ਬਠਿੰਡਾ, ਜੂਨ 2019 ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਗਰੀਬ ਲੜਕੀ ਨਾਲ ਹੋਏ ਜਬਰ ਜਨਾਹ ਦੇ ਮਾਮਲੇ ’ਤੇ ਅੱਜ ਦੇਰ ਸ਼ਾਮ ਕਾਂਗਰਸ ਦੀ ‘ਬਠਿੰਡਾ ਹਕੂਮਤ’ ਨੂੰ ਘੇਰਿਆ। ਹਰਸਿਮਰਤ ਤੇ ਮਜੀਠੀਆ ਨੂੰ ਅੱਜ ਬਠਿੰਡਾ ’ਚ 60 ਦਿਨ ਪਹਿਲਾਂ ਹੋਏ ਗੈਂਗਰੇਪ ਤੋਂ ਪੀੜਤ ਲੜਕੀ ਆਪਣੇ ਨਾਨੇ ਸਮੇਤ ਮਿਲੀ। ਉਸ ਮਗਰੋਂ ਹੀ ਹਰਸਿਮਰਤ ਨੇ ਬਾਕੀ ਸਭ ਪ੍ਰੋਗਰਾਮ ਰੱਦ ਕਰਕੇ ਐਮਰਜੈਂਸੀ ਪ੍ਰੈਸ ਕਾਨਫਰੰਸ ਸੱਦੀ। ਕਰੀਬ ਅੱਠ ਵਜੇ ਭੈਣ ਭਰਾਵਾਂ ਨੇ ਮੀਡੀਆ ਅੱਗੇ ਪੀੜਤ ਲੜਕੀ ਤੇ ਉਸ ਦੇ ਪਰਿਵਾਰ ਨੂੰ ਪੇਸ਼ ਕੀਤਾ। ਦੱਸਣਯੋਗ ਹੈ ਕਿ ਬਠਿੰਡਾ ਦੇ ਕੋਤਵਾਲੀ ਥਾਣੇ ਵਿਚ ਗੈਂਗਰੇਪ ਦਾ 23 ਮਾਰਚ 2019 ਨੂੰ ਪੁਲੀਸ ਕੇਸ ਦਰਜ ਹੋਇਆ ਸੀ ਜਿਸ ਵਿਚ ਦਸ ਮੁਲਜ਼ਮ ਨਾਮਜ਼ਦ ਕੀਤੇ ਗਏ ਸਨ ਤੇ ਕੁਝ ਅਣਪਛਾਤੇ ਸਨ।
ਪੀੜਤਾਂ ਦੇ ਨਾਨੇ ਨੇ ਦੱਸਿਆ ਕਿ ਉਹ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਇਨਸਾਫ ਲੈਣ ਲਈ ਮਿਲੇ ਸਨ ਜਿਨ੍ਹਾਂ ਦੇ ਕਹਿਣ ’ਤੇ ਉਹ ਮਗਰੋਂ ਐੱਸ.ਐੱਸ.ਪੀ. ਨੂੰ ਮਿਲੇ ਸਨ। ਉਦੋਂ ਤਾਂ ਪੁਲੀਸ ਨੇ ਮੁਲਜ਼ਮ ਨੂੰ ਛੇ ਵਜੇ ਗ੍ਰਿਫਤਾਰ ਕਰ ਲਿਆ ਸੀ ਪ੍ਰੰਤੂ ਪੁਲੀਸ ਨੇ ਮੁਲਜ਼ਮ ਨੂੰ ਤਿੰਨ ਘੰਟੇ ਮਗਰੋਂ ਹੀ ਛੱਡ ਦਿੱਤਾ। ਉਨ੍ਹਾਂ ਇਲਜ਼ਾਮ ਲਾਇਆ ਕਿ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਰੁਣ ਵਧਾਵਣ ਨੇ ਸਿਆਸੀ ਤਾਕਤ ਵਰਤ ਕੇ ਮੁਲਜ਼ਮ ਨੂੰ ਹਿਰਾਸਤ ਵਿੱਚੋਂ ਛੁਡਵਾ ਦਿੱਤਾ। ਇਸ ਮੌਕੇ ਮਜੀਠੀਆ ਨੇ ਆਖਿਆ ਕਿ ਖਜ਼ਾਨਾ ਮੰਤਰੀ ਦੇ ਸਭ ਤੋਂ ਨੇੜੇ ਇਹ ਸ਼ਹਿਰੀ ਪ੍ਰਧਾਨ ਹੈ ਜੋ ਮੁਲਜ਼ਮਾਂ ਦੀ ਪਿੱਠ ’ਤੇ ਹੈ। ਉਨ੍ਹਾਂ ਆਖਿਆ ਕਿ ਬਠਿੰਡਾ ਦਾ ਐੱਸਐੱਸਪੀ ਕਠਪੁਤਲੀ ਬਣਿਆ ਹੋਇਆ ਹੈ।
ਮਜੀਠੀਆ ਨੇ ਕਿਹਾ ਕਿ ਪੁਲੀਸ ਦਾ ਸਿਆਸੀਕਰਨ ਹੋ ਚੁੱਕਾ ਹੈ ਅਤੇ ਪੰਜਾਬ ਵਿਚ ਨਿੱਤ ਜਬਰ ਜਨਾਹ ਦੇ ਕੇਸ ਹੋ ਰਹੇ ਹਨ। ਪੁਲੀਸ ਅਕਾਲੀ ਦਲ ਖ਼ਿਲਾਫ਼ ਬਦਲਾਖੋਰੀ ਤਹਿਤ ਕੰਮ ਕਰ ਰਹੀ ਹੈ ਅਤੇ ਪੰਜਾਬ ਵਿਚ ਅਮਨ ਕਾਨੂੰਨ ਖਤਰੇ ਵਿਚ ਹੈ। ਉਨ੍ਹਾਂ ਦੱਸਿਆ ਕਿ ਹੁਣ ਇਸ ਪੀੜਤ ਲੜਕੀ ਦਾ ਕੇਸ ਅਕਾਲੀ ਦਲ ਲੜੇਗਾ ਅਤੇ ਇਸ ਲੜਕੀ ਨੂੰ ਨਿਆਂ ਦਿਵਾਉਣ ਲਈ ਸੁਪਰੀਮ ਕੋਰਟ ਤੱਕ ਜਾਵਾਂਗੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇ ਪੰਜਾਬ ਵਿਚ ਲੋਕਾਂ ਨੂੰ ਇਨਸਾਫ ਨਾ ਮਿਲਿਆ ਤਾਂ ਜਲੰਧਰ ਵਰਗੇ ਹਾਦਸੇ ਹੋਣਗੇ। ਪੁਲੀਸ ਦੀ ਜ਼ਮੀਰ ਮਰ ਚੁੱਕੀ ਹੈ ਅਤੇ ਇਨਸਾਫ ਨਾ ਦੇਣ ਵਾਲੇ ਅਫਸਰਾਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ।
ਐੱਸ.ਐੱਸ.ਪੀ. ਬਠਿੰਡਾ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਇਸ ਮਾਮਲੇ ਵਿਚ ਦੋ ਮੁਲਜ਼ਮ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਜਦੋਂ ਕਿ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਬਣਾਈਆਂ ਹੋਈਆਂ ਹਨ। ਉਨ੍ਹਾਂ ਆਖਿਆ ਕਿ ਕਿਸੇ ਮੁਲਜ਼ਮ ਨੂੰ ਛੱਡਿਆ ਨਹੀਂ ਗਿਆ ਹੈ।