ਹਠੂਰ/ਲੁਧਿਆਣਾ-ਜਨਵਰੀ-(ਗੁਰਸੇਵਕ ਸਿੰਘ ਸੋਹੀ)- ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਪ੍ਰਬੰਧਕ ਕਮੇਟੀ ਪਿੰਡ ਹਠੂਰ ਵੱਲੋਂ ਗਰਾਮ ਪੰਚਾਇਤ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧੰਨ- ਧੰਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਢਾਡੀ ਫੌਜਾ ਸਿੰਘ ਸਾਗਰ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਰਾਗੀ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ। ਗੱਤਕੇ ਦੀ ਟੀਮ ਵੱਲੋਂ ਵੱਖ-ਵੱਖ ਜੌਹਰ ਦਿਖਾਏ ਗਏ। ਨਗਰ ਕੀਰਤਨ ਵਿੱਚ ਸੰਗਤਾਂ ਵਾਸਤੇ ਪਿੰਡ ਵਾਸੀਆਂ ਵੱਲੋਂ ਵੱਖ-ਵੱਖ ਪੜਾਵਾਂ ਤੇ ਚਾਹ ਪਕੌੜੇ ਅਤੇ ਮੱਠੀਆਂ ਦੇ ਲੰਗਰ ਲਾਏ ਗਏ ਅਤੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਫਤਿਹ ਯੂਥ ਕਲੱਬ ਦੇ ਨੌਜਵਾਨਾਂ ਵੱਲੋਂ ਨਗਰ ਕੀਰਤਨ ਅੱਗੇ-ਅੱਗੇ ਸਫ਼ਾਈ ਕਰ ਕੇ ਕਲੀ, ਝਾੜੂ ਅਤੇ ਪਾਣੀ ਦੀ ਸੇਵਾ ਨਿਭਾਈ ਗਈ ਅਤੇ ਸੰਗਤਾਂ ਉੱਤੇ ਇਤਰ (ਪਰਫਿਊਮ) ਦੀ ਵਰਖਾ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ,ਮੈਂਬਰ ਸੁਰਜੀਤ ਸਿੰਘ,ਮੈਂਬਰ ਮੇਜਰ ਸਿੰਘ,ਮੈਂਬਰ ਸੰਤੋਖ ਸਿੰਘ ਨੇ ਕਿਹਾ ਕਿ ਸਾਨੂੰ ਕਰਮ ਕਾਂਡਾ ਨੂੰ ਛੱਡ ਕੇ ਸਿੱਖ ਕੌਮ ਦਾ ਫ਼ਰਜ਼ ਬਣਦਾ ਹੈ ਕਿ ਸਾਡੇ ਗੁਰੂਆਂ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਅਤੇ ਵੱਡੀ ਗਿਣਤੀ ਵਿੱਚ ਸਿੰਘ ਸਜ ਕੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ। ਇਸ ਮੌਕੇ ਸਟੇਜ ਦੀ ਭੂਮਿਕਾ ਗੁਰਪ੍ਰੀਤ ਸਿੰਘ ਨੇ ਨਿਭਾਈ ਉਨ੍ਹਾਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਦੇ ਪਰਿਵਾਰ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ ਅਤੇ ਉਨ੍ਹਾਂ ਦੀਆਂ ਸਿੱਖ ਕੌਮ ਲਈ ਕੀਤੀਆਂ ਕੁਰਬਾਨੀਆਂ ਕਦੇ ਭੁਲਾਇਆ ਨਹੀਂ ਜਾ ਸਕਦੀਆਂ ਕਿਉਂਕਿ ਦਸਮੇਸ਼ ਪਿਤਾ ਨੇ ਕੌਮ ਲਈ ਪੂਰਾ ਪਰਿਵਾਰ ਵਾਰ ਦਿੱਤਾ ਸੀ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਦੇ ਗਲਾਂ ਵਿੱਚ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਅਤੇ ਸੰਗਤਾਂ ਨੂੰ ਗੁਰੂ ਮੁਰਿਆਦਾ ਵਿੱਚ ਰਹਿਣ ਦੀ ਬੇਨਤੀ ਕੀਤੀ। ਸੇਵਾਦਾਰਾਂ ਵਿਚ ਮਾਰਕੀਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ,ਜਸ਼ਨ ਸਿੰਘ,ਪਾਲ ਸਿੰਘ,ਜਸਕਰਨ ਸਿੰਘ,ਅਮਰ ਸਿੰਘ,ਜਸਵੀਰ ਸਿੰਘ,ਮੇਵਾ ਸਿੰਘ,ਮੱਘਰ ਸਿੰਘ,ਰਾਜੂ ਸਿੰਘ ਵੱਲੋਂ ਪੂਰਾ ਦਿਨ ਸੇਵਾ ਨਿਭਾਈ ਗਈ।