ਹਠੂਰ,23,ਫਰਵਰੀ-(ਕੌਸ਼ਲ ਮੱਲ੍ਹਾ)-
ਪਿੰਡ ਰਸੂਲਪੁਰ(ਮੱਲ੍ਹਾ)ਦੇ ਨੌਜਵਾਨ ਦਾ ਦੁਬਈ ਵਿਖੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਲਾਪਤਾ ਹੋਏ ਨੌਜਵਾਨ ਦੀ ਮਾਤਾ ਅਮਰਜੀਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਮੇਰਾ ਪੁੱਤਰ ਦਰਸਨ ਸਿੰਘ (42)ਪਿਛਲੇ ਦਸ ਸਾਲਾ ਤੋ ਦੁਬਈ ਵਿਖੇ ਰੋਜੀ ਰੋਟੀ ਕਮਾਉਣ ਲਈ ਟਰੱਕ ਡਰਾਇਵਰ ਦੀ ਨੌਕਰੀ ਕਰਦਾ ਹੈ ਅਤੇ ਕੁਝ ਮਹੀਨੇ ਪਹਿਲਾ ਪਿੰਡ ਰਸੂਲਪੁਰ ਵਿਖੇ ਪਰਿਵਾਰ ਨੂੰ ਮਿਲਣ ਲਈ ਆਇਆ ਹੋਇਆ ਸੀ।ਉਨ੍ਹਾ ਦੱਸਿਆ ਕਿ ਦਰਸਨ ਸਿੰਘ 30 ਦਸੰਬਰ 2020 ਨੂੰ ਦੁਆਰਾ ਦੁਬਈ ਵਿਖੇ ਚਲਾ ਗਿਆ।ਉਨ੍ਹਾ ਦੱਸਿਆ ਕਿ ਮੇਰੇ ਪੁੱਤਰ ਦਾ 14 ਫਰਵਰੀ ਦਿਨ ਐਤਵਾਰ ਨੂੰ ਆਖਰੀ ਵਾਰ ਫੋਨ ਆਇਆ ਸੀ ਕਿ ਮੈ ਟਰੱਕ ਲੋਡ ਕਰ ਰਿਹਾ ਹਾਂ ਮੈ ਕੁਝ ਸਮੇਂ ਬਾਅਦ ਤੁਹਾਨੂੰ ਫੋਨ ਕਰਦਾ ਹਾਂ ਪਰ ਕੁਝ ਸਮੇਂ ਬਾਅਦ ਦਰਸਨ ਸਿੰਘ ਦੇ ਦੋਸਤ ਅਵਤਾਰ ਸਿੰਘ ਗੁਰਦਾਸਪੁਰ ਵਾਲੇ ਦਾ ਫੋਨ ਆਇਆ ਕਿ ਦਰਸਨ ਸਿੰਘ ਦੇ ਟਰੱਕ ਦਾ ਐਕਸੀਡੈਟ ਹੋ ਗਿਆ ਹੈ ਅਤੇ ਟਰੱਕ ਨੂੰ ਅੱਗ ਲੱਗ ਗਈ ਹੈ।ਅਸੀ ਦਰਸਨ ਸਿੰਘ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਹੈ ਅਤੇ ਜਦੋ ਦਰਸਨ ਸਿੰਘ ਠੀਕ ਜੋ ਜਾਵੇਗਾ ਤਾਂ ਪਰਿਵਾਰ ਨਾਲ ਫੋਨ ਤੇ ਗੱਲਬਾਤ ਕਰਵਾਈ ਜਾਵੇਗੀ ਪਰ ਦਸ ਦਿਨ ਬੀਤ ਜਾਣ ਦੇ ਬਾਅਦ ਵੀ ਦਰਸਨ ਸਿੰਘ ਦੀ ਕੋਈ ਖਬਰ ਅਤੇ ਫੋਨ ਨਹੀ ਆਇਆ।ਅਸੀ ਉਸ ਦਿਨ ਤੋ ਹੀ ਸਾਰਾ ਪਰਿਵਾਰ ਪ੍ਰੇਸਾਨ ਹਾਂ ਸਾਨੂੰ ਕੁਝ ਵੀ ਸਮਝ ਨਹੀ ਆ ਰਿਹਾ ਕਿ ਅਸੀ ਕੀ ਕਰੀਏ।ਉਨ੍ਹਾ ਦੱਸਿਆ ਕਿ ਦਰਸਨ ਸਿੰਘ ਦੇ ਦੋਸਤ ਨੇ ਸਾਡੇ ਫੋਨ ਤੇ ਟਰੱਕ ਨੂੰ ਅੱਗ ਲੱਗਣ ਦੀਆ ਵੱਖ-ਵੱਖ ਤਸਵੀਰਾ ਵੀ ਭੇਜੀਆ ਹਨ।ਇਸ ਮੌਕੇ ਪਿੰਡ ਦੇ ਸਰਪੰਚ ਗੁਰਸਿਮਰਨ ਸਿੰਘ ਗਿੱਲ ਅਤੇ ਸਮੂਹ ਗ੍ਰਾਮ ਪੰਚਾਇਤ ਰਸੂਲਪੁਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋ ਮੰਗ ਕੀਤੀ ਹੈ ਕਿ ਲਾਪਤਾ ਹੋਏ ਦਰਸਨ ਸਿੰਘ ਦੀ ਜਲਦੀ ਭਾਲ ਕੀਤੀ ਜਾਵੇ।ਉਨ੍ਹਾ ਦੱਸਿਆ ਕਿ ਅਸੀ ਪਰਿਵਾਰ ਨੂੰ ਨਾਲ ਲੈ ਕੇ ਜਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸਨਰ ਨੂੰ ਬੇਨਤੀ ਪੱਤਰ ਵੀ ਦੇ ਚੁੱਕੇ ਹਾਂ।ਇਸ ਮੌਕੇ ਉਨ੍ਹਾ ਨਾਲ ਕਿਸਾਨ ਆਗੂ ਗੁਰਚਰਨ ਸਿੰਘ,ਚਰਨਜੀਤ ਕੌਰ,ਗੁਰਸਿਮਰਨ ਕੌਰ,ਗੁਰਦੇਵ ਸਿੰਘ,ਭੁਪਿੰਦਰ ਸਿੰਘ,ਰਣਜੀਤ ਸਿੰਘ,ਭਿੰਦਰ ਸਿੰਘ,ਗੁਰਜੀਤ ਸਿੰਘ,ਗੁਰਮੇਲ ਸਿੰਘ,ਸੁਖਮੰਦਰ ਸਿੰਘ,ਦਲਜੀਤ ਸਿੰਘ,ਭਜਨ ਸਿੰਘ,ਜਗਜੀਤ ਸਿੰਘ,ਚਮਕੌਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਅੱਗ ਲੱਗਣ ਨਾਲ ਨੁਕਸਾਨਿਆ ਹੋਇਆਂ ਦਰਸਨ ਸਿੰਘ ਦਾ ਟਰੱਕ