You are here

ਗੀਤ ✍ ਬਲਜਿੰਦਰ ਬਾਲੀ ਰੇਤਗੜ੍ਹ

ਕਦਮ ਕਦਮ ਤੇ ਤਿਲਕਣ ਬਾਜ਼ੀ,

                ਹਰਕਤ,ਜੀਭ ਤੂੰ ਪੈਰ ਸੰਭਾਲ਼ 

ਹੈ ਤੂੰ ਪੁੱਤ ਗੁਰੂ ਦਸ਼ਮੇਸ਼ ਦਾ

                    ਤੇਰਾ ਗੁਰੂ ਏ ਸਾਹਿਬ ਕਮਾਲ਼

ਖਾਲਸਾ ਜੀ, ਤੇਰਾ ਗੁਰੂ ਏ ਸਾਹਿਬ ਕਮਾਲ਼....

 

ਕਹਿਣੀ ਕਰਨੀ ਇਕ ਹੋਵੇ ਤੇਰੀ

                    ਸੂਰਤ ਸਾਬਤ ਸਿਮਰਨ ਅੰਦਰ

ਰਹਿਣੀ, ਬਹਿਣੀ, ਸੰਗਤ ਗੁਰੂ ਦੀ

               ਨਾ ਝੂਠ ਕੋਈ ਭੇਖ਼ ਅਡੰਬਰ

ਨਿਸ਼ਾਨ ਗੁਰੂ ਨੇ ਆਪ ਝੂਲਾਊਣੇ

                ਤੇਰਾ ਹੋਣਾ ਨਹੀਂ ਵਿੰਗਾ ਵਾਲ.......

ਤੇਰਾ ਗੁਰੂ ਹੈ ਸਾਹਿਬ ਕਮਾਲ਼...ਖਾਲਸਾ....

 

ਲੈ ਹੁਕਮਨਾਮਾ ਵਿਚਾਰ ਗੁਰੂ ਦਾ, 

                ਭਰੀਂ ਹਰ ਹੁਕਮ ਵਿੱਚ ਪਰਵਾਜ਼

ਸਵਾ ਲੱਖ ਨਾਲ਼ ਸਾਹਿਬ ਲੜਾਦੇ

                ਚਿੜੀਓਂ ਕਰ ਨਜ਼ਰ ਬਣਾਦੇ ਬਾਜ਼

ਇਤਿਹਾਸ ਸੁਨਿਹਰੀ ਪੜ ਖਾਲਸਾ

                 ਤੁਰ ਨਿਡਰ ਸ਼ੇਰ ਜਿਹੀ ਫਿਰ ਚਾਲ

ਤੇਰਾ ਪਿਤਾ ਏ ਸਾਹਿਬ ਕਮਾਲ਼ ..ਖਾਲਸਾ........

 

ਕੇਸ ਕੰਘਾ ਤੇ ਕੜਾ ਕਛਿਹਰਾ

                  ਕਿਰਪਾ ਦੀ ਧਾਰ ਲਵੀਂ ਕਿਰਪਾਨ

ਫ਼ਤਹਿ ਗੁਰੂ ਦੀ,  ਬੋਲ ਜੈਕਾਰੇ

                 ਤਿਆਗ਼ ਮਾਇਆ ਕਪਟ ਅਭਿਮਾਨ

ਛਕ ਅੰਮ੍ਰਿਤ, ਸਜ ਸਿੰਘ ਗੁਰੂ ਦਾ

                   ਖੁਦ ਬਣ ਜਾਣੈ ਆ ਗੁਰ ਨੇ ਢਾਲ਼

ਤੇਰਾ ਗੁਰੂ ਏ ਸਾਹਿਬ ਕਮਾਲ਼.....

            

"ਬਾਲੀ" ਪਾਕਿ ਪਵਿੱਤਰ ਸੂਰੇ ਬਣਦੇ

               ਰੇਤਗੜ ਧਰ ਸੀਸ ਤਲੀ ਤੇ ਲੜਦੇ

ਹੋ ਨਿਮਾਣਾ ਫਿਰ ਕਰ ਅਰਦਾਸਾ

               ਫਿਰ ਦੇਖੀਂ ਰਣ ਵਿੱਚ ਆਹੂ ਝੜਦੇ

ਪੜ ਬਾਣੀ ਲਾ ਸੋਧਾ ਦੁਸ਼ਟ ਨੂੰ , 

                 ਸਿੰਘਾ ਤੂੰ ਬਣ ਮਜ਼ਲੂਮ ਦੀ ਢਾਲ

ਤੇਰਾ ਪਿਤਾ ਏ ਸਾਹਿਬ ਕਮਾਲ਼...ਖਾਲਸਾ...

ਤੇਰਾ ਗੁਰੂ ਏ ਸਾਹਿਬ ਕਮਾਲ਼......

      

          ਬਲਜਿੰਦਰ ਸਿੰਘ "ਬਾਲੀ ਰੇਤਗੜ"

            919465129168