ਮੈਂ ਇਹ ਜਾਣਕਾਰੀ ਤੁਹਾਡੇ ਨਾਲ ਪਰਿਵਾਰ ਔਲਖ ਦਾ ਇੱਕ ਵ੍ਹੱਟਸਐਪ ਰਾਹੀਂ ਸ਼ੇਅਰ ਕੀਤਾ ਹੋਇਆ ਸੁਨੇਹਾ ਸਾਂਝਾ ਕਰ ਰਿਹਾ ਹਾਂ ਜਦੋਂ ਕਦੇ ਅਸੀਂ ਅਕਾਂਤ ਵਿੱਚ ਬਹਿ ਕੇ ਡੂੰਘੀ ਸੋਚ ਦੇ ਨਾਲ ਕਿਸੇ ਗੱਲ ਤੇ ਵਿਚਾਰ ਕਰੀਏ ਤਾਂ ਉਸ ਦੇ ਅਰਥ ਕੀ ਨਿਕਲਦੈ ਹਨ । ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਕਿੱਡਾ ਵੱਡਾ ਸੰਕਲਪ ਦਿੱਤਾ ਹੈ ਸਰਬੱਤ ਦੇ ਭਲੇ ਦੀ ਅਰਦਾਸ ਦਾ ਅਤੇ ਇਹ ਪਰਿਵਾਰ ਔਲਖ ਦਾ ਸੁਨੇਹਾ ਉਸ ਦੇ ਸਹੀ ਅਰਥ ਕਰਦਾ ਹੈ ਹੁਣ ਸਮਝਣਾ ਅਸੀਂ ਹੈ ਇਹ ਆਪਣੇ ਤੇ ਮੁਨੱਸਰ ਕਰਦਾ ਹੈ ।
ਅਮਨਜੀਤ ਸਿੰਘ ਖਹਿਰਾ
ਅਰਦਾਸ ਦਾ ਵਿਗਾਸ
ਮੈਂ ਓਦੋਂ ਦਿੱਲੀ ਦੇ ਵੱਡੇ ਹਸਪਤਾਲ ਵਿੱਚ ਡਾਕਟਰ ਸਾਂ । ਬੱਚਿਆਂ ਦੇ ਵਾਰਡ ਵਿਚ ਮੇਰੀ ਫੇਰੀ ਸੀ । ਇੱਕ ਬੱਚਾ ਗੰਗਾ ਰਾਮ ਉਥੇ ਦਾਖਲ ਹੋਇਆ ਹੋਇਆ ਸੀ ਜਿਸ ਦੇ ਦਿਲ ਵਿਚ ਕੁਥਾਵੇਂ ਇਕ ਮੋਰੀ ਸੀ । ਉਸ ਦਾ ਓਪਰੇਸ਼ਨ ਹੋਣਾ ਸੀ । ਉਸਦੀ ਮਾਤਾ ਉਸਦੇ ਕੋਲ ਬੈਠੀ ਹੋਈ ਸੀ । ਪਹਿਲਾਂ ਉਹ ਉਸਦੇ ਕੋਲ ਬੈਠੀ ਰੋਂਦੀ ਰਹਿੰਦੀ ਸੀ । ਦੋ ਦਿਨਾਂ ਤੋਂ ਉਹ ਬੱਚੇ ਦਾ ਹੱਥ ਪਕੜ ਕੇ ਤੇ ਅੱਖਾਂ ਮੀਟ ਕੇ ਬੈਠੀ ਰਹਿੰਦੀ ਸੀ । ਡਾਕਟਰਾਂ ਨੇ ਸੋਚਿਆ ਉਸਨੂੰ ਉਦਾਸੀ ਰੋਗ ਹੋ ਗਿਆ ਹੈ ਤੇ ਉਸਨੂੰ ਵੇਖਣ ਲਈ ਮੈਨੂੰ ਬੁਲਾਇਆ ਗਿਆ ਸੀ ।ਮੈਂ ਆਇਆ ਤੇ ਵੇਖਿਆ ਉਹ ਅੱਖਾਂ ਮੀਟੀ ਬਿਲਕੁਲ ਅਹਿੱਲ ਬੈਠੀ ਸੀ । ਬੱਚੇ ਦਾ ਹੱਥ ਉਸਨੇ ਆਪਣੇ ਹੱਥ ਵਿੱਚ ਲਿਆ ਹੋਇਆ ਸੀ । ਮੇਰੇ ਉਸ ਦੇ ਕੋਲ ਪਹੁੰਚਣ ਤੇ ਵੀ ਉਸਨੇ ਅੱਖ ਨਹੀਂ ਖੋਲੀ । ਉਸ ਵਾਰਡ ਦੇ ਡਾਕਟਰ ਨੇ ਮੈਨੂੰ ਉਸ ਬਾਰੇ ਉਸਦੇ ਕੋਲ ਖੜਿਆਂ ਹੀ ਉਸਦਾ ਹਾਲ ਦੱਸਿਆ ਸੀ, ਪਰ ਉਸਨੇ ਅੱਖ ਨਹੀਂ ਖੋਲੀ ।
ਮੈਂ “ਵਾਹਿਗੁਰੂ” ਆਖ ਕੇ ਉਸਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ, “ਬੱਚੀਏ, ਆਪਣੇ ਬੱਚੇ ਦੀ ਜਿੰਦਗੀ ਵਾਸਤੇ ਅਰਦਾਸ ਕਰ ਰਹੀ ਏਂ ? ਉਸਨੇ ਅੱਖਾਂ ਖੋਲੀਆਂ ਤੇ ਕਿਹਾ “ਪਹਿਲੇ ਦਿਨ ਮੈਂ ਇਹੋ ਅਰਦਾਸ ਕੀਤੀ ਸੀ ਪਰ ਅੱਜ ਨਹੀਂ ।” ਅੱਜ ਕੀ ਅਰਦਾਸ ਕਰ ਰਹੀ ਏਂ ? ਪਹਿਲੇ ਦਿਨ ਹੀ ਮੈਨੂੰ ਸਮਝ ਆ ਗਈ ਸੀ ਕਿ ਮੇਰੀ ਅਰਦਾਸ ਖੁਦਗਰਜੀ ਨਾਲ ਲਿਬੜੀ ਹੋਈ ਹੈ ਕਿਉਂਕਿ ਮੈਂ ਵੇਖਿਆ ਮੇਰੇ ਬੱਚੇ ਦੇ ਸੱਜੇ ਵੀ, ਖੱਬੇ ਵੀ ਹੋਰ ਬੱਚੇ ਪਏ ਹੋਏ ਹਨ, ਜਿਨ੍ਹਾਂ ਦਾ ਓਪਰੇਸ਼ਨ ਹੋਣਾ ਸੀ । ਸੋ ਮੇਰੀ ਹਿੰਮਤ ਨਹੀਂ ਪਈ ਕਿ ਮੈਂ ਕੇਵਲ ਆਪਣੇ ਬੱਚੇ ਦੀ ਸਿਹਤਯਾਬੀ ਲਈ ਅਰਦਾਸ ਕਰਾਂ । ਤਦ ਤੋਂ ਮੈਂ ਰੱਬ ਨੂੰ ਇਹ ਕਹਿਣ ਲੱਗੀ, ਸੱਚੇ ਪਾਤਸ਼ਾਹ, ਏਥੋਂ ਦੇ ਡਾਕਟਰਾਂ ਦੇ ਹੱਥ ਵਿਚ ਸ਼ਫਾ ਬਖਸ਼ੀਂ ਕਿ ਉਹ ਜਿਸ ਬੱਚੇ ਦਾ ਵੀ ਇਲਾਜ ਕਰਨ ਉਹ ਰਾਜੀ ਹੋ ਜਾਵੇ ।” ਪਰ ਇਸ ਅਰਦਾਸ ਵਿਚ ਵੀ ਮੈਨੂੰ ਸਵਾਰਥ ਨਜ਼ਰ ਆਉਣ ਲੱਗਾ । ਕੱਲ੍ਹ ਦੀ ਮੈਂ ਇਹ ਅਰਦਾਸ ਕਰ ਰਹੀ ਹਾਂ , “ਸੱਚੇ ਪਾਤਸ਼ਾਹ, ਸੰਸਾਰ ਦੇ ਸਭ ਡਾਕਟਰਾਂ ਦੇ ਹੱਥ ਵਿਚ ਸ਼ਫ਼ਾ ਬਖਸ਼ੀਂ ਤਾਂ ਜੁ ਕਿਸੇ ਮਾਂ ਦਾ ਕੋਈ ਵੀ ਰੋਗੀ ਬੱਚਾ ਤੇਰੀ ਰਹਿਮਤ ਤੋਂ ਵਾਂਝਾ ਨਾ ਰਹੇ ।”
ਮੈਂ ਉਸਦੇ ਸਿਰ ਤੇ ਹੱਥ ਰੱਖਦਿਆਂ ਕਿਹਾ, “ਬੱਚੀਏ, ਤੂੰ ਅੱਜ ਮੈਨੂੰ ਵੀ ਸਹੀ ਅਰਦਾਸ ਕਰਨੀਂ ਸਿਖਾ ਦਿੱਤੀ ਏ ।” ਉਸ ਦੀਆਂ ਅੱਖਾਂ ਫਿਰ ਤੋਂ ਮੁੰਦੀਆਂ ਗਈਆਂ ।