ਨਵੀਂ ਦਿੱਲੀ, 7 ਜਨਵਰੀ 2021 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਕਿਸਾਨ ਅੰਦੋਲਨ 'ਚ ਕੋਵਿਡ ਨੂੰ ਲੈ ਕੇ ਸੁਪਰੀਮ ਕੋਰਟ ਨੇ ਚਿੰਤਾ ਜ਼ਾਹਿਰ ਕੀਤੀ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਗਿਆ ਕਿਸਾਨ ਅੰਦੋਲਨ 'ਚ ਕੋਵਿਡ ਨੂੰ ਲੈ ਕੇ ਕੀ ਨਿਯਮਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ? ਚੀਫ਼ ਜਸਟਿਸ ਐਸ. ਏ. ਬੋਬੜੇ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਕਿਸਾਨ ਕੋਵਿਡ-19 ਤੋਂ ਸੁਰੱਖਿਅਤ ਹਨ ਜਾਂ ਨਹੀਂ? ਜੇਕਰ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਤਬਲੀਗ਼ੀ ਜਮਾਤ ਵਾਂਗ ਦਿੱਕਤ ਹੋ ਸਕਦੀ ਹੈ। ਜੰਮੂ ਦੀ ਵਕੀਲ ਸੁਪ੍ਰਿਆ ਪੰਡਿਤਾ ਨੇ ਮਹਾਂਮਾਰੀ ਦੇ ਪ੍ਰਸਾਰ ਅਤੇ ਲੱਖਾਂ ਲੋਕਾਂ ਦੀ ਸਿਹਤ ਦੇ ਮੁੱਦੇ ਨੂੰ ਲੈ ਕੇ ਦਿੱਲੀ ਸਰਕਾਰ, ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਦੀ ਭੂਮਿਕਾ 'ਤੇ ਸਵਾਲ ਚੁੱਕਦਿਆਂ ਪਟੀਸ਼ਨ ਦਾਇਰ ਕੀਤੀ ਸੀ। ਸੁਣਵਾਈ ਦੌਰਾਨ ਚੀਫ਼ ਜਸਟਿਸ ਐਸ. ਏ. ਬੋਬੜੇ ਨੇ ਕਿਹਾ, ''ਤੁਹਾਨੂੰ ਦੱਸਣਾ ਚਾਹੀਦਾ ਹੈ ਕੀ ਚੱਲ ਰਿਹਾ ਹੈ? ਅਸੀ ਨਹੀਂ ਜਾਣਦੇ ਕਿ ਕਿਸਾਨ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਹਨ ਜਾਂ ਨਹੀਂ ਹਨ। ਕਿਸਾਨ ਪ੍ਰਦਰਸ਼ਨ 'ਚ ਵੀ ਕਈ ਪਰੇਸ਼ਾਨੀਆਂ ਆ ਸਕਦੀਆਂ ਹਨ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਕੋਰੋਨਾ ਦਾ ਪ੍ਰਸਾਰ ਨਾ ਹੋਵੇ। ਸਰਕਾਰ ਨੂੰ ਯਕੀਨੀ ਕਰਨਾ ਚਾਹੀਦਾ ਹੈ ਕਿ ਮੌਜੂਦਾ ਗਾਈਡਲਨਾਈਜ਼ ਦੀ ਪਾਲਣਾ ਹੋਵੇ।'' ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਸ ਮਾਮਲੇ 'ਚ ਨੋਟਿਸ ਜਾਰੀ ਕੀਤਾ ਹੈ। ਨਾਲ ਹੀ ਹੁਕਮ ਵੀ ਦਿੱਤਾ ਹੈ ਕਿ ਸਰਕਾਰ ਅਜਿਹੇ ਕਦਮ ਚੁੱਕੇ, ਜਿਸ ਨਾਲ ਕਿਸਾਨ ਅੰਦੋਲਨ ਵਾਲੀ ਥਾਂ 'ਤੇ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ ।