You are here

ਕੇਂਦਰ ਦੀਆਂ ਨਵੀਆਂ ਤਜਵੀਜ਼ਾਂ ਕਿਸਾਨਾਂ ਕੀਤੀਆਂ ਰੱਦ, ਲੜੀਵਾਰ ਭੁੱਖ ਹੜਤਾਲ ਸ਼ੁਰੂ

 ਨਵੀਂ ਦਿੱਲੀ ,ਦਸੰਬਰ  2020  -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  

  ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦਾ ਫ਼ਿਲਹਾਲ ਹੱਲ ਨਿਕਲਦਾ ਨਹੀਂ ਦਿਖ ਰਿਹਾ ਹੈ। ਐਤਵਾਰ ਦੀ ਰਾਤ ਸਰਕਾਰ ਵੱਲੋਂ ਗੱਲਬਾਤ ਲਈ ਭੇਜੀ ਗਈ ਤਜਵੀਜ਼ ਨੂੰ ਕਿਸਾਨਾਂ ਨੇ ਖਾਰਜ ਕਰ ਦਿੱਤਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਵਿਚ ਨਵਾਂ ਕੁਝ ਵੀ ਨਹੀਂ ਹੈ। ਸੰਯੁਕਤ ਕਿਸਾਨ ਮੋਰਚੇ ਦੀ 40 ਮੈਂਬਰੀ ਕਮੇਟੀ ’ਚ ਸ਼ਾਮਲ ਕਿਸਾਨ ਨੇਤਾ ਬਖਸ਼ੀਸ਼ ਸਿੰਘ ਨੇ ਕਿਹਾ ਕਿ ਇਹ ਉਹੀ ਤਜਵੀਜ਼ ਹੈ, ਜਿਸ ’ਤੇ ਅਕਤੂਬਰ ਤੋਂ ਹਾਲੇ ਤਕ ਗੱਲਬਾਤ ਹੋਈ ਹੈ। ਸਰਕਾਰ ਜੇਕਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕਾਨੂੰਨ ਰੱਦ ਕਰਨ ਦੇ ਸਬੰਧ ’ਚ ਕੋਈ ਠੋਸ ਤਜਵੀਜ਼ ਦੇਵੇ।

ਬਖਸ਼ੀਸ਼ ਸਿੰਘ ਨੇ ਕਿਹਾ ਕਿ ਐਤਵਾਰ ਰਾਤ ਨੂੰ ਸਰਕਾਰ ਵੱਲੋਂ ਗੱਲਬਾਤ ਲਈ ਭੇਜੀ ਗਈ ਪੰਜ ਸਫਿਆਂ ਦੀ ਤਜਵੀਜ਼ ਮਿਲੀ, ਪਰ ਇਸ ਵਿਚ ਸਾਰੀਆਂ ਪੁਰਾਣੀਆਂ ਹੀ ਗੱਲਾਂ ਹਨ। ਇਸਦੇ ਆਧਾਰ ’ਤੇ ਸਰਕਾਰ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੁਹਰਾਇਆ ਕਿ ਜੇਕਰ ਸਰਕਾਰ ਗੱਲਬਾਤ ਲਈ ਤਿਆਰ ਹੈ ਤਾਂ ਕਿਸਾਨ ਵੀ ਤਿਆਰ ਹਨ, ਪਰ ਪਹਿਲਾਂ ਗੱਲਬਾਤ ਦਾ ਏਜੰਡਾ ਸਪਸ਼ਟ ਹੋਵੇ ਤੇ ਇਹ ਮੰਗ ਧਿਆਨ ਵਿਚ ਰੱਖੀ ਜਾਵੇ ਕਿ ਕਿਸਾਨਾਂ ਨੂੰ ਤਿੰਨੋਂ ਕਾਨੂੰਨ ਰੱਦ ਕਰਨ ਤੋਂ ਘੱਟ ਕੁਝ ਮਨਜ਼ੂੁਰ ਨਹੀਂ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਤਜਵੀਜ਼ ਤੇ ਉਹੀ ਗੱਲਾਂ ਦੁਹਰਾ ਕੇ ਸਰਕਾਰ ਕਿਸਾਨਾਂ ਤੇ ਦੇਸ਼ ਦੀ ਜਨਤਾ ਨੂੰ ਗੁਮਰਾਹ ਕਰ ਰਹੀ ਹੈ। ਉੱਧਰ, ਪਹਿਲਾਂ ਐਲਾਨੀ ਲੜੀਵਾਰ ਭੁੱਖ ਹੜਤਾਲ ਦੇ ਤਹਿਤ ਸੋਮਵਾਰ ਨੂੰ 11 ਕਿਸਾਨ ਆਗੂ 24 ਘੰਟੇ ਲਈ ਭੁੱਖ ਹੜਤਾਲ ’ਤੇ ਬੈਠੇ। ਰੋਜ਼ਾਨਾ ਹੁਣ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਮੈਂਬਰ ਭੁੱਖ ਹੜਤਾਲ ਕਰਨਗੇ।