You are here

ਵਿਹੜੇ ਵਾਲੇ-ਭਾਗ 2 ✍️ ਸਲੇਮਪੁਰੀ ਦੀ ਚੂੰਢੀ

ਕਿਸਾਨ ਅੰਦੋਲਨ ਵਿੱਚ ਵਿਹੜੇ ਵਾਲਿਆਂ ਵਲੋਂ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂ ਜੋ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ। ਪੰਜਾਬ ਵਿਚ ਕਿਸਾਨ ਦੀ ਪ੍ਰੀਭਾਸ਼ਾ ਉਸ ਵਿਅਕਤੀ ਤੋਂ ਨਹੀਂ ਲਈ ਜਾਂਦੀ, ਜਿਹੜਾ ਖੇਤੀ ਦਾ ਧੰਦਾ ਕਰਦਾ ਹੈ, ਇਥੇ ਸਿਰਫ 'ਜੱਟ' ਨੂੰ ਹੀ ਕਿਸਾਨ ਦਾ ਰੁਤਬਾ ਦੇ ਕੇ ਸਨਮਾਨ ਦਿੱਤਾ ਜਾਂਦਾ ਹੈ। ਜਿਸ ਜੱਟ ਕੋਲ ਜਮੀਨ ਨਹੀਂ ਹੈ, ਉਹ ਫਿਰ ਵੀ ਕਿਸਾਨ ਕਹਾਉੰਦਾ ਹੈ ਅਤੇ ਐਨ ਇਸ ਦੇ ਉਲਟ ਜੇ ਕਿਸੇ ਵਿਹੜੇ ਵਾਲੇ ਕੋਲ ਜਮੀਨ ਹੈ, ਉਹ ਵਾਹੀ ਦਾ ਧੰਦਾ ਕਰਦਾ ਹੈ, ਫਿਰ ਵੀ ਕਿਸਾਨ ਕਹਾਉਣ ਦਾ ਹੱਕਦਾਰ ਨਹੀਂ ਹੈ। ਆਮ ਤੌਰ 'ਤੇ ਜਿਹੜੇ ਪਰਿਵਾਰਾਂ ਕੋਲ ਜਮੀਨ ਹੈ, ਉਨ੍ਹਾਂ ਨੂੰ 'ਜਿਮੀਂਦਾਰ' ਕਿਹਾ ਜਾਂਦਾ ਹੈ, ਪਰ ਪੰਜਾਬ ਵਿਚ 'ਜਿਮੀਂਦਾਰ' ਸ਼ਬਦ ਵੀ 'ਜੱਟ' ਲਈ ਹੀ ਵਰਤਿਆ ਜਾਂਦਾ ਹੈ। ਕਿਸਾਨ ਅੰਦੋਲਨ ਵਿੱਚ 'ਵਿਹੜੇ ਵਾਲੇ', 'ਸੀਰੀ','ਕੰਮੀ-ਕੰਮੀਣ' ਤਨ, ਮਨ ਅਤੇ ਧਨ ਨਾਲ ਬਣਦਾ ਯੋਗਦਾਨ ਪਾ ਰਹੇ ਹਨ, ਹਾਲਾਂਕਿ ਕਿਸਾਨਾਂ ਦੇ ਮਨਾਂ ਵਿਚ ਵਿਹੜੇ ਵਾਲਿਆਂ ਪ੍ਰਤੀ ਹਮੇਸ਼ਾ ਘਿਰਣਾ ਹੀ ਉਪਜੀ ਹੈ। ਅੱਜ ਪੰਜਾਬ ਦੇ ਬਹੁਤੇ ਪਿੰਡਾਂ ਖਾਸ ਕਰਕੇ ਵੱਡੇ ਪਿੰਡਾਂ ਵਿੱਚ ਵਿਹੜੇ ਵਾਲਿਆਂ ਦੇ ਗੁਰਦੁਆਰੇ ਤਾਂ ਵੱਖਰੇ ਹੈ ਹੀ ਹਨ, ਸਗੋਂ  ਮੜ੍ਹੀਆਂ ਵੀ ਵੱਖਰੀਆਂ ਹਨ, ਜਾਣੀ ਕਿ ਮ੍ਰਿਤਕ 'ਵਿਹੜੇ ਵਾਲਿਆਂ' ਤੋਂ ਵੀ ਭਿੱਟ ਚੜ੍ਹਦੀ ਹੈ। ਕੰਮੀਆਂ ਨੂੰ ਵਿਹੜੇ ਵਾਲੇ ਕਿਉਂ ਕਿਹਾ ਜਾਂਦਾ ਹੈ, ਦੇ ਬਾਰੇ ਤਾਂ ਪਤਾ ਨਹੀਂ ਪਰ ਇਹ ਗੱਲ ਜਰੂਰ ਪਤਾ ਹੈ ਕਿ ਜਿਨ੍ਹਾਂ ਨੂੰ ਵਿਹੜੇ ਵਾਲੇ ਕਿਹਾ ਜਾਂਦਾ ਹੈ, ਦੇ ਨਿੱਕੇ ਨਿੱਕੇ ਘਰ ਹੁੰਦੇ ਹਨ, ਪਰ ਵਿਹੜਾ ਤਾਂ ਹੁੰਦਾ ਹੀ ਨਹੀਂ, ਜੇ ਹੁੰਦਾ ਹੈ ਤਾਂ ਸਿਰਫ ਦੋ ਮੰਜੀਆਂ ਡਾਹੁਣ ਤੋਂ ਵੱਧ ਨਹੀਂ ਹੁੰਦਾ, ਫਿਰ ਵੀ ਵਿਹੜੇ ਵਾਲੇ ਕਹਿ ਕੇ ਜਲੀਲ ਕੀਤਾ ਜਾਂਦਾ ਹੈ।

ਹੁਣ ਵੀ ਕਿਸਾਨ ਅੰਦੋਲਨ ਵਿੱਚ ਵਿਹੜੇ ਵਾਲਿਆਂ ਵਲੋਂ ਹਰ ਕੁਰਬਾਨੀ ਕੀਤੀ ਜਾ ਰਹੀ ਹੈ ਪਰ ਫਿਰ ਵੀ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦੇਣ ਸਮੇਂ ਹੱਥ ਪਿੱਛੇ ਖਿੱਚਿਆ ਜਾਂਦਾ ਹੈ। ਕੋਈ ਵੀ ਮੀਟਿੰਗ /ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਦਰੀਆਂ ਵਿਛਾਉਣਾ ਅਤੇ ਸਮਾਪਤੀ ਮੌਕੇ ਦਰੀਆਂ ਇਕੱਠੀਆਂ ਕਰਨਾ, ਜੂਠੇ ਭਾਂਡੇ ਇਕੱਠੇ ਕਰਨਾ ਅਤੇ ਸਾਫ ਕਰਨਾ ਵੀ ਵਿਹੜੇ ਵਾਲਿਆਂ ਦੇ  ਜਿੰਮੇੰ ਆਉਂਦਾ ਹੈ। ਵੱਡੇ-ਵਡੇਰੇ ਦੱਸਦੇ ਹਨ ਕਿ ਪਿੰਡਾਂ ਵਿੱਚ ਪਹਿਲਾਂ ਜਦੋਂ ਕਿਸਾਨ ਪੁੰਨ-ਦਾਨ ਲਈ ਜੱਗ ਕਰਦੇ ਸਨ ਤਾਂ ਉਨ੍ਹਾਂ ਵਿਚੋਂ ਬਹੁਤੇ ਕਿਸਾਨ ਚੌਲਾਂ ਦੇ ਵੱਖ ਵੱਖ ਕੜਾਹੇ ਤਿਆਰ ਕਰਵਾਉਂਦੇ ਸਨ। ਵਿਹੜੇ ਵਾਲਿਆਂ ਲਈ 'ਗੁੜ ਵਾਲੇ ਚੌਲਾਂ ਦਾ ਕੜਾਹਾ' ਤਿਆਰ ਕਰਵਾਇਆ ਜਾਂਦਾ ਸੀ ਜਦ ਦੂਜਿਆਂ ਲਈ ਖੰਡ ਵਾਲਾ ਜਰਦਾ ਦੇਸੀ ਘਿਓ ਪਾ ਕੇ ਅਤੇ ਨਾਲ ਰੋਟੀ ਵੀ ਪਰੋਸੀ ਜਾਂਦੀ ਸੀ। ਵਿਹੜੇ ਵਾਲਿਆਂ ਨੂੰ ਚੌਲ ਵੰਡਣ ਲਈ ਡੰਗਰਾਂ ਵਾਲਾ ਵਰਾਂਡਾ ਸਾਫ ਕਰਕੇ ਬਿਠਾਇਆ ਜਾਂਦਾ ਸੀ। ਖੈਰ ਹੁਣ ਕਿਸਾਨਾਂ ਵਿਚ ਕੁਝ ਬਦਲਾਅ ਜਰੂਰ ਆਇਆ ਹੈ, ਜਿਸ ਕਰਕੇ 'ਵਿਹੜੇ ਵਾਲਿਆਂ ' ਪ੍ਰਤੀ ਘ੍ਰਿਣਾ ਘਟ ਰਹੀ ਹੈ,। ਜਦੋਂ ਕਦੇ ਕਿਸੇ ਖੂਨ ਕਿਸਾਨ ਨੂੰ ਬਿਮਾਰੀ ਦੀ ਹਾਲਤ ਵਿਚ ਖੂਨ ਦੀ ਲੋੜ ਪੈਂਦੀ ਹੈ ਤਾਂ 'ਸੀਰੀ ' ਵੀ ਖੂਨਦਾਨ ਕਰਨ ਲਈ ਜਾਂਦਾ ਹੈ, ਹਾਲਾਂਕਿ ਕਿਸਾਨ ਦੀ ਸਿਹਤ ਦੇ ਮੁਕਾਬਲੇ 'ਉਹ' ਸਰੀਰਕ ਤੌਰ 'ਤੇ ਤਾਕਤਵਰ ਨਹੀਂ ਹੁੰਦਾ, ਪਰ ਖੂਨ ਦਾ ਰੰਗ ਇੱਕ ਸਮਾਨ ਹੁੰਦਾ ਹੈ। ਜਦੋਂ ਹਰ ਮਨੁੱਖ ਦੇ ਖੂਨ ਦਾ ਰੰਗ ਇੱਕ ਸਮਾਨ ਹੈ, ਫਿਰ ਇੱਕ ਦੂਜੇ ਪ੍ਰਤੀ ਘ੍ਰਿਣਾ ਕਿਉਂ? 

ਕਈ ਹੰਕਾਰੀ ਲੋਕ ਅਜੇ ਵੀ ਖੇਤੀ ਕਾਨੂੰਨਾਂ ਵਿਰੁੱਧ ਵਿੱਢੇ ਸੰਘਰਸ਼ ਨੂੰ ਕੇਵਲ 'ਕਿਸਾਨਾਂ ਦਾ ਸੰਘਰਸ਼' ਜਾਂ 'ਜੱਟਾਂ ਦਾ ਕੇਂਦਰ ਨਾਲ ਪੇਚਾ' ਕਹਿ ਕੇ ਅੰਦੋਲਨ ਨੂੰ  ਸੱਟ ਮਾਰ ਰਹੇ ਹਨ ਜਦਕਿ ਇਸ ਅੰਦੋਲਨ ਵਿੱਚ ਵਿਹੜੇ ਵਾਲਿਆਂ ਸਮੇਤ ਹਰ ਵਰਗ ਦੇ ਲੋਕਾਂ ਵਲੋਂ ਪੂਰੀ ਇਮਾਨਦਾਰੀ ਨਾਲ ਹਿੱਸਾ ਪਾਇਆ ਜਾ ਰਿਹਾ ਹੈ। ਇਸ ਲਈ ਖੇਤੀ ਕਾਨੂੰਨਾਂ ਵਿਰੁੱਧ ਵਿੱਢੇ ਅੰਦੋਲਨ ਨੂੰ 'ਕਿਰਤੀ-ਕਿਸਾਨ ਅੰਦੋਲਨ' ਕਹਿਣਾ ਉੱਚਿਤ ਹੈ, ਕਿਉਂਕਿ ਇਹ ਅੰਦੋਲਨ ਕਿਸੇ ਇਕ ਵਰਗ ਦਾ ਨਾ ਹੋ ਕੇ ਸਮੂਹਿਕ ਹੈ।

-ਸੁਖਦੇਵ ਸਲੇਮਪੁਰੀ

09780620233

21 ਫਰਵਰੀ, 2021.