You are here

ਖਰੜ ’ਚ ਮਹਿਲਾ ਡਰੱਗ ਇੰਸਪੈਕਟਰ ਦੀ ਗੋਲੀਆਂ ਮਾਰ ਕੇ ਹੱਤਿਆ

ਖਰੜ,  ਮਾਰਚ ਇੱਥੇ ਅੱਜ ਖ਼ੁਰਾਕ ਤੇ ਡਰੱਗਜ਼ ਪ੍ਰਬੰਧਨ (ਫੂਡ ਤੇ ਡਰੱਗਜ਼ ਐਡਮਿਨਿਸਟ੍ਰੇਸ਼ਨ) ਅਧੀਨ ਜ਼ਿਲ੍ਹਾ ਲਾਇਸੈਂਸਿੰਗ ਅਥਾਰਿਟੀ ਦੇ ਦਫ਼ਤਰ ’ਚ ਡਰੱਗ ਇੰਸਪੈਕਟਰ ਡਾ. ਨੇਹੀ ਸ਼ੋਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਵੇਰੇ ਕਰੀਬ 11.30 ਵਜੇ ਮੁਲਜ਼ਮ ਨੇ ਅਧਿਕਾਰੀ ਨੂੰ ਗੋਲੀ ਮਾਰਨ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਲਈ। ਮੁਲਜ਼ਮ ਦੀ ਸ਼ਨਾਖ਼ਤ ਬਲਵਿੰਦਰ ਸਿੰਘ ਵਾਸੀ ਮੋਰਿੰਡਾ ਵਜੋਂ ਹੋਈ ਹੈ। ਦਫ਼ਤਰ ਵਿਚ ਬਤੌਰ ਕੰਪਿਊਟਰ ਅਪਰੇਟਰ ਕੰਮ ਕਰਦੇ ਗੁਰਜੀਤ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਮੁਲਜ਼ਮ ਕਰੀਬ ਸਾਢੇ 11 ਵਜੇ ਦਫ਼ਤਰ ਵਿਚ ਦਾਖ਼ਲ ਹੋਇਆ ਤੇ ਉਹ ਸਾਰੇ ਕੰਮ ਵਿਚ ਰੁੱਝੇ ਹੋਏ ਸਨ। ਅੰਦਰ ਦਾਖ਼ਲ ਹੁੰਦਿਆਂ ਹੀ ਉਸ ਨੇ ਅਧਿਕਾਰੀ ਦੇ ਕਮਰੇ ਵਿਚ ਜਾ ਕੇ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ ਤੇ ਆਪ ਉੱਥੋਂ ਫ਼ਰਾਰ ਹੋ ਗਿਆ। ਜਦ ਘਟਨਾ ਵਾਪਰੀ ਤਾਂ ਅਧਿਕਾਰੀ ਆਪਣੇ ਦੋ ਸਾਲ ਦੇ ਭਤੀਜੇ ਨਾਲ ਬੈਠੀ ਇਮਾਰਤ ਦੇ ਕਮਰਾ ਨੰਬਰ 211 ਵਿਚ ਫ਼ਲ ਖਾ ਰਹੀ ਸੀ। ਇਸ ਤੋਂ ਬਾਅਦ ਜਦ ਉਹ ਇਮਾਰਤ ਦੇ ਹੇਠਾਂ ਖੜ੍ਹੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਦਫ਼ਤਰ ਦੇ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਲੈਬ ਸਹਾਇਕ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਮੁਲਜ਼ਮ ਨੂੰ ਜੱਫਾ ਪਾ ਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਉਸ ਨੂੰ ਵੀ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਇਸੇ ਦੌਰਾਨ ਉਹ ਮੋਟਰਸਾਈਕਲ ਤੋਂ ਡਿੱਗ ਗਿਆ ਤੇ ਖ਼ੁਦ ਨੂੰ ਦੋ ਗੋਲੀਆਂ ਮਾਰ ਲਈਆਂ। ਜ਼ਿਲ੍ਹਾ ਪੁਲੀਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਕਤਲ ਰੰਜਿਸ਼ ਤਹਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬਲਵਿੰਦਰ ਸਿੰਘ 2009 ਵਿਚ ਮੋਰਿੰਡਾ ’ਚ ਦਵਾਈਆਂ ਦੀ ਦੁਕਾਨ ਚਲਾਉਂਦਾ ਸੀ। ਡਾ. ਸ਼ੋਰੀ ਉਸ ਵੇਲੇ ਰੋਪੜ ਵਿਚ ਡਰੱਗ ਇੰਸਪੈਕਟਰ ਵਜੋਂ ਤਾਇਨਾਤ ਸਨ। ਡਾ. ਸ਼ੋਰੀ ਨੇ 29 ਸਤੰਬਰ 2009 ਨੂੰ ਬਲਵਿੰਦਰ ਦੇ ਜਸਪ੍ਰੀਤ ਮੈਡੀਕਲ ਸਟੋਰ ਉੱਤੇ ਛਾਪਾ ਮਾਰਿਆ ਸੀ। ਇਸ ਦੌਰਾਨ ਉੱਥੋਂ ਬਿਨਾਂ ਦਸਤਾਵੇਜ਼ਾਂ ਤੋਂ ਅਜਿਹੀਆਂ 35 ਤਰ੍ਹਾਂ ਦੀਆਂ ਦਵਾਈਆਂ ਬਰਾਮਦ ਹੋਈਆਂ ਸਨ, ਜਿਨ੍ਹਾਂ ਦੀ ਵਰਤੋਂ ਨਸ਼ੇ ਲਈ ਕੀਤੀ ਜਾ ਸਕਦੀ ਸੀ। ਮੈਡੀਕਲ ਸਟੋਰ ਦਾ ਲਾਇਸੈਂਸ ਤਤਕਾਲੀ ਡਰੱਗ ਇੰਸਪੈਕਟਰ ਡਾ. ਸ਼ੋਰੀ ਨੇ ਰੱਦ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਡਾ. ਸ਼ੋਰੀ ਤੇ ਮੁਲਜ਼ਮ ਬਲਵਿੰਦਰ ਸਿੰਘ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਲਿਜਾਇਆ ਗਿਆ, ਪਰ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਮੌਜੂਦਾ ਸਮੇਂ ਕੁਰਾਲੀ ਦੇ ਇਕ ਹਸਪਤਾਲ ਵਿੱਚ ਕੰਮ ਕਰ ਰਿਹਾ ਸੀ। ਉਹ ਦੋ ਲੜਕੀਆਂ ਅਤੇ ਇਕ ਲੜਕੇ ਦਾ ਪਿਤਾ ਹੈ।