You are here

ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮੌਕੇ ਕੀਤੀ ਸ਼ਰਧਾਂਜਲੀ ਭੇਟ

ਲੁਧਿਆਣਾ , ਦਸੰਬਰ  2020  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਪਰਮ ਵੀਰ ਚੱਕਰ ਪ੍ਰਾਪਤ ਸ਼ਹੀਦ ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਸਥਾਨਕ ਮਿੰਨੀ ਸਕੱਤਰੇਤ ਵਿਖੇ ਸ਼ਰਧਾ ਦੇ ਫੁੱਲ ਭੇਂਟ ਕਰਨ ਦੀ ਰਸਮ ਅਯੋਜਿਤ ਕੀਤੀ ਗਈ। ਹਲਕਾ ਦਾਖਾ ਦੇ ਪਿੰਡ ਰੁੜਕਾ ਈਸੇਵਾਲ ਦੇ ਵਸਨੀਕ, ਸ.ਨਿਰਮਲਜੀਤ ਸਿੰਘ ਸੇਖੋਂ ਵੱਲੋਂ 1971 ਦੀ ਭਾਰਤ-ਪਾਕਿ ਜੰਗ ਦੌਰਾਨ ਦੁਸ਼ਮਣਾ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ।ਏਅਰ ਕਮਾਂਡਰ ਸ਼ੋਏਬ ਕਾਜ਼ਮੀ, ਏਅਰ ਅਫਸਰ ਕਮਾਂਡਿੰਗ, ਏਅਰ ਫੋਰਸ ਸਟੇਸ਼ਨ ਹਲਵਾਰਾ, ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਸੰਯੁਕਤ ਪੁਲਿਸ ਕਮਿਸ਼ਨਰ (ਹੈਡਕੁਆਰਟਰ) ਜੇ. ਐਲਨਚੇਜ਼ੀਅਨ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਵੱਲੋਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ਼ਰਧਾਂਜਲੀ ਦਿੱਤੀ ਜਦਕਿ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਵੀ ਦਿੱਤੀ ਗਈ।ਜ਼ਿਕਰਯੋਗ ਹੈ ਕਿ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦਾ ਜਨਮ, 17 ਜੁਲਾਈ, 1943 ਨੂੰ ਹੋਇਆ ਤੇ ਉਨ੍ਹਾਂ ਭਾਰਤੀ ਹਵਾਈ ਸੈਨਾ ਵਿੱਚ 04 ਜੁਲਾਈ, 1967 ਨੂੰ ਦੇਸ਼ ਸੇਵਾ ਲਈ ਆਪਣਾ ਸਫ਼ਰ ਸ਼ੁਰੂ ਕੀਤਾ। 1971 ਦੀ ਭਾਰਤ-ਪਾਕਿ ਜੰਗ ਮੌਕੇ, ਸ੍ਰੀਨਗਰ ਏਅਰ ਫੀਲਡ 'ਤੇੇ 14 ਦਸੰਬਰ, 1971 ਨੂੰ ਛੇ ਪਾਕਿਸਤਾਨੀ ਜਹਾਜ਼ਾਂ ਵੱਲੋਂ ਹਮਲਾ ਕੀਤਾ ਗਿਆ। ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਵੱਲੋਂ ਪਾਕਿਸਤਾਨੀ ਹਮਲੇ ਨੂੰ ਅਸਫਲ ਕਰਨ ਲਈ ਅਤਿ ਦਲੇਰੀ, ਬਹਾਦਰੀ ਅਤੇ ਦ੍ਰਿੜਤਾ ਨਾਲ ਮੁਕਾਬਲਾ ਕਰਦਿਆਂ ਦੁਸ਼ਮਣ ਨੂੰ ਵਾਪਸ ਜਾਣ ਲਈ ਮਜਬੂਰ ਕੀਤਾ ਅਤੇ ਦੋ ਦੁਸ਼ਮਣ ਜਹਾਜ਼ਾਂ ਨੂੰ ਨਸ਼ਟ ਵੀ ਕੀਤਾ। ਦੁਸ਼ਮਣਾ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਵੱਲੋਂ ਅਖੀਰ ਵਿਚ ਦੁਸ਼ਮਣ ਨਾਲ ਲੜਦਿਆਂ ਕੌਮ ਦੀ ਸੇਵਾ ਵਿਚ ਆਪਣੀ ਜਾਨ ਕੁਰਬਾਨ ਕਰ ਦਿੱਤੀ।