-
ਪੰਜਾਬ!
ਪੰਜਾਬ ਅਜੇ ਜਾਗਦਾ ਏ,
ਮੋਇਆ ਨਹੀਂ।
ਇਸ ਦਾ ਦਿਲ ਕੱਢਕੇ
ਭਾਵੇਂ ਪਹਿਲਾਂ ਈ
ਵੱਖ ਕਰ ਦਿੱਤਾ ਸੀ,
ਪਰ ਫਿਰ ਵੀ
ਸਹਿਕਦਾ ਰਿਹਾ,
ਮੋਇਆ ਨਹੀਂ।
ਇਹ ਰੜਕਦਾ ਏ
ਉਨ੍ਹਾਂ ਦੀਆਂ ਅੱਖਾਂ 'ਚ
ਤਾਹੀਓਂ ਤਾਂ
ਲਤਾੜਿਆ ਜਾ ਰਿਹਾ,
ਦਬਾਇਆ ਜਾ ਰਿਹਾ,
ਹਰ ਵੇਲੇ ਇਸ ਨੂੰ।
ਚਾਲਾਂ ਚੱਲਦਿਆਂ
ਬਾਹਾਂ ਵੱਢਕੇ
ਨਿਹੱਥਾ ਬਣਾਕੇ
ਰੱਖ ਦਿੱਤਾ ।
ਪਰ ਇਹ ਵੱਢਿਆ-ਟੁਕਿਆ
ਅਮਰਵੇਲ ਵਾਂਗੂੰ
ਵੱਧਦਾ ਰਿਹਾ,
ਤੂਤ ਦੀਆਂ ਛਿਟੀਆਂ ਵਾਂਗੂੰ
ਫੈਲਰਦਾ ਰਿਹਾ,
ਸੁੱਕਿਆ ਨਹੀਂ।
ਫਿਰ ਉਨਾਂ ਅੱਤਵਾਦ ਦਾ ਛੁਰਾ
ਬਣਾਕੇ,
ਖੋਭਿਆ ਇਸ ਦੀ ਪਿੱਠ ਵਿੱਚ ,
ਪਰ ਇਹ ਦੰਦਾਂ ਥੱਲੇ
ਜੀਭ ਲੈ ਕੇ
ਦਰਦ ਝੱਲਦਾ ਰਿਹਾ,
ਸਹਿਕਦਾ ਰਿਹਾ,
ਮੋਇਆ ਨਹੀਂ ।
ਲਹੂ-ਲੁਹਾਣ ਹੋ ਕੇ ਵੀ
ਆਈ .ਸੀ.ਯੂ.ਚੋਂ
ਬਾਹਰ ਆ ਗਿਆ!
ਫਿਰ ਉਨ੍ਹਾਂ
' ਚਿੱਟੇ ' ਦਾ ਟੀਕਾ ਲਗਾਕੇ,
ਇਸ ਨੂੰ ਗੂਹੜੀ ਨੀਂਦ
ਸੁਆਉਣ ਦੀ ਖੇਡ ਖੇਡੀ,
ਪਰ ਇਹ
ਬੇਹੋਸ਼ੀ ਦੀ ਹਾਲਤ 'ਚ
ਡਿੱਕ-ਡੋਲੇ ਖਾ ਕੇ
ਕੁਝ ਸੰਭਲ ਗਿਆ,
ਟੁੱਟਿਆ ਨਹੀਂ।
ਸੁਣਿਆ -
ਕਿ ਜਦੋਂ ਇਹ ਕਬੱਡੀ ਪਾਉਂਦਾ ਸੀ,
ਤਾਂ ਅਫ਼ਗਾਨਿਸਤਾਨ,
ਜੰਮੂ -ਕਸ਼ਮੀਰ,
ਦਿੱਲੀ,
ਲੇਹ-ਲੱਦਾਖ ਤੱਕ
ਖਿੱਚੀ ਲਕੀਰ ਤੋਂ ਪਾਰ ਜਾ ਕੇ ਵੀ,
ਕੌਡੀ ਪਾਉਂਦਾ,
ਧੂੜਾਂ ਪੱਟਦਾ,
ਹਿੱਕ ' ਚ
ਘਸੁੰਨ ਮਾਰ ਆਉਂਦਾ ਸੀ।
ਪਰ ਹੁਣ ਜਦੋਂ ਇਹ
ਆਪਣੇ-ਆਪ ਨੂੰ ਵੇਖਦਾ ਏ,
ਤਾਂ ਇਸ ਦੀ ਅੱਖ
ਅੱਥਰੂ ਵਹਾਉਣ ਲੱਗਦੀ ਏ।
ਹੁਣ ਇਸ ਨੂੰ ਅੰਦਰੋਂ
ਡਰ ਵੱਢ-ਵੱਢ
ਖਾਣ ਲੱਗਾ ਏ,
ਕਿ -
ਉਨ੍ਹਾਂ ਦੀਆਂ ਡੂੰਘੀਆਂ ਸਾਜ਼ਿਸ਼ਾਂ
ਇਸ ਦੀ ਸੋਚ ਨੂੰ
ਕਿਤੇ ਨਿਪੁੰਸਕ ਹੀ ਨਾ
ਬਣਾ ਕੇ ਰੱਖ ਦੇਣ।
ਪੰਜਾਬ ਨੇ ਗਲਾ ਭਰਕੇ ਆਖਿਆ -
ਮੈਂ ਜਾਗਦਾ ਹਾਂ ,
ਮੋਇਆ ਨਹੀਂ,
ਮੈਂ ਇੰਝ ਨਹੀਂ ਹੋਣ ਦੇਵਾਂਗਾ,
ਮੇਰੀ ਅਣਖ ਮਰੀ ਨਹੀਂ,
ਹਾਲੇ ਸਹਿਕਦੀ ਏ।
ਮੈਨੂੰ ਆਪਣੇ ਧੀਆਂ -ਪੁੱਤਾਂ ਦਾ
ਫਿਕਰ ਏ।
ਮੈਂ ਇੰਝ ਨਹੀਂ ਹੋਣ ਦੇਵਾਂਗਾ !
ਹਰਗਿਜ਼ ਨਹੀਂ ਹੋਣ ਦੇਵਾਂਗਾਂ !!
ਦੁਨੀਆਂ ਵਾਲਿਓ -
ਮੈਂ ਜਾਗਦਾ ਹਾਂ !
ਮਰਿਆ ਨਹੀਂ!!
ਮੇਰੀਆਂ ਰਗਾਂ 'ਚ
ਅਜੇ ਖੂਨ ਖੌਲਦਾ ਏ,
ਠੰਢਾ ਨਹੀਂ ਹੋਇਆ!!!
ਮੈਂ -
ਆਪਣੀ 'ਭਾਰਤ ਮਾਂ' ਦੀ
ਲਾਜ ਰੱਖਾਂਗਾ!
ਲਾਜ ਰੱਖਾਂਗਾ! !
ਲਾਜ ਰੱਖਾਂਗਾ!!!
-ਸੁਖਦੇਵ ਸਲੇਮਪੁਰੀ
09780620233
5 ਜਨਵਰੀ, 2021