ਆਈ.ਜੀ. ਲੁਧਿਆਣਾ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨੇ ਕੀਤੀ ਅਗਵਾਈ
ਮੁੱਲਾਂਪੁਰ ਦਾਖਾ 20 ਜੁਲਾਈ = (ਸਤਵਿੰਦਰ ਸਿੰਘ ਗਿੱਲ) ਚਿੱਟੇ ਨਸ਼ੇ ਕਰਕੇ ਹਲਕਾ ਦਾਖਾ ਦਾ ਪਿੰਡ ਮੰਡਿਆਣੀ ਬਹੁਚਰਿਚਤ ਹੋਣ ਕਰਕੇ ਅੱਜ ਆਈ.ਜੀ.ਲੁਧਿਆਣਾ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਹੇਠ ਪੁਲਿਸ ਜਿਲ੍ਹਾ ਲੁਧਿਆਣਾ ਦੇ ਐੱਸ.ਐੱਸ.ਪੀ ਦੀਪਕ ਹਿਲੇਰੀ ਵੱਲੋਂ ਪੂਰੇ ਆਪਣੇ ਲਾਮ ਲਸ਼ਕਰ ਨਾਲ ਸਰਚ ਅਪ੍ਰੇਸ਼ਨ ਕੀਤਾ ਗਿਆ। ਚਿੱਟਾ ਵੇਚਣ ਵਾਲਿਆਂ ਦੇ ਘਰਾਂ ਦੀ ਜਿੱਥੇ ਤਲਾਸ਼ੀ ਲਈ ਉੱਥੇ ਹੀ ਆਮ ਘਰਾਂ ਅੰਦਰ ਵੀ ਪੁਲਿਸ ਗਈ। ਪੁਲਿਸ ਮੁਲਾਜਮਾਂ ਨੇ ਰਾਹਗੀਰਾਂ ਤੇ ਪਿੰਡ ਅੰਦਰ ਆਉਣ ਵਾਲਿਆਂ ਦੀ ਵੀ ਚੈਕਿੰਗ ਕੀਤੀ।
ਆਈ.ਜੀ.ਐੱਸ.ਪੀ.ਐੱਸ ਪਰਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੁਲਿਸ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ, ਜੇਕਰ ਤੁਸੀ ਬੇਖੌਫ ਪੁਲਿਸ ਦਾ ਸਾਥ ਦੇਵੋਂ ਤਾਂ ਚਿੱਟੇ (ਨਸ਼ੇ) ਦਾ ਪੰਜਾਬ ਵਿੱਚੋਂ ਖਾਤਮਾ ਹੀ ਹੋ ਜਾਵੇ। ਉਨ੍ਹਾਂ ਸਰਪੰਚ ਗੁਰਪ੍ਰੀਤ ਕੌਰ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਹ ਦਲੇਰ ਔਰਤ ਹੈ, ਜਿਸਨੇ ਆਪਣੇ ਪੱਧਰ ’ਤੇ ਇਹ ਕਾਰਜ ਕੀਤਾ ਹੈ, ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਬੇਝਿਜਕ ਪੁਲਿਸ ਦਾ ਸਾਥ ਦੇਵੋਂ ਤਾਂ ਸਾਡੀ ਨੌਜਵਾਨ ਪੀੜ੍ਹੀ ਬਚ ਸਕੇ। ਆਈ.ਜੀ.ਐੱਸ.ਪੀ.ਐੱਸ ਪਰਮਾਰ ਨੇ ਅੱਗੇ ਦੱਸਿਆ ਕਿ ਪੁਲਿਸ ਪ੍ਰਸ਼ਾਸ਼ਨ ਨਸ਼ਿਆਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਸੁਹਿਰਦ ਹੈ, ਪੁਲਿਸ ਜਿਲ੍ਹਾ ਜਗਰਾਓ ਅਧੀਂਨ ਆਉਂਦੇ 70 ਪਿੰਡਾਂ ਅੰਦਰ ਰੋਜਾਨਾਂ ਇਸ ਤਰ੍ਹਾਂ ਦਾ ਸਰਚ ਅਪ੍ਰੇਸ਼ਨ ਚਲਾਇਆ ਜਾਵੇਗਾ।
ਐੱਸ.ਐੱਸ.ਪੀ ਦੀਪਕ ਹਿਲੇਰੀ ਨੇ ਦੱਸਿਆ ਕਿ ਚਿੱਟਾ ਵੇਚਣ ਵਾਲਿਆਂ ਖਿਲਾਫ ਮੁਕੱਦਮਾ ਨੰਬਰ 128 ਤਹਿਤ ਦਰਜ ਕਰਕੇ 16 ਮਰਦ / ਔਰਤਾਂ ਨਾਮਜ਼ਦ ਕੀਤਾ ਹੈ, ਜਿਸ ਵਿੱਚ 3 ਔਰਤਾਂ ਨੂੰ ਗਿ੍ਰਫਤਾਰ ਕਰ ਲਿਆ ਹੈ। ਇਸ ਮੌਕੇ ਐੱਸ.ਪੀ ਮੈਡਮ ਹਰਕਮਲ ਕੌਰ ਬਰਾੜ, ਡੀ.ਐੱਸ.ਪੀ. ਜਸ਼ਨਦੀਪ ਸਿੰਘ, ਡੀ.ਐੱਸ.ਪੀ ਸਤਵਿੰਦਰ ਸਿੰਘ ਵਿਰਕ, ਡੀ.ਐੱਸ.ਪੀ ਗੁਰਬਾਜ ਸਿੰਘ, ਡੀ.ਐੱਸ.ਪੀ ਦਿਲਬਾਗ ਸਿੰਘ, ਇੰਸਪੈਕਟਰ ਅਜੀਤਪਾਲ ਸਿੰਘ ਸਮੇਤ ਵੱਡੀ ਤਾਦਾਦ ਵਿੱਚ ਪੁਲਿਸ ਮੁਲਾਜਮ ਹਾਜਰ ਸਨ।
ਜਿਕਰਯੋਗ ਹੈ ਕਿ ਬੀਤੇ ਕੱਲ੍ਹ ਪਿੰਡ ਮੰਡਿਆਣੀ ਵਿਖੇ ਚਿੱਟੇ ਨਸ਼ੇ ਵਿਕਣ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਵੱਲੋਂ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਧਰਨਾ ਲਾ ਕੇ ਪੁਲਿਸ ਪ੍ਰਸ਼ਾਸਨ ਨੂੰ ਜਗਾਇਆ ਸੀ।