ਮਹਿਲ ਕਲਾਂ ਬਰਨਾਲਾ/ਦਸੰਬਰ 2020-(ਗੁਰਸੇਵਕ ਸਿੰਘ ਸੋਹੀ )-
ਆਲ ਇੰਡੀਆ ਮੈਡੀਕਲ ਫੈੱਡਰੇਸ਼ਨ ਦੇ ਕੇਂਦਰੀ ਆਗੂਆਂ ਵੱਲੋਂ ਲਏ ਗਏ ਫੈਸਲਿਆਂ ਅਨੁਸਾਰ,ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ,ਭਾਰਤ ਦੇ ਸਾਰੇ ਸੂਬਿਆਂ ਵਿਚੋਂ ਪਿੰਡਾਂ ਵਿੱਚ ਵਸਦੇ ਪੇਂਡੂ ਡਾਕਟਰਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਕਾਫ਼ਲੇ ਦਿੱਲੀ ਵੱਲ ਵਹੀਰਾਂ ਘੱਤ ਰਹੇ ਹਨ ।
ਇਸੇ ਲੜੀ ਤਹਿਤ ਅੱਜ ਸ਼ਹੀਦ ਭਗਤ ਸਿੰਘ ਦੇ ਸਮਾਰਕ ਖਟਕੜ ਕਲਾਂ ਤੋਂ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ,ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ,ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ,ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ ,ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295)ਦਾ ਇਕ ਵਿਸ਼ਾਲ ਕਾਫ਼ਲਾ ਦਿੱਲੀ ਲਈ ਰਵਾਨਾ ਹੋਇਆ। ਜਿਸ ਵਿਚ ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ,ਤਰਨਤਾਰਨ,ਅੰਮ੍ਰਿਤਸਰ, ਗੁਰਦਾਸਪੁਰ ,ਜਲੰਧਰ,ਪਠਾਨਕੋਟ ਰੋਪੜ ,ਮੁਹਾਲੀ, ਕਪੂਰਥਲਾ ਆਦਿ ਜ਼ਿਲ੍ਹਿਆਂ ਦੇ ਡਾਕਟਰ ਸਾਹਿਬਾਨ ਹਾਜ਼ਰ ਹੋਏ ।
ਆਕਾਸ਼ ਗੁੰਜਾਊ ਨਾਅਰਿਆਂ ਨਾਲ ਸ਼ੁਰੂ ਹੋਇਆ ਇਹ ਕਾਫ਼ਲਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਸਰਾਭਾ ਵਿਖੇ ਪਹੁੰਚਿਆ,ਜਿਸ ਵਿੱਚ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ, ਸੰਗਰੂਰ, ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਦੇ ਡਾ ਸਾਹਿਬਾਨ ਵੱਡੀ ਤਦਾਦ ਵਿਚ ਸ਼ਾਮਲ ਹੋਏ ।
ਇਸ ਪਿੱਛੋਂ ਇਹ ਕਾਫ਼ਲਾ ਵਿਸ਼ਾਲ ਰੂਪ ਧਾਰਨ ਕਰਨ ਉਪਰੰਤ ਜ਼ਿਲ੍ਹਾ ਬਰਨਾਲਾ ਦੇ ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ਪਹੁੰਚਿਆ, ਜਿਥੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਅਤੇ ਕਿਸਾਨ ਜਥੇਬੰਦੀਆਂ ਦੇ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਡਾਕਟਰ ਸਹਿਬਾਨਾਂ ਦੇ ਇਸ ਕਾਫ਼ਲੇ ਦਾ ਭਰਵਾਂ ਸਵਾਗਤ ਕੀਤਾ।
ਇੱਥੇ ਜ਼ਿਕਰਯੋਗ ਹੈ ਕਿ ਆਲ ਇੰਡੀਆ ਮੈਡੀਕਲ ਫੈਡਰੇਸ਼ਨ ਦੇ 6 ਕੇਂਦਰੀ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ ਜਿਨ੍ਹਾਂ ਵਿੱਚ ਆਲ ਇੰਡੀਆ ਮੈਡੀਕਲ ਫੈਡਰੇਸ਼ਨ ਦੇ ਕੇਂਦਰੀ ਚੇਅਰਮੈਨ ਡਾ ਰਮੇਸ਼ ਕੁਮਾਰ ਬਾਲੀ ,ਕੇਂਦਰੀ ਵਿੱਤ ਸਕੱਤਰ ਡਾ ਜਸਵਿੰਦਰ ਕਾਲਖ ,ਕੇਂਦਰੀ ਵਾਈਸ ਪ੍ਰਧਾਨ ਡਾ ਠਾਕੁਰਜੀਤ ਸਿੰਘ,ਕੇਂਦਰੀ ਐਗਜ਼ੈਕਟ ਮੈਂਬਰ ਡਾ ਮਿੱਠੂ ਮੁਹੰਮਦ,ਕੇਂਦਰੀ ਐਗਜ਼ੈਕਟਿਵ ਮੈਂਬਰ ਜਗਦੀਸ਼ ਲਾਲ,ਕੇਂਦਰੀ ਐਗਜ਼ੈਕਟਿਵ ਮੈਂਬਰ ਮਹਿੰਦਰ ਸਿੰਘ ਗਿੱਲ ਦਾ ਭਰਾਤਰੀ ਜਥੇਬੰਦੀਆਂ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਵੱਲੋਂ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।ਇਸ ਠਹਿਰਾਅ ਤੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਨੇ ਕਿਸਾਨੀ ਧਰਨੇ ਨੂੰ ਰੋਹ ਭਰਭੂਰ ਸੰਬੋਧਨ ਵੀ ਕੀਤਾ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ 25 ਸਤੰਬਰ 2020 ਤੋਂ ਸ਼ੁਰੂ ਹੋਏ ਕਿਸਾਨੀ ਸੰਘਰਸ਼ ਵਿਚ ਪੰਜਾਬ ਦੇ ਪਿੰਡਾਂ ਵਿਚ ਵੱਸਦੇ ਡਾਕਟਰਾਂ ਦਾ ਪੂਰਨ ਸਹਿਯੋਗ ਰਿਹਾ ਹੈ।ਜਿਸ ਵਿੱਚ ਪੂਰੇ ਪੰਜਾਬ ਵਿਚ ਥਾਂ ਥਾਂ ਤੇ ਲੱਗੇ ਕਿਸਾਨੀ ਧਰਨਿਆਂ ਵਿਚ ਡਾਕਟਰਾਂ ਨੇ "ਫਰੀ ਮੈਡੀਕਲ ਕੈਂਪ" ਲਾ ਕੇ ਆਪਣੇ ਲੋਕਾਂ ਦੀ ਦਿਨ ਰਾਤ ਸੇਵਾ ਕੀਤੀ ਹੈ । 25 ਤਰੀਕ ਦੀ ਮਹੱਤਤਾ ਦੱਸਦੇ ਹੋਏ ਆਗੂਆਂ ਨੇ ਦੱਸਿਆ ਕਿ 25 ਸਤੰਬਰ 2020 ਤੋਂ ਪੰਜਾਬ ਦੀ ਧਰਤੀ ਤੋਂ ਪਹਿਲਾ ਕਿਸਾਨੀ ਮੋਰਚਾ ਸ਼ੁਰੂ ਹੋਇਆ ਸੀ । 25 ਨਵੰਬਰ 2020 ਨੂੰ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ ਗਏ ਸਨ । ਪਹਿਲੇ ਦਿਨ ਤੋਂ ਹੀ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ( ਰਜਿ;295) ਦੀ ਅਗਵਾਈ ਹੇਠ ਪੇਂਡੂ ਡਾਕਟਰਾਂ ਨੇ ਫਰੀ ਮੈਡੀਕਲ ਕੈਂਪ" ਲਾ ਕੇ ਆਪਣੇ ਕਿਸਾਨੀ ਧਰਨਿਆਂ ਵਿਚ ਮੋਹਰੀ ਰੋਲ ਅਦਾ ਕੀਤਾ ।ਅਤੇ ਹੁਣ ਇਸ ਠੰਢ ਦੇ ਪ੍ਰਕੋਪ ਨੂੰ ਦੇਖਦੇ ਹੋਏ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਬੈਠੇ ਆਪਣੇ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਨੂੰ ਹੋਰ ਤੇਜ਼ ਕਰਨ ਲਈ ਅੱਜ 25 ਦਸੰਬਰ 2020 ਨੂੰ ਹਜਾਰਾਂ ਦੀ ਗਿਣਤੀ ਵਿੱਚ ਕਾਫਲਿਆਂ ਦੇ ਰੂਪ ਵਿਚ ਕਿਸਾਨੀ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਦਾ ਨਿਰਣਾ ਲਿਆ ਗਿਆ ।
ਕਿਸਾਨ ਯੂਨੀਅਨ ਅਤੇ ਮਜ਼ਦੂਰ ਯੂਨੀਅਨਾਂ ਦੇ ਆਗੂ ਸਹਿਬਾਨਾਂ ਵੱਲੋਂ ਜਿਥੇ ਇਸ ਕਾਫ਼ਲੇ ਦਾ ਭਰਪੂਰ ਸਵਾਗਤ ਕੀਤਾ ਗਿਆ ,ਉਥੇ ਦੁਪਹਿਰ ਦੇ ਖਾਣੇ ਦਾ ਅਤੇ ਚਾਹ ਦੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ।ਜਿਸ ਵਿਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਮੋਗਾ,ਬਰਨਾਲਾ ਅਤੇ ਸੰਗਰੂਰ ਦੇ ਨਾਲ ਲੱਗਦੇ ਬਲਾਕਾਂ ਬਰਨਾਲਾ ਮਹਿਲ ਕਲਾਂ, ਅਹਿਮਦਗੜ੍ਹ ਅਤੇ ਸ਼ੇਰਪੁਰ ਦੇ ਡਾਕਟਰ ਸਹਿਬਾਨ ਵੀ ਸਾਮਲ ਹੋਏ । ਇੱਥੋਂ ਇਹ ਕਾਫ਼ਲਾ ਵੱਡ-ਅਕਾਰੀ ਰੂਪ ਧਾਰਨ ਕਰਦਾ ਹੋਇਆ ਵਾਇਆ ਬਰਨਾਲਾ- ਮਾਨਸਾ ਹੁੰਦਾ ਹੋਇਆ ਦਿੱਲੀ ਟਿਕਰੀ ਬਾਰਡਰ, ਸ਼ੰਭੂ ਬਾਰਡਰ ਅਤੇ ਕੁੰਡਲੀ ਬਾਰਡਰ ਲਈ ਰਵਾਨਾ ਹੋ ਗਿਆ ।
ਜ਼ਿਲ੍ਹਾ ਮਾਨਸਾ ਤੋਂ ਇਸ ਕਾਫ਼ਲੇ ਨਾਲ ਡਾ ਦੀਦਾਰ ਸਿੰਘ ਮੁਕਤਸਰ ਆਰਗੇਨਾਈਜ਼ਰ ਸੈਕਟਰੀ ਪੰਜਾਬ ਅਤੇ ਡਾ ਸੁਰਜੀਤ ਸਿੰਘ ਬਠਿੰਡਾ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਮਾਨਸਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ,ਅਬੋਹਰ ,ਫ਼ਰੀਦਕੋਟ ਆਦਿ ਜ਼ਿਲ੍ਹਿਆਂ ਦੇ ਡਾ ਸਹਿਬਾਨਾਂ ਵੱਲੋਂ ਵੀ ਇਸ ਕਾਫ਼ਲੇ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਗਈ ।
ਇਸ ਸਮੇਂ ਕਿਸਾਨ ਆਗੂਆਂ ਭਰਾਤਰੀ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਤੋਂ ਇਲਾਵਾ ਡਾ ਮਿੱਠੂ ਮੁਹੰਮਦ ਮਹਿਲਕਲਾਂ, ਡਾ ਕੇਸਰ ਖ਼ਾਨ ਮਾਂਗੇਵਾਲ ,ਡਾ ਸੁਰਜੀਤ ਸਿੰਘ ਛਾਪਾ,ਡਾ ਬਲਦੇਵ ਸਿੰਘ ਲੋਹਗੜ੍ਹ , ਡਾ.ਜਸਬੀਰ ਸਿੰਘ ਜੱਸੀ, ਡਾ ਨਾਹਰ ਸਿੰਘ, ਡਾ ਮੁਕਲ ਸ਼ਰਮਾ, ਡਾ ਸੁਰਾਜਦੀਨ, ਡਾ ਜਸਵੰਤ ਸਿੰਘ, ਡਾ ਚਰਨਜੀਤ ਸਿੰਘ ਭੋਲਾ, ਡਾ ਗੁਰਪਿਆਰ ਸਿੰਘ, ਡਾ ਚਮਕੌਰ ਸਿੰਘ ਆਦਿ ਹਾਜ਼ਰ ਸਨ ।