ਜਗਰਾਉਂ ,ਦਸੰਬਰ 2020 -(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ )
ਭਾਰਤ ਭਰ ਚ ਚੱਲ ਰਹੇ ਕਿਸਾਨ ਸੰਘਰਸ਼ ਸਬੰਧੀ ਅੱਜ ਐੱਸ.ਡੀ.ਐੱਮ. ਦਫ਼ਤਰ ਜਗਰਾਉਂ ਵਿਖੇ ਕਿਸਾਨ ਸੰਘਰਸ਼ ਕਮੇਟੀ ਜਗਰਾਉਂ ਵੱਲੋਂ ਐੱਸ.ਡੀ.ਐੱਮ. ਰਾਹੀਂ ਭਾਰਤ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਮੰਗ ਪੱਤਰ ਰਾਹੀ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਿਨ੍ਹਾਂ ਦੇਰ ਕੀਤਿਆਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਦਾ ਐਲਾਨ ਕੀਤਾ ਜਾਵੇ। ਕਿਸਾਨ ਵਿਰੋਧੀ ਕਨੂੰਨ, ਬਿਜਲੀ ਸੋਧ ਬਿੱਲ, ਖੇਤੀਬਾੜੀ ਪ੍ਰਦੂਸ਼ਣ ਐਕਟ ਰੱਦ ਕੀਤੇ ਜਾਣ। ਸਿੱਖਿਆ ਦਾ ਨਿੱਜੀਕਰਨ ਤੇ ਭਗਵਾਕਰਨ ਬੰਦ ਕੀਤਾ ਜਾਵੇ। ਜੇਲ੍ਹਾਂ ਚ ਬੰਦ ਜਮਹੂਰੀ ਹੱਕਾਂ ਦੇ ਕਾਰਕੁਨ ਰਿਹਾਅ ਕੀਤੇ ਜਾਣ। ਸਰਕਾਰੀ ਅਦਾਰੇ ਵੇਚਣੇ ਬੰਦ ਕੀਤੇ ਜਾਣ ਆਦਿ ਮੰਗਾਂ ਕੀਤੀਆਂ ਗਈਆਂ। ਰੈਲੀ ਚ ਬੁਲਾਰਿਆਂ ਨੇ ਇਸ ਗੱਲ ਤੇ ਤਸੱਲੀ ਜਾਹਰ ਕੀਤੀ ਕਿ ਫਾਸ਼ੀ ਸਰਕਾਰ ਘੋਲ ਨੂੰ ਹੰਭਾਉਣ ਚ ਬੁਰੀ ਤਰ੍ਹਾ ਨਾਕਾਮ ਰਹੀ ਹੈ ਅਤੇ ਘੋਲ ਦਿਨ ਬ ਦਿਨ ਵੱਡਾ ਹੁੰਦਾ ਜਾ ਰਿਹਾ ਹੈ।ਬੁਲਾਰਿਆਂ ਨੇ ਕਿਸਾਨ ਲੀਡਰਾਂ ਦੇ ਫੈਸਲੇ ਕਿ ਕਾਲੇ ਕਾਨੂੰਨਾਂ ਨੂੰ ਪਾਰਲੀਮੈਂਟ ਦਾ ਵਿਸ਼ੇਸ਼ ਸਤਰ ਬੁਲਾ ਕੇ ਰੱਦ ਕੀਤਾ ਜਾਵੇ ਦਾ ਸਵਾਗਤ ਕੀਤਾ। ਮੌਕਾਪ੍ਰਸਤ ਸਿਆਸੀ ਪਾਰਟੀਆਂ ਦਾ ਦੋਗਲਾਪਣ ਨੰਗਾ ਕਰਦੇ ਹੋਏ ਬੁਲਾਰਿਆਂ ਨੇ ਅਪਣੀ ਰਾਖੀ ਆਪ ਕਰੋ,ਜੋਕਾਂ ਤੋਂ ਨਾ ਝਾਕ ਕਰੋ ਦੇ ਨਾਅਰੇ ਬੁਲੰਦ ਕੀਤੇ। ਅੱਜ ਦੀ ਇਸ ਮੀਟਿੰਗ ਚ ਹਰਬੰਸ ਸਿੰਘ ਅਖਾੜਾ, ਅਵਤਾਰ ਸਿੰਘ ਡਾਇਟ, ਜੋਗਿੰਦਰ ਆਜ਼ਾਦ, ਮਲਕੀਤ ਸਿੰਘ, ਕਰਮ ਸਿੰਘ ਸੰਧੂ, ਹਰਭਜਨ ਸਿੰਘ ਸਿੱਧੂ, ਮਜ਼ਦੂਰ ਆਗੂ ਬਲਦੇਵ ਰਸੂਲਪੁਰ, ਕਿਸਾਨ ਆਗੂ ਜਸਮੇਲ ਸਿੰਘ ਅਤੇ ਪਰਵਾਰ ਸਿੰਘ, ਸੱਤਪਾਲ ਸਿੰਘ ਦੇਹੜਕਾ, ਸਾਹਿਤਕਾਰ ਰਾਜਦੀਪ ਸਿੰਘ ਤੂਰ, ਪ੍ਰਭਜੋਤ ਸੋਹੀ, ਸੁਖਦੇਵ ਹਠੂਰ, ਡੀ.ਟੀ.ਐੱਫ਼. ਆਗੂ ਮਨਜਿੰਦਰ ਸਿੰਘ ਚੀਮਾ, ਦਵਿੰਦਰ ਸਿੰਘ ਸਿੱਧੂ, ਸੁਧੀਰ ਝਾਂਜੀ, ਹਰਦੀਪ ਸਿੰਘ, ਸਰਬਜੀਤ ਸਿੰਘ, ਭਜਨ ਸਿੰਘ, ਬਲਜਿੰਦਰ ਸਿੰਘ ਗੁਰਮੀਤ ਸਿੰਘ,ਜਸਵੰਤ ਕਲੇਰ ਆਦਿ ਹਾਜ਼ਰ ਸਨ।