You are here

ਹਿਰਾਸਤੀ ਮੌਤ: ਹਫ਼ਤੇ ਬਾਅਦ ਵੀ ਨਹੀਂ ਮਿਲੀ ਨੌਜਵਾਨ ਦੀ ਲਾਸ਼

ਫ਼ਰੀਦਕੋਟ, ਮਈ- ਸੀਆਈਏ ਸਟਾਫ ਫ਼ਰੀਦਕੋਟ ਦੀ ਹਿਰਾਸਤ ਵਿੱਚ 18 ਮਈ ਦੀ ਰਾਤ ਨੂੰ ਸ਼ੱਕੀ ਹਾਲਤ ਵਿੱਚ ਕਤਲ ਹੋਏ ਨੌਜਵਾਨ ਜਸਪਾਲ ਸਿੰਘ ਦੀ ਲਾਸ਼ ਇੱਕ ਹਫ਼ਤੇ ਬਾਅਦ ਵੀ ਰਾਜਸਥਾਨ ਫੀਡਰ ਵਿੱਚੋਂ ਨਹੀਂ ਮਿਲੀ। ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਮ੍ਰਿਤਕ ਨੌਜਵਾਨ ਦੀ ਲਾਸ਼ ਲੱਭਣ ਲਈ ਸੀਆਈਏ ਸਟਾਫ਼ ਦੇ ਦੋ ਮੁਲਾਜ਼ਮਾਂ ਨੂੰ ਰਿਮਾਂਡ ’ਤੇ ਲੈ ਚੁੱਕੀ ਹੈ। ਇਨ੍ਹਾਂ ਮੁਲਾਜ਼ਮਾਂ ਦੀ ਨਿਸ਼ਾਨਦੇਹੀ ’ਤੇ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲੀਸ ਨੇ ਜਸਪਾਲ ਸਿੰਘ ਕਤਲ ਕਾਂਡ ਨੂੰ ਖ਼ੁਦਕੁਸ਼ੀ ਸਾਬਤ ਕਰਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਪੁਲੀਸ ਦਾ ਦਾਅਵਾ ਹੈ ਕਿ ਸੀਆਈਏ ਸਟਾਫ਼ ਦੇ ਕੈਮਰੇ ਵਿੱਚੋਂ ਇੱਕ ਵੀਡੀਓ ਮਿਲੀ ਹੈ ਜਿਸ ਵਿੱਚ ਜਸਪਾਲ ਸਿੰਘ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਪੁਲੀਸ ਨੇ ਇਹ ਵੀਡੀਓ ਅਜੇ ਤੱਕ ਜਨਤਕ ਨਹੀਂ ਕੀਤੀ। ਉਧਰ ਲਾਸ਼ ਨਾ ਮਿਲਣ ਕਾਰਨ ਪੀੜਤ ਪਰਿਵਾਰ ਅਤੇ ਐਕਸ਼ਨ ਕਮੇਟੀ ਨੇ ਜ਼ਿਲ੍ਹਾ ਪੁਲੀਸ ਮੁਖੀ ਦਾ ਦਫ਼ਤਰ ਘੇਰਿਆ ਹੋਇਆ ਹੈ। 21 ਮਈ ਤੋਂ ਇੱਥੇ ਲਗਾਤਾਰ ਰੋਸ ਧਰਨਾ ਚੱਲ ਰਿਹਾ ਹੈ, ਜਿਸ ਵਿੱਚ ਪੰਜਾਬ ਭਰ ਤੋਂ ਲੋਕ ਸ਼ਾਮਲ ਹੋ ਰਹੇ ਹਨ। ਇਸ ਦੌਰਾਨ ਜਸਪਾਲ ਸਿੰਘ ਦੇ ਕਤਲ ਤੋਂ ਬਾਅਦ ਸੀਆਈਏ ਸਟਾਫ਼ ਦੇ ਇੰਚਾਰਜ ਨਰਿੰਦਰ ਸਿੰਘ ਵੱਲੋਂ ਕੀਤੀ ਗਈ ਖੁਦਕੁਸ਼ੀ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਮੈਡੀਕਲ ਬੋਰਡ ਵੱਲੋਂ ਕੀਤੇ ਗਏ ਪੋਸਟ ਮਾਰਟਮ ਤੋਂ ਪਤਾ ਲੱਗਾ ਹੈ ਕਿ ਨਰਿੰਦਰ ਸਿੰਘ ਦੀ ਵੱਖੀ ਵਿੱਚ ਗੋਲੀ ਵੱਜੀ ਸੀ। ਐਕਸ਼ਨ ਕਮੇਟੀ ਦੇ ਆਗੂ ਰਜਿੰਦਰ ਸਿੰਘ, ਬੂਟਾ ਸਿੰਘ, ਕਰਨ ਭੁੱਲਰ, ਸੁਖਵਿੰਦਰ ਸੁੱਖੀ, ਗੁਰਦਿਆਲ ਭੱਟੀ, ਕੇਸ਼ਵ ਅਜ਼ਾਦ ਅਤੇ ਲਵਪ੍ਰੀਤ ਸਿੰਘ ਫੇਰੋਕੇ ਨੇ ਕਿਹਾ ਕਿ ਘਟਨਾ ਸਮੇਂ ਇੰਸਪੈਕਟਰ ਨਰਿੰਦਰ ਸਿੰਘ ਕੋਲ ਆਪਣਾ ਸਰਕਾਰੀ ਰਿਵਾਲਵਰ ਮੌਜੂਦ ਸੀ। ਇਸ ਤੋਂ ਇਲਾਵਾ ਗੰਨਮੈਨ ਨੇ ਆਪਣਾ ਹਥਿਆਰ ਇੰਸਪੈਕਟਰ ਨੂੰ ਕਿਉਂ ਸੌਂਪਿਆ। ਇਹ ਸਾਰੇ ਵਿਵਾਦਤ ਸਵਾਲ ਹਨ ਜਿਨ੍ਹਾਂ ਦਾ ਪੁਲੀਸ ਕੋਈ ਜਵਾਬ ਨਹੀਂ ਦੇ ਰਹੀ। ਐਕਸ਼ਨ ਕਮੇਟੀ ਨੇ ਮੰਗ ਕੀਤੀ ਕਿ ਇਸ ਸਮੁੱਚੇ ਮਾਮਲੇ ਦੀ ਕਿਸੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਈ ਜਾਵੇ।
ਜ਼ਿਲ੍ਹਾ ਪੁਲੀਸ ਮੁਖੀ ਰਾਜ ਬਚਨ ਸਿੰਘ ਨੇ ਕਿਹਾ ਕਿ ਪੁਲੀਸ ਇਸ ਮਾਮਲੇ ਨੂੰ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀਆਂ ਵਿਸ਼ੇਸ਼ ਟੀਮਾਂ ਜਸਪਾਲ ਸਿੰਘ ਦੀ ਲਾਸ਼ ਲੱਭਣ ਲਈ ਫਰੀਦਕੋਟ ਤੋਂ ਲੈ ਕੇ ਰਾਜਸਥਾਨ ਤੱਕ ਰਾਜਸਥਾਨ ਫੀਡਰ ਦੀ ਜਾਂਚ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਹੱਲ ਲਈ ਫੋਰੈਂਸਿਕ ਮਾਹਿਰਾਂ ਦੀ ਵੀ ਮਦਦ ਲਈ ਜਾ ਰਹੀ ਹੈ। ਅੱਜ ਪੁਲੀਸ ਮੁਖੀ ਦਫ਼ਤਰ ਸਾਹਮਣੇ ਲੱਗੇ ਵਿਸ਼ਾਲ ਰੋਸ ਧਰਨੇ ਨੂੰ ਹਰਦੀਪ ਕੌਰ ਕੋਟਲਾ, ਗੁਰਪਾਲ ਸਿੰਘ ਨੰਗਲ, ਪਰਮਜੀਤ ਸਿੰਘ ਪੱਖੀ, ਸੁਖਜੀਤ ਸਿੰਘ, ਅਮਰੀਕ ਸਿੰਘ ਭਾਣਾ, ਕੁਲਦੀਪ ਕੁਮਾਰ ਸ਼ਰਮਾ ਆਦਿ ਨੇ ਸੰਬੋਧਨ ਕੀਤਾ 

ਇਨਸਾਫ਼ ਲਈ ਸੜਕਾਂ ਉੱਤੇ ਉਤਰੇ ਲੋਕ

ਜਗਰਾਉਂ : ਮਈ (ਮਨਜਿੰਦਰ ਗਿੱਲ) ਸੀਆਈਏ ਸਟਾਫ਼ ਫਰੀਦੋਕਟ ਦੀ ਹਿਰਾਸਤ ਦੌਰਾਨ ਕਥਿਤ ਕਤਲ ਹੋਏ ਨੌਜਵਾਨ ਜਸਪਾਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਜਗਰਾਉਂ ਹਲਕੇ ਦੀਆਂ ਲੋਕਪੱਖੀ ਜਥੇਬੰਦੀਆਂ ਦੇ ਲੋਕ ਸੜਕਾਂ ’ਤੇ ਉੱਤਰ ਆਏ ਹਨ। ਉਨ੍ਹਾਂ ਅੱਜ ਜਗਰਾਉਂ ਸ਼ਹਿਰ ਵਿੱਚ ਰੋਸ ਮਾਰਚ ਕੱਢ ਕੇ ਜਸਪਾਲ ਸਿੰਘ ਦੀ ਹੱਤਿਆ ਅਤੇ ਲਾਸ਼ ਖੁਰਦ-ਬੁਰਦ ਕਰਨ ਦੇ ਦੋਸ਼ੀ ਪੁਲੀਸ ਅਫਸਰਾਂ ਨੂੰ ਸਜ਼ਾ ਦਿਵਾਉਣ ਦੀ ਮੰਗ ਕੀਤੀ। ਰੋਸ ਮਾਰਚ ਵਿੱਚ ਭਾਰਤੀ ਕਿਰਤੀ ਕਿਸਾਨ ਯੂਨੀਅਨ ਉਗਰਾਹਾਂ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਟੈਕਨੀਕਲ ਸਰਵਿਸ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੈਨਸ਼ਨਰ ਐਸੋਸੀਏਸ਼ਨ, ਨੌਜਵਾਨ ਭਾਰਤ ਸਭਾ, ਟੀਚਰ ਯੂਨੀਅਨ ਅਤੇ ਬਹੁਗਿਣਤੀ ਪਿੰਡ ਵੱਡੀ ਗਿਣਤੀ ’ਚ ਸ਼ਾਮਲ ਹੋਏ। ਇਸ ਮੌਕੇ ਪੁਲੀਸ ਅਤੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਰੋਸ ਮਾਰਚ ਨੂੰ ਕਮਲਜੀਤ ਖੰਨਾ ਜਰਨਲ ਸਕੱਤਰ ਇਨਕਲਾਬੀ ਕੇਂਦਰ ਪੰਜਾਬ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਇਨਸਾਫ ਮਿਲਣ ਤਕ ਸੰਘਰਸ਼ ਜਾਰੀ ਰਹੇਗਾ।