ਯੂ ਕੇ ,ਇਟਲੀ, ਆਸਟ੍ਰੇਲੀਆ, ਫਰਾਂਸ ਸਮੇਤ ਕਈ ਦੇਸ਼ਾ ’ਚ ਫੈਲਿਆ ਨਵਾਂ ਵਾਇਰਸ
ਸਾਊਦੀ ਨੇ ਆਪਣੀਆਂ ਸਰਹੱਦਾਂ ਕੀਤੀਆਂ ਬੰਦ
ਯੂਕੇ 30 ਮੁਲਕਾਂ ਤੋਂ ਕੱਟਿਆ ਗਿਆ,7 ਦਿਨਾਂ ਲਈ ਬਾਹਰੋਂ ਆਉਣ ਜਾਣ ਵਾਲਿਆਂ ਤੇ ਲੱਗੀ ਪਾਬੰਦੀ
ਨਵੀਂ ਦਿੱਲੀ/ਲੰਡਨ ,ਦਸੰਬਰ 2020 ( ਏਜੰਸੀ)
ਕੋਰੋਨਾ ਵਾਇਰਸ ਦੀ ਨਵੀਂ ਸਟ੍ਰੇਨ ਭਾਵ ਪਰਿਵਰਤਨਸ਼ੀਲ ਦਬਾਅ ਮੌਜੂਦਾ ਸਮੇਂ ’ਚ ਸਿਰਫ਼ ਬਰਤਾਨੀਆ ਦੀ ਸਰਹੱਦ ਤਕ ਸੀਮਤ ਨਹੀਂ ਰਹਿ ਗਿਆ ਹੈ। ਸਮਾਚਾਰ ਏਜੰਸੀ ਏਪੀ ਦੀ ਰਿਪੋਰਟ ਅਨੁਸਾਰ, ਦੱਖਣੀ ਅਫ਼ਰੀਕਾ ਨੇ ਕਿਹਾ ਹੈ ਕਿ ਦੇਸ਼ ’ਚ ਕੋਵਿਡ-19 ਦੇ ਨਵੇਂ ਪ੍ਰਕਾਰ ਦੇ ਵਾਇਰਸ ਕਾਰਨ ਇਨਫੈਕਟਿਡਾਂ ਦੇ ਮਾਮਲੇ ’ਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਹੀ ਨਹੀਂ ਸਮਾਚਾਰ ਏਜੰਸੀ ਏਐੱਨਆਈ ਨੇ ਸਪੁਤਨਿਕ ਦੇ ਹਵਾਲੇ ਨਾਲ ਦੱਸਿਆ ਹੈ ਕਿ ਫਰਾਂਸ ’ਚ ਇਸ ਦੇ ਪਹਿਲਾਂ ਤੋਂ ਹੀ ਫੈਲਣ ਦਾ ਡਰ ਪ੍ਰਗਟਾਇਆ ਜਾ ਰਿਹਾ ਹੈ। ਇਹੀ ਨਹੀਂ, ਸਮਾਚਾਰ ਏਜੰਸੀ ਰਾਇਟਰ ਦੀ ਰਿਪੋਰਟ ਕਹਿੰਦੀ ਹੈ ਕਿ ਆਸਟ੍ਰੇਲੀਆ ’ਚ ਨਵੀਂ ਸਟ੍ਰੇਨ ਦੇ ਦੋ ਕਨਫਰਮ ਮਾਮਲੇ ਸਾਹਮਣੇ ਆਏ ਹਨ। ਬਰਤਾਨੀਆ ਦੇ ਲੋਕ ਇਸ ਨਵੇਂ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਲੈ ਕੇ ਘਬਰਾਉਣ ਲੱਗੇ ਹਨ । ਲੋਕਾਂ ਵਿਚ ਡਰ ਅਤੇ ਸਹਿਮ ਪਾਇਆ ਜਾ ਰਿਹਾ ਹੈ ਕੰਮਕਾਰ ਠੱਪ ਹੋ ਰਹੇ ਹਨ ।
ਸਾਊਦੀ ਅਰਬ ਨੇ ਬੰਦ ਕੀਤੀਆਂ ਆਪਣੀਆਂ ਸਰਹੱਦਾਂ
ਸਾਊਦੀ ਅਰਬ ਨੇ ਅਸਥਾਈ ਤੌਰ ’ਤੇ ਸਾਰੀਆਂ ਕੌਮਾਂਤਰੀ ਉਡਾਣਾਂ ’ਤੇ ਪਾਬੰਦੀ ਲਾ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਫਿਲਹਾਲ ਇਹ ਪਾਬੰਦੀ ਸੱਤ ਦਿਨਾਂ ਤਕ ਲਾਗੂ ਰਹੇਗੀ ਅਤੇ ਡਾਕਟਰਾਂ ਦੀ ਸਲਾਹ ’ਤੇ ਇਸ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ। ਵਾਇਰਸ ਦੇ ਨਵੇਂ ਪ੍ਰਕਾਰ ਨੂੰ ਰੋਕਣ ਲਈ ਸਾਊਦੀ ਅਰਬ ਨੇ ਦੇਸ਼ ਦੀਆਂ ਸਰਹੱਦਾਂ ਅਤੇ ਬੰਦਰਗਾਹਾਂ ਨੂੰ ਵੀ ਇਕ ਹਫ਼ਤੇ ਲਈ ਬੰਦ ਕਰ ਦਿੱਤਾ ਹੈ। ਸਾਊਦੀ ਸਰਕਾਰ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਯੂਰਪੀ ਦੇਸ਼ ਤੋਂ ਆਏ ਲੋਕਾਂ ਨੂੰ ਤੁਰੰਤ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਹੈ। ਨਵੀਆਂ ਪਾਬੰਦੀਆਂ ਦਾ ਅਸਰ ਕਾਰਗੋ ਜਹਾਜ਼ ਸੇਵਾ ਅਤੇ ਸਪਲਾਈ ਚੇਨ ’ਤੇ ਨਹੀਂ ਪਵੇਗਾ।
ਬਹੁਤ ਸਾਰੇ ਦੇਸ਼ਾਂ ਨੇ ਉਡਾਣਾਂ ’ਤੇ ਲਾਈ ਰੋਕ
ਵਾਇਰਸ ਦਾ ਇਹ ਨਵਾਂ ਪ੍ਰਕਾਰ ਪਹਿਲਾਂ ਨਾਲੋਂ 70 ਫ਼ੀਸਦੀ ਜ਼ਿਆਦਾ ਪ੍ਰਭਾਵਕਾਰੀ ਹੈ। ਵਾਇਰਸ ਦਾ ਨਵਾਂ ਸਟ੍ਰੇਨ ਮਿਲਣ ਤੋਂ ਬਾਅਦ ਕਈ ਦੇਸ਼ਾਂ ਨੇ ਬਰਤਾਨੀਆ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਰੋਕ ਲਾ ਦਿੱਤੀ ਹੈ। ਫਰਾਂਸ, ਜਰਮਨੀ, ਇਟਲੀ, ਬੈਲਜ਼ੀਅਮ, ਡੈਨਮਾਰਕ, ਬੁਲਗਾਰੀਆ, ਦੱਖਣੀ ਆਇਰਸ ਰਿਪਬਲਿਕ, ਤੁਰਕੀ, ਕੈਨੇਡਾ, ਹਾਂਗਕਾਂਗ, ਈਰਾਨ, ¬ਕ੍ਰੋਏਸ਼ੀਆ, ਅਰਜਨਟੀਨਾ, ਚਿੱਲੀ, ਮੋਰੱਕੋ, ਇੰਡੀਆ ਅਤੇ ਕੁਵੈਤ ਨੇ ਬਰਤਾਨੀਆ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਇਜ਼ਰਾਈਲ ਨੇ ਸਿਰਫ਼ ਬਰਤਾਨੀਆ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਰੋਕ ਨਹੀਂ ਲਗਾਈ ਹੈ ਸਗੋਂ ਡੈਨਮਾਰਕ ਅਤੇ ਦੱਖਣੀ ਅਫਰੀਕਾ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਵੀ ਪਾਬੰਦੀ ਦਾ ਐਲਾਨ ਕੀਤਾ ਹੈ।
ਨਵਾਂ ਵਾਇਰਸ ਜ਼ਿਆਦਾ ਖ਼ਤਰਨਾਕ ਨਹੀਂ- ਮੂਰਤੀ
ਭਾਰਤੀ ਮੂਲ ਦੇ ਅਮਰੀਕੀ ਡਾਕਟਰ ਵਿਵੇਕ ਮੂਰਤੀ ਨੇ ਕਿਹਾ ਹੈ ਕਿ ਫਿਲਹਾਲ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਇੰਗਲੈਂਡ ’ਚ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਵਾਇਰਸ ਜ਼ਿਆਦਾ ਖ਼ਤਰਨਾਕ ਹੈ। ਨਵੇਂ ਚੁਣੇ ਰਾਸ਼ਟਰਪਤੀ ਜੋ ਬਾਇਡਨ ਵੱਲੋਂ ਦੇਸ਼ ਦੇ ਨਵੇਂ ਸਰਜਨ ਜਨਰਲ ਨਿਯੁਕਤ ਕੀਤੇ ਗਏ 43 ਸਾਲਾ ਮੂਰਤੀ ਨੇ ਕਿਹਾ ਕਿ ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ ਕਿ ਕੋਰੋਨਾ ਲਈ ਬਣਾਏ ਗਏ ਟੀਕੇ ਨਵੇਂ ਸਵਾਇਰਸ ਦੇ ਖ਼ਿਲਾਫ਼ ਪ੍ਰਭਾਵੀ ਨਹੀਂ ਹੋਣਗੇ।