ਭਾਲ ਵਿੱਚ ਦਿੱਲੀ ਪੁਲੀਸ ਪਹੁੰਚੀ ਲੁਧਿਆਣੇ ਪਰ ਘਰਦਿਆਂ ਨੂੰ ਇਕਬਾਲ ਸਿੰਘ ਦੀ ਕੋਈ ਉੱਘ ਸੁੱਘ ਨਹੀਂ
ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-
ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ’ਤੇ ਹੰਗਾਮੇ ਦੇ ਦੋਸ਼ ’ਚ ਦਿੱਲੀ ਪੁਲਿਸ ਨੇ ਦੀਪ ਸਿੱਧੂ ਸਣੇ ਜਿਨ੍ਹਾਂ 8 ਲੋਕਾਂ ’ਤੇ ਇਨਾਮ ਐਲਾਨਿਆ ਹੈ, ਉਨ੍ਹਾਂ ’ਚੋਂ ਇਕ ਇਕਬਾਲ ਸਿੰਘ ਹਾਲੇ ਵੀ ਫ਼ਰਾਰ ਹੈ। ਉਸ ਦੇ ਮਾਪੇ ਵੀ ਨਹੀਂ ਜਾਣਦੇ ਕਿ ਉਹ ਕਿੱਥੇ ਹੈ।
ਉਸ ’ਤੇ 50 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਉਹ ਲੁਧਿਆਣਾ ਦਾ ਰਹਿਣ ਵਾਲਾ ਹੈ। ਦਿੱਲੀ ਪੁਲਿਸ ਦੀ ਟੀਮ ਉਸ ਨੂੰ ਲੱਭਣ ਲਈ ਲੁਧਿਆਣਾ ਵੀ ਪਹੁੰਚੀ ਪਰ ਉਹ ਘਰੋਂ ਗਾਇਬ ਹੈ, ਜਿਸ ਕਾਰਨ ਪੁਲਿਸ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ।
ਲੁਧਿਆਣਾ ਦੇ ਜਲੰਧਰ ਬਾਈਪਾਸ ਨਾਲ ਲੱਗਦੇ ਨਿਊ ਅਸ਼ੋਕ ਨਗਰ ਇਲਾਕੇ ’ਚ ਰਹਿਣ ਵਾਲੇ ਇਕਬਾਲ ਸਿੰਘ ਦੇ ਘਰ ਉਸ ਦੇ ਬਜ਼ੁਰਗ ਪਿਤਾ ਸਰਦਾਰ ਸਿੰਘ ਤੇ ਮਾਂ ਹੀ ਸਨ। ਪੁੱਛਣ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਕਬਾਲ ਸਿੰਘ ਦਿੱਲੀ ਹੈ ਜਾਂ ਕਿਤੇ ਹੋਰ। ਚਾਰ ਦਿਨ ਪਹਿਲਾਂ ਉਹ ਦਿੱਲੀ ’ਚ ਹੀ ਸੀ। 26 ਜਨਵਰੀ ਦੀ ਘਟਨਾ ਨੂੰ ਲੈ ਕੇ ਉਨ੍ਹਾਂ ਜ਼ਿਆਦਾ ਗੱਲ ਨਹੀਂ ਕੀਤੀ ਅਤੇ ਬਸ ਇੰਨਾ ਹੀ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕੀ ਹੋਇਆ। ਉਨ੍ਹਾਂ ਕਿਹਾ ਕਿ ਇਕਬਾਲ ਸਿੰਘ ਨੂੰ ਲੁਕਣਾ ਨਹੀਂ ਚਾਹੀਦਾ, ਬਲਕਿ ਪੁਲਿਸ ਦੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ।