ਨਿਊਯਾਰਕ,ਮਈ-ਅਮਰੀਕੀ ਜੱਜ ਨੇ ਓਰੇਗਨ ਦੇ ਗੋਰੇ ਨੌਜਵਾਨ ਨੂੰ ਇਕ ਸਿੱਖ ’ਤੇ ਹਮਲੇ ਦੇ ਜੁਰਮ ਵਿੱਚ ਸਜ਼ਾ ਵਜੋਂ ਸਿੱਖ ਧਰਮ ਦਾ ਅਧਿਐਨ ਕਰਨ ਤੇ ਇਸ ਬਾਰੇ ਇਕ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਅਮਰੀਕਾ ਵਿੱਚ ਸਿੱਖ ਨਾਗਰਿਕ ਅਧਿਕਾਰਾਂ ਬਾਰੇ ਸਭ ਤੋਂ ਵੱਡੇ ਸੰਗਠਨ ‘ਦਿ ਸਿੱਖ ਕੁਲੀਸ਼ਨ’ ਨੇ ਇਕ ਬਿਆਨ ਵਿੱਚ ਦੱਸਿਆ ਕਿ ਦੋਸ਼ੀ ਐਂਡਰਿਊ ਰਾਮਸੇ(25) ਨੇ 14 ਜਨਵਰੀ ਨੂੰ ਹਰਵਿੰਦਰ ਸਿੰਘ ਡੋਡ ਨੂੰ ਧਮਕਾਉਣ ਤੇ ਉਸ ’ਤੇ ਹਮਲਾ ਕਰਨ ਦਾ ਦੋਸ਼ ਕਬੂਲ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਧਮਕਾਉਣ ਦੇ ਦੋਸ਼ ਨੂੰ ਨਫ਼ਤਰੀ ਅਪਰਾਧ ਵਜੋਂ ਵੇਖਿਆ ਜਾਂਦਾ ਹੈ। ਗਵਾਹਾਂ ਅਨੁਸਾਰ ਡੋਡ ਨੇ ਬਿਨਾਂ ਪਛਾਣ ਪੱਤਰ ਵਿਖਾਇਆਂ ਰਾਮਸੇ ਨੂੰ ਸਿਗਰਟਾਂ ਵੇਚਣ ਤੋਂ ਨਾਂਹ ਕਰ ਦਿੱਤੀ ਸੀ। ਇਸ ਮਗਰੋਂ ਰਾਮਸੇ ਨੇ ਡੋਡ ਦੀ ਦਾੜ੍ਹੀ ਖਿੱਚੀ, ਉਹਦੇ ਘਸੁੰਨ ਮਾਰਿਆ ਤੇ ਜ਼ਮੀਨ ’ਤੇ ਸੁੱਟ ਲਿਆ। ਰਾਮਸੇ ਨੇ ਡੋਡ ’ਤੇ ਥੁੱਕਿਆ ਤੇ ਉਹਦੀ ਪੱਗੜੀ ਲਾਹ ਦਿੱਤੀ। ਮੌਕੇ ’ਤੇ ਮੌਜੂਦ ਲੋਕਾਂ ਨੇ ਪੁਲੀਸ ਦੇ ਆਉਣ ਤਕ ਰਾਮਸੇ ਨੂੰ ਫੜੀ ਰੱਖਿਆ। ਡੋਡ, ਭਾਰਤ ਤੋਂ ਅਮਰੀਕਾ ਆਇਆ ਹੈ ਤੇ ਇਥੇ ਉਸ ਦੀ ਆਪਣੀ ਦੁਕਾਨ ਹੈ। ਉਸ ਨੇ ਅਦਾਲਤ ਨੂੰ ਦਿੱਤੇ ਇਕ ਲਿਖਤ ਬਿਆਨ ਵਿੱਚ ਕਿਹਾ ਕਿ ਅਮਰੀਕਾ ਵਿੱਚ ਨਫ਼ਰਤੀ ਅਪਰਾਧ ਤੇਜ਼ੀ ਨਾਲ ਵਧ ਰਹੇ ਹਨ। ਐਫ਼ਬੀਆਈ ਦਾ ਵੀ ਕਹਿਣਾ ਹੈ ਕਿ ਓਰੇਗਨ ਵਿੱਚ 2016 ਦੇ ਮੁਕਾਬਲੇ 2017 ਵਿੱਚ ਨਫ਼ਰਤੀ ਅਪਰਾਧ 40 ਫੀਸਦ ਤਕ ਵਧੇ ਹਨ। ਡੋਡ ਨੇ ਕਿਹਾ, ‘ਉਸ ਨੇ ਮੈਨੂੰ ਇਨਸਾਨ ਨਹੀਂ ਸਮਝਿਆ। ਉਸ ਨੇ ਮੈਨੂੰ ਇਸ ਲਈ ਮਾਰਿਆ ਕਿ ਮੈਂ ਕਿਹੋ ਜਿਹਾ ਵਿਖਾਈ ਦਿੰਦਾ ਹਾਂ। ਮੇਰੀ ਪੱਗੜੀ ਤੇ ਦਾੜ੍ਹੀ ਲਈ ਮਾਰਿਆ- ਜੋ ਮੇਰੀ ਧਾਰਮਿਕ ਆਸਥਾ ਦੀਆਂ ਨਿਸ਼ਾਨੀਆਂ ਹਨ।’ ਪੁਲੀਸ ਨੇ ਕਿਹਾ ਕਿ ਰਾਮਸੇ ਨੇ ਡੋਡ ’ਤੇ ਜੁੱਤੀ ਵੀ ਸੁੱਟੀ ਤੇ ਉਹਦੀ ਪੱਗੜੀ ਖੋਹ ਲਈ।
‘ਦਿ ਸਟੇਟਸਮੈਨ ਜਰਨਲ’ ਨੇ ਆਪਣੀ ਇਕ ਰਿਪੋਰਟ ’ਚ ਕਿਹਾ ਕਿ ਮਾਰੀਆਨ ਕਾਊਂਟੀ ਦੇ ਜੱਜ ਲਿੰਡਸੇ ਪਾਟ੍ਰਿਡਜ਼ ਨੇ ਰਾਮਸੇ ਨੂੰ ਸਾਲੇਮ ਵਿੱਚ ਜੂਨ ’ਚ ਹੋਣ ਵਾਲੀ ਸਾਲਾਨਾ ਪਰੇਡ ਵਿੱਚ ਸ਼ਾਮਲ ਹੋਣ ਦੇ ਹੁਕਮ ਦਿੰਦਿਆਂ ਅਦਾਲਤ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਉਸ ਨੇ ਸਿੱਖ ਭਾਈਚਾਰੇ ਤੇ ਉਹਦੀ ਸੱਭਿਆਚਾਰ ਬਾਰੇ ਕੀ ਸਿੱਖਿਆ ਹੈ। ਅਖ਼ਬਾਰ ਨੇ ਕਿਹਾ ਕਿ ਜੱਜ ਨੇ ਰਾਮਸੇ ਨੂੰ ਤਿੰਨ ਸਾਲ ਦੀ ਨਿਗਰਾਨੀ ਤੇ 180 ਦਿਨ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਵਿੱਚ ਹੁਣ ਤਕ ਦੀ ਜੇਲ੍ਹ ਮਿਆਦ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਂਜ ਰਾਮਸੇ ਨੂੰ ਪਹਿਲਾਂ ਵੀ ਘਰੇਲੂ ਹਿੰਸਾ, ਚੋਰੀ ਤੇ ਨਸ਼ੀਲੇ ਪਦਾਰਥ ਰੱਖਣ ਦਾ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ।