ਇਕੱਠ ਦੀ ਗਿਣਤੀ ਦੋ ਲੱਖ ਤੋਂ ਵਧਾਉਣ ਦਾ ਟੀਚਾ
ਬਠਿੰਡਾ,13 ਫਰਵਰੀ 2021----ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)
ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 21 ਫਰਵਰੀ ਨੂੰ ਬਰਨਾਲਾ ਦੀ ਦਾਣਾ ਮੰਡੀ ਵਿੱਚ ‘‘ਮਜ਼ਦੂਰ-ਕਿਸਾਨ ਏਕਤਾ ਰੈਲੀ’’ ਕੀਤੀ ਜਾਵੇਗੀ। ਇਹ ਐਲਾਨ ਅੱਜ ਇਥੇ ਕੀਤੀ ਗਈ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸ਼੍ਰੀ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਸ਼੍ਰੀ ਲਛਮਣ ਸਿੰਘ ਸੇਵੇਵਾਲਾ ਵੱਲੋਂ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਰੈਲੀ ਨੂੰ ਉਕਤ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਸੰਬੋਧਨ ਕਰਨ ਲਈ ਸੱਦਾ ਪੱਤਰ ਭੇਜਿਆ ਗਿਆ ਹੈ। ਇਸ ਰੈਲੀ ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਹ ਇੱਕ ਪਾਸੇ ਸੰਘਰਸ਼ਸ਼ੀਲ ਕਿਸਾਨ ਮਜ਼ਦੂਰ ਜਨਤਾ ਦੀ ਇਕਜੁੱਟਤਾ ਨੂੰ ਹੋਰ ਉੱਚਾ ਲਿਜਾਣ ਲਈ ਮੀਲ ਪੱਥਰ ਬਣੇਗੀ,ਉਥੇ ਇਹ ਮੁਲਕ ਭਰ ਦੇ ਕਿਸਾਨੀ ਘੋਲ਼ ਵਿੱਚ ਖੇਤ-ਮਜ਼ਦੂਰ ਵਰਗ ਦੀ ਜਥੇਬੰਦਕ ਸ਼ਮੂਲੀਅਤ ਨੂੰ ਹਕੀਕੀ ਰੂਪ ਦੇ ਕੇ ਇਸ ਘੋਲ਼ ਦੇ ਘੇਰੇ ਦਾ ਪਸਾਰਾ ਕਰਨ ਦਾ ਸਾਧਨ ਬਣੇਗੀ। ਇਸ ਰੈਲੀ ਵਿੱਚ ਕਾਲੇ ਕਾਨੂੰਨਾਂ ਦੀ ਵਾਪਸੀ ਸਮੇਤ ਮੁੱਖ ਕਿਸਾਨੀ ਮੰਗਾਂ ਨੂੰ ਉਭਾਰਨ ਤੋਂ ਇਲਾਵਾ ਇਹਨਾਂ ਕਾਨੂੰਨਾਂ ਦੇ ਖੇਤ-ਮਜ਼ਦੂਰਾਂ ਅਤੇ ਬੇ-ਜ਼ਮੀਨੇ ਕਿਸਾਨਾਂ ’ਤੇ ਪੈਣ ਵਾਲੇ ਅਸਰਾਂ ਨੂੰ ਵਿਸ਼ੇਸ਼ ਤੌਰ ’ਤੇ ਉਭਾਰਿਆ ਜਾਵੇਗਾ। ਕਿਸਾਨ ਘੋਲ਼ ਦੇ ਮੁਲਕ-ਵਿਆਪੀ ਉਭਾਰ ਨੂੰ ਮਾਤ ਦੇਣ ਲਈ ਕੇਂਦਰ ਸਰਕਾਰ ਵੱਲੋਂ ਵਰਤੇ ਗਏ ਫਿਰਕੂ ਫਾਸ਼ੀ ਹੱਥਕੰਡਿਆਂ ਸਮੇਤ ਜਾਬਰ ਤੇ ਸਾਜਿਸ਼ੀ ਕਦਮਾਂ ਦਾ ਭਾਂਡਾ ਭੰਨਿਆ ਜਾਵੇਗਾ। ਭਾਜਪਾ ਹਕੂਮਤ ਦੇ ਫਿਰਕੂ ਕੌਮ-ਹੰਕਾਰ ਦੇ ਪੱਤੇ ਨੂੰ ਬੇਨਕਾਬ ਕੀਤਾ ਜਾਵੇਗਾ। ਨਕਲੀ ਦੇਸ਼ ਭਗਤੀ ਓਹਲੇ ਕਾਰਪੋਰੇਟ ਭਗਤੀ ਅਤੇ ਸਾਮਰਾਜ ਭਗਤੀ ਦੀ ਦੇਸ਼ ਧ੍ਰੋਹੀ ਖੇਡ ਦਾ ਪਰਦਾਫਾਸ਼ ਕੀਤਾ ਜਾਵੇਗਾ। ਮੌਜੂਦਾ ਘੋਲ਼ ਦੀਆਂ ਕਿਸਾਨੀ ਮੰਗਾਂ ਅਤੇ ਇਸ ਦੀ ਕਿਸਾਨ ਲੀਡਰਸ਼ਿੱਪ ਉੱਪਰ ਖਾਲਿਸਤਾਨੀ ਚੇਪੀ ਚਿਪਕਾਉਣ ਦੀਆਂ ਕੋਸ਼ਿਸ਼ਾਂ ਨੂੰ ਮਾਤ ਦੇਣ ਲਈ ਸੱਦਾ ਦਿੱਤਾ ਜਾਵੇਗਾ। ਕਿਸਾਨ ਘੋਲ਼ ਦੇ ਪਲੇਟਫਾਰਮ ਦਾ ਖਾਸਾ ਧਰਮ-ਨਿਰਲੇਪ ਅਤੇ ਪਾਰਟੀ ਰਹਿਤ ਬਣਾਈ ਰੱਖਣ ਦਾ ਹੋਕਾ ਹੋਰ ਉੱਚਾ ਕੀਤਾ ਜਾਵੇਗਾ। ਤਿੰਨੇ ਖੇਤੀ ਕਾਨੂੰਨਾਂ ’ਚ ਸੋਧਾਂ ਦੀ ਚਲਾਕੀ ਭਰੀ ਸਰਕਾਰੀ ਪੇਸ਼ਕਸ਼ ਦਾ ਥੋਥ ਨੰਗਾ ਕੀਤਾ ਜਾਵੇਗਾ ਅਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਵਾਜਬੀਅਤ ਉਭਾਰੀ ਜਾਵੇਗੀ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਨੇ ਦੱਸਿਆ ਕਿ ਉਹਨਾਂ ਦੇ ਦੋਵੇਂ ਸੰਗਠਨ ਮਜ਼ਦੂਰ ਕਿਸਾਨ ਏਕਤਾ ਰੈਲੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੁਲਕ ਵਿਆਪੀ ਮੁਹਿੰਮ ਦਾ ਪੰਜਾਬ ਅੰਦਰ ਸ਼ਕਤੀ ਪ੍ਰਦਰਸ਼ਨ ਬਣਾ ਦੇਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਉਹਨਾਂ ਦਾਅਵਾ ਕੀਤਾ ਕਿ ਇਸ ਏਕਤਾ ਰੈਲੀ ਵਿੱਚ 2 ਲੱਖ ਤੋਂ ਵੱਧ ਦੇ ਕੁੱਲ ਟੀਚੇ ਵਿੱਚੋਂ ਕਿਸਾਨ ਅਤੇ ਖੇਤ-ਮਜ਼ਦੂਰ ਔਰਤਾਂ ਦੀ ਗਿਣਤੀ ਦਾ ਟੀਚਾ 70-80 ਹਜ਼ਾਰ ਦਾ ਮਿਥਿਆ ਗਿਆ ਹੈ। ਜਦੋਂ ਕਿ ਨੌਜਵਾਨਾਂ ਸਮੇਤ ਕਿਸਾਨ ਤੇ ਖੇਤ-ਮਜ਼ਦੂਰ ਮਰਦਾਂ ਦੀ ਸ਼ਮੂਲੀਅਤ ਦਾ ਟੀਚਾ ਸਵਾ ਲੱਖ ਦਾ ਰੱਖਿਆ ਗਿਆ ਹੈ। ਉਹਨਾਂ ਵੱਲੋਂ ਪੰਜਾਬ ਦੇ ਸਮੂਹ ਸੰਘਰਸ਼ਸ਼ੀਲ ਅਤੇ ਜਾਗ੍ਰਤ ਕਿਰਤੀ/ ਬੁੱਧੀਜੀਵੀ ਵਰਗਾਂ ਨੂੰ ਅਤੇ ਕੁੱਲ ਜਾਗਦੀਆਂ ਜ਼ਮੀਰਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਸੰਕਟ ਮੂੰਹ ਆਈ ਕਿਸਾਨੀ ਦੀ ਸੱਜੀ ਬਾਂਹ ਬਣਕੇ ਅੱਗੇ ਆਉਣ। ਕੇਂਦਰੀ ਹਾਕਮਾਂ ਦੇ ਫਿਰਕੂ ਅਤੇ ਫਾਸ਼ੀ ਵਾਰਾਂ ਦਾ ਮੂੰਹ ਤੋੜ ਜੁਆਬ ਦੇਣ ਲਈ ਇਸ ਦਿਨ ਨੂੰ ਸਮੂਹ ਵਰਗਾਂ ਦੀ ਏਕਤਾ ਦਾ ਤਿਉਹਾਰ ਬਣਾ ਦੇਣ। ਰੈਲੀ ’ਚ ਸ਼ਮੂਲੀਅਤ ਦੇ ਦੋ ਲੱਖ ਦੇ ਟੀਚੇ ਨੂੰ ਹੋਰ ਉੱਚਾ ਲਿਜਾਣ ਵਿੱਚ ਆਪੋ-ਆਪਣਾ ਯੋਗਦਾਨ ਪਾਉਣ।
ਕਿਸਾਨ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਦੀਆਂ 1600 ਦੇ ਕਰੀਬ ਪਿੰਡ ਇਕਾਈਆਂ ਵਿੱਚ ਘਰ-ਘਰ ਤੱਕ ਪਹੁੰਚ ਕਰਨ ਅਤੇ ਸਿੱਖਿਆ ਮੁਹਿੰਮ ਲਿਜਾਣ ਦੇ ਟੀਚੇ ਤਹਿਤ 5 ਲੱਖ ਦੀ ਗਿਣਤੀ ਵਿੱਚ ਦੁਵਰਕੀ, 50 ਹਜਾਰ ਦੀ ਗਿਣਤੀ ਵਿੱਚ 25 ਸਫਿਆਂ ਦਾ ਪੈਂਫਲਟ ਅਤੇ ਵੱਡੀ ਗਿਣਤੀ ਵਿੱਚ ਹੱਥ ਪੋਸਟਰ ਅਤੇ ਮੰਗਾਂ ਦੇ ਚਾਰਟਰ ਛਾਪੇ ਗਏ ਹਨ। ਇਸ ਮੁਹਿੰਮ ਦੀ ਚੇਤਨਾ ਦੇ ਸੰਚਾਰ ਲਈ 16 ਜਿਲ੍ਹਿਆਂ ਦੀਆਂ ਵਧਵੀਆਂ ਮੀਟਿੰਗਾਂ ਕਰਵਾ ਕੇ 5000 ਦੇ ਕਰੀਬ ਕਾਰਕੁੰਨਾਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ। ਹਰ ਘਰ ’ਚੋਂ ਵੱਧੋ ਵੱਧ ਜੀਅ ਅਤੇ ਹੋ ਸਕੇ ਤਾਂ ਘਰਾਂ ਨੂੰ ਜੰਦਰੇ ਮਾਰ ਕੇ ਸ਼ਮੂਲੀਅਤ ਕਰਨ ਦਾ ਹੋਕਾ ਦਿੱਤਾ ਗਿਆ ਹੈ। ਕਿਸਾਨ ਮਜ਼ਦੂਰ ਆਗੂਆਂ ਵੱਲੋਂ ਸੱਦਾ ਦਿੱਤਾ ਗਿਆ ਹੈ ਕਿ ਜਿੰਨ੍ਹਾਂ ਪਿੰਡਾਂ ਵਿੱਚ ਖੇਤ-ਮਜ਼ਦੂਰ ਇਕਾਈਆਂ ਮੌਜੂਦ ਨਹੀਂ ਹਨ ਉਹਨਾਂ ਪਿੰਡਾਂ ਦੀਆਂ ਕਿਸਾਨ ਇਕਾਈਆਂ ਖੇਤ-ਮਜ਼ਦੂਰ ਭਰਾਵਾਂ ਨੂੰ ਚੇਤਨਾ ਮੁਹਿੰਮ ਦੇ ਕਲਾਵੇ ਵਿੱਚ ਲੈ ਕੇ ਉਹਨਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ।
ਜਾਰੀ ਕਰਤਾ:
ਸੁਖਦੇਵ ਸਿੰਘ ਕੋਕਰੀ ਕਲਾਂ, ਸੂਬਾ ਜਨਰਨ ਸਕੱਤਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ):9417466038
ਲਛਮਣ ਸਿੰਘ ਸੇਵੇਵਾਲਾ ਸੂਬਾ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਯੂਨੀਅਨ
7696303025