ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-
ਜ਼ਿਲ੍ਹਾ ਟਾਸਕ ਫੋਰਸ ਦੀ ਟੀਮ ਵਲੋਂ ਅੱਜ ਬਚਪਨ ਬਚਾਓ ਅੰਦੋਲਨ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਵੱਖ-ਵੱਖ ਕਾਰਖਾਨਿਆਂ ਵਿਚ ਛਾਪੇਮਾਰੀ ਕੀਤੀ ਗਈ । ਛਾਪੇਮਾਰੀ ਦੌਰਾਨ ਟੀਮ ਨੇ 11 ਬੰਧੂਆ ਬਾਲ ਮਜ਼ਦੂਰਾਂ ਨੂੰ ਛੁਡਵਾਇਆ ਹੈ । ਜ਼ਿਲ੍ਹਾ ਟਾਸਕ ਫੋਰਸ ਦੀ ਟੀਮ ਵਿਚ ਰੁਪਿੰਦਰ ਕੌਰ ਸਰਾਂ ਏ.ਡੀ.ਸੀ. 4 ਲੁਧਿਆਣਾ, ਏ.ਸੀ.ਪੀ. ਉੱਤਰੀ ਜੰਗ ਬਹਾਦਰ, ਤਹਿਸੀਲਦਾਰ ਰੇਸ਼ਮ ਸਿੰਘ, ਡਿਪਟੀ ਡਾਇਰੈਕਟਰ ਫੈਕਟਰੀ ਸੁਖਵਿੰਦਰ ਸਿੰਘ ਭੱਟੀ, ਸਿਹਤ ਵਿਭਾਗ ਦੇ ਡਾਕਟਰ ਹਰੀ ਓਮ ਗੁਪਤਾ, ਸਿੱਖਿਆ ਵਿਭਾਗ ਦੇ ਦਲਜੀਤ ਸਿੰਘ, ਕਿਰਤ ਵਿਭਾਗ ਦੇ ਇੰਸਪੈਕਟਰ ਇੰਦਰਪ੍ਰੀਤ ਕੌਰ, ਹਰਪ੍ਰੀਤ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਦੇ ਸੰਦੀਪ ਪੰਨੂੰ, ਸਪੈਸ਼ਲ ਵਿੰਗ ਦੇ ਇੰਸਪੈਕਟਰ ਬੇਅੰਤ ਜੁਨੇਜਾ, ਹਿਮਊਮੈਨ ਟ੍ਰੈਫ਼ੀਕਿੰਗ ਵਿੰਗ ਦਿਰਦੋਸ਼ ਕੌਰ, ਬਚਪਨ ਬਚਾਓ ਅੰਦੋਲਨ ਦੇ ਦਿਨੇਸ਼ ਕੁਮਾਰ ਨੇ ਬਸਤੀ ਜੋਧੇਵਾਲ ਸਥਿਤ ਸਰਕਾਰ ਨਗਰ ਵਿਚ ਮੈਸਰਜ਼ ਆਰ.ਪੀ. ਗਾਰਮੈਂਟਸ ਅਤੇ ਮੈਸਰਜ਼ ਤੋਸ਼ਿਫ਼ ਕੁਲੈਕਸ਼ਨ ਵਿਖੇ ਛਾਪੇਮਾਰੀ ਕੀਤੀ । ਛਾਪੇਮਾਰੀ ਦੌਰਾਨ ਆਰ.ਪੀ. ਗਾਰਮੈਂਟਸ ਤੋਂ 3 ਅਤੇ ਤੋਸ਼ਿਫ਼ ਕੁੂਲੈਕਸ਼ਨ ਤੋਂ 8 ਬੰਧੂਆ ਬਾਲ ਮਜ਼ਦੂਰਾਂ ਨੂੰ ਛੁਡਵਾਇਆ ਹੈ । ਬਚਪਨ ਬਚਾਓ ਅੰਦੋਲਨ ਦੇ ਕਾਰਕੁੰਨ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਤੰਬਰ ਮਹੀਨੇ ਵਿਚ ਸੂਚਨਾ ਮਿਲੀ ਸੀ ਕਿ ਬਿਹਾਰ ਤੋਂ ਕੁੱਝ ਤਸਕਰ ਉਥੋਂ ਦੇ ਪਿੰਡਾਂ ਵਿਚੋਂ ਬੱਚਿਆਂ ਨੂੰ ਲਿਆ ਕੇ ਲੁਧਿਆਣਾ ਦੀ ਬਸਤੀ ਜੋਧੇਵਾਲ ਦੇ ਸਰਕਾਰ ਨਗਰ ਵਿਖੇ ਲਿਆਏ ਹਨ ਤੇ ਬੱਚਿਆਂ ਤੋਂ ਕਈ ਘੰਟੇ ਕੰਮ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਨੇ ਇਸ ਸਬੰਧੀ ਤੁਰੰਤ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੂੰ ਛਾਪੇਮਾਰੀ ਕਰਨ ਲਈ ਸ਼ਿਕਾਇਤ ਦਿੱਤੀ, ਪਰ ਉਸ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਹੋਈ । ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ, ਜਿੰਨ੍ਹਾਂ ਨੇ ਤੁਰੰਤ ਕਾਰਵਾਈ ਕਰਵਾਉਂਦ ਹੋਏ ਟੀਮ ਨੂੰ ਭੇਜ ਕੇ 11 ਬੰਧੂਆ ਮਜ਼ੂਦਰਾਂ ਨੂੰ ਛੁਡਵਾਇਆ ਹੈ । 11 ਬਾਲ ਮਜ਼ਦੂਰਾਂ ਦਾ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਡਾਕਟਰੀ ਮੁਆਇਨਾ ਕਰਵਾਇਆ ਗਿਆ ਅਤੇ ਡਾਕਟਰੀ ਮੁਆਇਨੇ ਤੋਂ ਬਾਅਦ ਬੱਚਿਆਂ ਨੂੰ ਜ਼ਿਲ੍ਹਾ ਬਾਲ ਭਲਾਈ ਕਮੇਟੀ ਅੱਗੇ ਪੇਸ਼ ਕੀਤਾ ਗਿਆ, ਜਿੱਥੇ ਕਮੇਟੀ ਨੇ ਬੱਚਿਆ ਨੂੰ ਬਾਲ ਘਰ ਦੋਰਾਹਾ ਵਿਖੇ ਭੇਜ ਦਿੱਤਾ ਹੈ ।