੱਖ ਰੁਪਏ ਦਾ ਰੱਖਿਆ ਗਿਆ ਹੈ ਜਿਸ ਵਿੱਚ ਵੈਟ, ਜੀ ਐਸ ਟੀ ਸ਼ੇਅਰ ਤੋਂ 1200-00 ਲੱਖ ਰੁਪਏ, ਬਿਜਲੀ ਚੂੰਗੀ,ਮਿਉਂਸਪਲ ਕਰ ਤੋਂ 85-00 ਲੱਖ ਰੁਪਏ, ਪ੍ਰਾਪਰਟੀ ਟੈਕਸ ਲਈ 120-00 ਲੱਖ ਰੁਪਏ, ਹਾਊਸ ਟੈਕਸ ਦੇ ਬਕਾਏ ਵਿੱਚੋਂ 36-41 ਲੱਖ ਰੁਪਏ, ਵਾਟਰ ਸਪਲਾਈ ਅਤੇ ਸੀਵਰੇਜ਼ ਤੋਂ 80-00 ਲੱਖ ਰੁਪਏ, ਰੈਂਟ ਤੋਂ 40-00 ਲੱਖ ਰੁਪਏ, ਬਿਲਡਿੰਗ ਐਪਲੀਕੇਸ਼ਨ ਤੋਂ 100-00 ਲੱਖ ਰੁਪਏ ਅਤੇ ਹੋਰ ਸਾਧਨਾਂ ਤੋਂ 355-59 ਲੱਖ ਰੁਪਏ ਦੀ ਆਮਦਨ ਦਾ ਟੀਚਾ ਰੱਖਿਆ ਗਿਆ ਹੈ। ਇਥੇ ਦੱਸਣਯੋਗ ਹੈ ਕਿ ਪਿਛਲੇ ਸਾਲ 2021-22 ਦੀ ਵੱਖ-ਵੱਖ ਮਦਾਂ ਤਹਿਤ ਪ੍ਰਵਾਨਤ ਬਜਟ ਵਿੱਚੋਂ ਵੈਟ,ਜੀ ਐਸ ਟੀ ਤੋਂ 94 ਪ੍ਰਤੀਸ਼ਤ, ਬਿਜਲੀ ਚੂੰਗੀ,ਮਿਉਂਸਪਲ ਕਰ ਤੋਂ 83 ਪ੍ਰਤੀਸ਼ਤ, ਪ੍ਰਾਪਰਟੀ ਟੈਕਸ ,ਹਾਊਸ ਟੈਕਸ ਤੋਂ 99 ਪ੍ਰਤੀਸ਼ਤ, ਵਾਟਰ ਸਪਲਾਈ ਅਤੇ ਸੀਵਰੇਜ਼ ਤੋਂ 52 ਪ੍ਰਤੀਸ਼ਤ, ਰੈਂਟ ਤੋਂ 83 ਪ੍ਰਤੀਸ਼ਤ, ਬਿਲਡਿੰਗ ਐਪਲੀਕੇਸ਼ਨ ਤੋਂ 280 ਪ੍ਰਤੀਸ਼ਤ ਅਤੇ ਹੋਰ ਸਾਧਨਾਂ ਤੋਂ 144 ਪ੍ਰਤੀਸ਼ਤ ਆਮਦਨ ਹੋਣ ਦੀ ਸੰਭਾਵਨਾਂ ਹੈ।
ਇਸੇ ਤਰ੍ਹਾਂ ਸਾਲ 2022-23 ਵਿੱਚ ਹੋਣ ਵਾਲੇ ਖਰਚੇ ਲਈ 2017-00 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਬਜਟ ਖਰਚੇ ਨੂੰ 1 ਅਮਲਾ 2 ਅਚਨਚੇਤ ਅਤੇ 3 ਵਿਕਾਸ, ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਜਿਸ ਵਿੱਚ ਅਮਲੇ ਤੇ ਖਰਚੇ ਜਿਵੇਂ ਕਿ ਕਰਮਚਾਰੀਆਂ ਦੀਆਂ ਤਨਖਾਹਾਂ, ਰਿਟਾਇਰ ਕਰਮਚਾਰੀਆਂ ਦੇ ਡਿਊਜ਼ ਸਮੇਤ  ਡੀ ਏ-ਏ-ਸੀ-ਪੀ ਮੈਡੀਕਲ ਭੱਤਾ, ਐਲ ਟੀ ਸੀ ਅਤੇ 6ਵਾਂ ਪੇ ਸਕੇਲ, ਪੈਨਸ਼ਨ ਕੰਟਰੀਬਿਊਸ਼ਨ ਲਈ 1337-00 ਲੱਖ ਰੁਪਏ, ਅਚਨਚੇਤ ਖਰਚਿਆਂ ਲਈ 50-00 ਲੱਖ ਰੁਪਏ ਅਤੇ ਵਿਕਾਸ ਦੇ ਕੰਮਾਂ ਲਈ 630-00 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ।ਬਿਲਡਿੰਗ ਐਪਲੀਕੇਸ਼ਨ ਦੀ ਸਾਲ 2021-22 ਲਈ ਬਜਟ ਆਮਦਨ 280 ਪ੍ਰਤੀਸ਼ਤ ਹੋਣ ਤੇ ਹਾਊਸ ਵਲੋਂ ਦਫਤਰ ਦੇ ਸਬੰਧਤ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਗਈ। ਵਿਚਾਰ ਉਪਰੰਤ ਸਰਵ ਸੰਮਤੀ ਨਾਲ ਨਗਰ ਕੌਂਸਲ ਜਗਰਾਉਂ ਦਾ ਸਾਲ 2022-23 ਲਈ ਤਿਆਰ ਕੀਤਾ ਗਿਆ ਬਜਟ ਪ੍ਰਵਾਨ ਕੀਤਾ ਗਿਆ। ਇਸ ਤੋਂ ਇਲਾਵਾ ਅਧਿਕਾਰੀਆਂ ਵਲੋਂ ਦਫਤਰੀ ਕੰਮਕਾਜ ਨੂੰ ਹੋਰ ਵੀ ਵਧੀਆ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਕੁਝ ਸੁਝਾਅ ਪੇਸ਼ ਕੀਤੇ ਗਏ ਜਿਸ ਵਿੱਚ ਦਫਤਰ ਦੀ ਵੈਬਸਾਈਟ ਤਿਆਰ ਕਰਵਾਉਣ ਅਤੇ ਦਫਤਰ ਦੀ ਆਪਣੀ ਇੱਕ ਮੋਬਾਇਲ ਐਪ ਤਿਆਰ ਕਰਵਾਉਣ ਲਈ ਸੁਝਾਅ ਦਿੱਤਾ ਗਿਆ । ਇਸ ਤੇ ਪ੍ਰਧਾਨ ਜੀ ਵਲੋਂ ਅਧਿਕਾਰੀਆਂ ਨੂੰ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨ ਅਤੇ ਜਿਹਨਾਂ ਕੰਮਾਂ ਲਈ ਹਾਊਸ ਦੀ ਪ੍ਰਵਾਨਗੀ ਦੀ ਲੋੜ ਹੈ ਉਹਨਾਂ ਦੀ ਮੁਕੰਮਲ ਰਿਪੋਰਟਾਂ ਤਿਆਰ ਕਰਵਾ ਕੇ ਹਾਊਸ ਦੀ ਮੀਟਿੰਗ ਵਿੱਚ ਵਿਚਾਰ ਲਈ ਪੇਸ਼ ਕਰਨ ਲਈ ਲਈ ਹੁਕਮ ਕੀਤੇ ਗਏ।
ਕੰਵਰਪਾਲ ਸਿੰਘ, ਸ੍ਰੀਮਤੀ ਪਰਮਿੰਦਰ ਕੌਰ,  ਜਰਨੈਲ ਸਿੰਘ,  ਸਤੀਸ਼ ਕੁਮਾਰ ਆਦਿ ਕੌਂਸਲਰਾਂ ਵਲੋਂ ਹਾਲੇ ਤੱਕ ਵਿਕਾਸ ਦੇ ਕੰਮ ਸ਼ੁਰੂ ਨਾ ਹੋਣ ਬਾਰੇ ਕਿਹਾ ਗਿਆ।  ਰਵਿੰਦਰਪਾਲ ਸਿੰਘ ਕੌਂਸਲਰ ਵਲੋਂ ਕਿਹਾ ਗਿਆ ਕਿ ਵਿਕਾਸ ਦੇ ਕੰਮਾਂ ਦੇ ਲਗਾਏ ਗਏ ਟੈਂਡਰ ਹਾਲੇ ਤੱਕ ਨਹੀਂ ਖੋਲ੍ਹੇ ਗਏ ਹਨ ਇਹਨਾਂ ਨੂੰ ਜਲਦ ਤੋਂ ਜਲਦ ਖੁੱਲਵਾਇਆ ਜਾਵੇ। ਇਸ ਤੇ ਪ੍ਰਧਾਨ ਜੀ ਵਲੋਂ ਕਿਹਾ ਗਿਆ ਕਿ ਅੱਜ ਹੀ ਇਸ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਪ੍ਰਧਾਨ ਜੀ ਵਲੋਂ ਕਾਰਜ ਸਾਧਕ ਅਫਸਰ ਅਤੇ ਸਹਾਇਕ ਮਿਊਂਸਪਲ ਇੰਜੀਨੀਅਰ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ। ਸ੍ਰੀਮਤੀ ਅਨੀਤਾ ਸੱਭਰਵਾਲ ਜੀ ਵਲੋਂ ਉਹਨਾਂ ਦੇ ਵਾਰਡ ਵਿੱਚ ਖਰਾਬ ਪਈਆਂ ਪਾਣੀ ਦੀਆਂ ਮੋਟਰਾਂ ਤੁਰੰਤ ਬਦਲੀ ਕਰਵਾਉਣ ਲਈ ਕਿਹਾ ਹੈ ਜਿਸ ਤੇ ਪ੍ਰਧਾਨ ਜੀ ਵਲੋਂ ਸਹਾਇਕ ਮਿਊਂਸਪਲ ਇੰਜੀਨੀਅਰ ਨੂੰ ਮੀਟਿੰਗ ਉਪਰੰਤ ਮੌਕਾ ਦੇਖ ਕੇ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ।
ਮੀਟਿੰਗ ਵਿੱਚ ਉਕਤ ਮੈਂਬਰ ਸਾਹਿਬਾਨ ਤੋਂ ਇਲਾਵਾ  ਅਸ਼ੋਕ ਕੁਮਾਰ ਕਾਰਜ ਸਾਧਕ ਅਫਸਰ, ਸ੍ਰੀ ਸੱਤਿਆਜੀਤ ਏ ਐਮ ਈ ਸ੍ਰੀਮਤੀ ਨਿਸ਼ਾ ਲੇਖਾਕਾਰ,  ਚਰਨਜੀਤ ਸਿੰਘ ਬਿਲਡਿੰਗ ਇੰਸਪੈਕਟਰ,  ਜਗਜੀਤ ਸਿੰਘ, ਸ੍ਰੀਮਤੀ ਰਣਜੀਤ ਕੌਰ,  ਅਮਰਜੀਤ ਸਿੰਘ,  ਵਿਕਰਮ ਜੱਸੀ, ਸ੍ਰੀਮਤੀ ਸੁਖਦੇਵ ਕੌਰ,  ਹਿਮਾਂਸ਼ੂ ਮਲਿਕ,  ਅਮਨ ਕਪੂਰ, ਸ੍ਰੀਮਤੀ ਸੁਧਾ ਰਾਣੀ, ਸ੍ਰੀਮਤੀ ਦਰਸ਼ਨਾਂ ਦੇਵੀ, ਸ੍ਰੀਮਤੀ ਕਵਿਤਾ ਰਾਣੀ ਕੌਂਸਲਰ ਸਾਹਿਬਾਨ,  ਦਵਿੰਦਰ ਸਿੰਘ ਜੂਨੀਅਰ ਸਹਾਇਕ, ਹਰਦੀਪ ਢੋਲਣ, ਬੇਅੰਤ ਸਿੰਘ,  ਹਰ ਸਿੰਘ,  ਸੁਨੀਲ ਕੁਮਾਰ ਲੱਕੀ,  ਰਵੀ ਗਿੱਲ ਆਦਿ ਹਾਜ਼ਰ ਸਨ।