ਨਵੀਂ ਦਿੱਲੀ, ਜਨਵਰੀ 2021 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ 19 ਜਨਵਰੀ ਦੀ ਅਗਲੀ ਮੀਟਿੰਗ ’ਚ ਠੋਸ ਤਜਵੀਜ਼ ਪੇਸ਼ ਕਰਨ ਲਈ ਕਿਸਾਨ ਯੂਨੀਅਨਾਂ ਨੂੰ ਆਪਣੀ ਇਕ ਗੈਰਰਸਮੀ ਕਮੇਟੀ ਬਣਾਉਣ ਦੀ ਸਲਾਹ ਦਿੱਤੀ ਹੈ। ਕਿਸਾਨਾਂ ਨਾਲ 9ਵੇਂ ਗੇੜ ਦੀ ਵਾਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੋਮਰ ਨੇ ਕਿਹਾ ਕਿ ਮੀਟਿੰਗ ਕਿਸੇ ਤਣ-ਪੱਤਣ ਨਹੀਂ ਲੱਗ ਸਕੀ, ਲਿਹਾਜ਼ਾ ਦੋਵਾਂ ਧਿਰਾਂ ਨੇ ਹੁਣ 19 ਜਨਵਰੀ ਨੂੰ ਮੁੜ ਮਿਲਣ ਦਾ ਫੈਸਲਾ ਕੀਤਾ ਹੈ। ਤੋਮਰ ਨੇ ਕਿਹਾ ਕਿ ਮੀਟਿੰਗ ਸਾਜ਼ਗਾਰ ਮਾਹੌਲ ’ਚ ਹੋਈ ਤੇ ਇਸ ਦੌਰਾਨ ਕੁਝ ਮੁੱਦਿਆਂ ’ਤੇ ਤਫ਼ਸੀਲ ਵਿੱਚ ਵਿਚਾਰ ਚਰਚਾ ਹੋਈ। ਤੋਮਰ ਨੇ ਕਿਹਾ, ‘ਅਸੀਂ ਕਿਸਾਨਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਆਪਣੀ ਇਕ ਗ਼ੈਰਰਸਮੀ ਕਮੇਟੀ ਬਣਾਉਣ, ਜਿਸ ਵਿੱਚ ਕਾਨੂੰਨਾਂ ਦੀ ਬਿਹਤਰ ਸਮਝ ਰੱਖਣ ਵਾਲੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇ। ਕਮੇਟੀ ਕੋਈ ਠੋੋਸ ਤਜਵੀਜ਼ ਤਿਆਰ ਕਰੇ, ਜਿਸ ਵਿੱਚ ਕਿਸਾਨਾਂ ਦੀਆਂ ਉਮੀਦਾਂ ਤੇ ਕਾਨੂੰਨ ਵਿਚਲੀਆਂ ਉਨ੍ਹਾਂ ਧਾਰਾਵਾਂ ਦੀ ਤਫ਼ਸੀਲ ਹੋਵੇ, ਜਿਸ ਬਾਰੇ ਉਨ੍ਹਾਂ ਨੂੰ ਇਤਰਾਜ਼ ਹੈ। ਸਰਕਾਰ ਇਨ੍ਹਾਂ ’ਤੇ ਖੁੱਲ੍ਹੇ ਮਨ ਨਾਲ ਵਿਚਾਰ ਕਰੇਗੀ।’ ਖੇਤੀ ਮੰਤਰੀ ਨੇ ਕਿਹਾ ਕਿ ਸਰਕਾਰ 10ਵੇਂ ਗੇੜ ਦੀ ਗੱਲਬਾਤ ਦੇ ਫੈਸਲਾਕੁਨ ਰਹਿਣ ਦੀ ਆਸਵੰਦ ਹੈ। ਤੋਮਰ ਨੇ ਕਿਹਾ, ‘ਕਿਸਾਨ ਯੂਨੀਅਨਾਂ ਸਰਕਾਰ ਨਾਲ ਗੱਲਬਾਤ ਜਾਰੀ ਰੱਖਣਾ ਚਾਹੁੰਦੀਆਂ ਹਨ ਤੇ ਸਰਕਾਰ ਨੂੰ ਇਸ ਨਾਲ ਕੋਈ ਦਿੱਕਤ ਨਹੀਂ। ਸੁਪਰੀਮ ਕੋਰਟ ਵੱਲੋਂ ਕਾਇਮ ਕਮੇਟੀ ਵੀ ਕਿਸਾਨਾਂ ਦੀ ਭਲਾਈ ਲਈ ਕੰਮ ਕਰੇਗੀ।’ ਖੇਤੀ ਕਾਨੂੰਨਾਂ ਬਾਰੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਲਾਏ ਦੋਸ਼ਾਂ ਬਾਰੇ ਤੋਮਰ ਨੇ ਕਿਹਾ, ‘ਰਾਹੁਲ ਗਾਂਧੀ ਦੇ ਬਿਆਨਾਂ ਤੇ ਕਾਰਵਾਈਆਂ ਦਾ ਖੁ਼ਦ ਉਨ੍ਹਾਂ ਦੀ ਪਾਰਟੀ ਮਜ਼ਾਕ ਉਡਾਉਂਦੀ ਹੈ।’