ਮਲੋਟ, ਜੂਨ 2019 ਇੱਥੇ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਦਾ ਸਸਤਾ ਇਲਾਜ ਕਰਨ ਦੀ ਬਜਾਏ ਕੁਝ ਡਾਕਟਰਾਂ ਵੱਲੋਂ ਆਪਣੇ ਘਰਾਂ ਵਿੱਚ ਬਣਾਏ ਕਲੀਨਕ ਜਾਂ ਨਿੱਜੀ ਹਸਪਤਾਲਾਂ ਵਿੱਚ ਲੋੜਵੰਦ ਮਰੀਜ਼ਾਂ ਦੇ ਮਹਿੰਗੇ ਇਲਾਜ ਦੇ ਜ਼ਰੀਏ ਆਰਥਿਕ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਸੁਖਪਾਲ ਸਿੰਘ ਬਰਾੜ ਅਨੁਸਾਰ ਐਮਰਜੈਂਸੀ ਕੇਸ ਤੋਂ ਇਲਾਵਾ ਕੋਈ ਵੀ ਸਰਕਾਰੀ ਡਾਕਟਰ ਆਪਣੇ ਨਿੱਜੀ ਹਸਪਤਾਲ ਵਿੱਚ ਮਰੀਜ਼ ਦੀ ਜਾਂਚ ਨਹੀਂ ਕਰ ਸਕਦਾ।
ਪਿੰਡ ਮਲੋਟ ਦੇ ਵਸਨੀਕ ਟਿੱਕਾ ਰਾਮ ਨੇ ਦੱਸਿਆ ਕਿ ਉਹ ਆਪਣੇ ਬੇਟੇ ਦੇ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਗਿਆ ਪਰ ਬੱਚਿਆਂ ਦੇ ਰੋਗਾਂ ਦੇ ਮਾਹਰ ਡਾਕਟਰ ਨਾ ਮਿਲਣ ਕਰਕੇ ਬੱਚੇ ਨੂੰ ਦਿਖਾਉਣ ਲਈ ਡਾਕਟਰ ਦੇ ਜੀਟੀ ਰੋਡ ‘ਤੇ ਸਥਿਤ ਨਿੱਜੀ ਹਸਪਤਾਲ ਵਿੱਚ ਗਿਆ, ਜਿਥੇ 150 ਰੁਪਏ ਦੀ ਪਰਚੀ ਕੱਟੀ ਗਈ ਅਤੇ ਮੌਕੇ ‘ਤੇ ਮੌਜੂਦ ਸਰਕਾਰੀ ਡਾਕਟਰ ਨੇ ਮਹਿੰਗੇ ਟੈਸਟ ਅਤੇ ਦਵਾਈਆਂ ਲਿਖ ਦਿੱਤੀਆਂ ਜਦਕਿ ਸਰਕਾਰੀ ਹਸਪਤਾਲ ਵਿੱਚ ਉਹੀ ਪਰਚੀ 10 ਰੁਪਏ ਦੀ ਬਣਨੀ ਸੀ, ਦਵਾਈਆਂ ਤੇ ਟੈਸਟ ਵੀ ਸਰਕਾਰੀ ਹਸਪਤਾਲ ਦੇ ਅੰਦਰੋਂ ਹੀ ਹੋ ਜਾਣੇ ਸਨ। ਇੱਕ ਹੋਰ ਵਿਅਕਤੀ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਘਰਾਂ ਵਿੱਚ ਮਰੀਜ਼ ਚੈੱਕ ਕਰਨ ਵਾਲੇ ਡਾਕਟਰ ਹੀ ਹਸਪਤਾਲ ਤੋਂ ਜ਼ਿਆਦਾ ਸਮਾਂ ਗਾਇਬ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਚਮੜੀ ਦੇ ਰੋਗਾਂ ਦਾ ਮਾਹਰ ਸਰਕਾਰੀ ਡਾਕਟਰ ਵੀ ਮਰੀਜ਼ਾਂ ਨੂੰ ਸ਼ਾਮ ਦੇ ਵਕਤ ਆਪਣੇ ਨਿੱਜੀ ਕਲੀਨਕ ਵਿੱਚ ਚੈੱਕ ਕਰਦਾ ਹੈ ਅਤੇ ਹੱਡੀਆਂ ਦਾ ਮਾਹਰ ਸਰਕਾਰੀ ਡਾਕਟਰ ਤਾਂ ਸਰਕਾਰੀ ਹਸਪਤਾਲ ਆਏ ਬਹੁਤੇ ਮਰੀਜ਼ਾਂ ਦਾ ਇਲਾਜ ਆਪਣੇ ਬਠਿੰਡਾ ਸਥਿਤ ਨਿੱਜੀ ਹਸਪਤਾਲ ਵਿੱਚ ਕਰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ਵਿੱਚ ਡਿਗਰੀ ਹੋਲਡਰ ਡਾਕਟਰਾਂ ਤੋਂ ਕੁਝ ਸਾਲ ਕੰਮ ਸਿੱਖ ਕੇ ਸੈਂਕੜੇ ਵਿਅਕਤੀ ਆਪਣੇ ਹਸਪਤਾਲ ਖੋਲ੍ਹੀ ਬੈਠੇ ਹਨ, ਜਿਨ੍ਹਾਂ ‘ਤੇ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।