ਲੁਧਿਆਣਾ 1 ਮਈ ( ਇਕਬਾਲ ਸਿੱਧੂ/ਮਨਜਿੰਦਰ ਗਿੱਲ )—ਬੁੱਢਾ ਨਾਲਾ ਵਿੱਚ ਰਸਾਇਣਯੁਕਤ ਪਾਣੀ ਪੈਣ ਦੀ ਸਥਿਤੀ 'ਤੇ ਨਜ਼ਰ ਰੱਖਣ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਨੇ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਸ਼ਹਿਰ ਦਾ ਦੌਰਾ ਕੀਤਾ। ਇਸ ਟੀਮ ਵਿੱਚ ਜਸਟਿਸ ਪ੍ਰੀਤਮ ਪਾਲ (ਸੇਵਾਮੁਕਤ), ਐੱਸ. ਸੀ. ਅਗਰਵਾਲ ਸੇਵਾਮੁਕਤ ਮੁੱਖ ਸਕੱਤਰ ਪੰਜਾਬ ਅਤੇ ਬਾਬੂ ਰਾਮ ਸ਼ਾਮਿਲ ਸਨ। ਇਸ ਸੰਬੰਧੀ ਸਥਾਨਕ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਟਿਸ ਪ੍ਰੀਤਮ ਪਾਲ ਨੇ ਦੱਸਿਆ ਕਿ ਮੌਜੂਦਾ ਸਮੇਂ ਬੁੱਢਾ ਨਾਲਾ ਦੀ ਸਥਿਤੀ ਬਹੁਤ ਹੀ ਗੰਭੀਰ ਹੈ ਅਤੇ ਇਸ ਨਾਲੇ ਵਿੱਚ ਹੋਰ ਰਸਾਇਣਯੁਕਤ ਪਾਣੀ ਪੈਣ ਤੋਂ ਰੋਕਣ ਲਈ ਸਖ਼ਤ ਕਦਮ ਉਠਾਏ ਜਾਣ ਦੀ ਲੋੜ ਹੈ। ਉਨਾਂ ਨੇ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਇਸ ਸਥਿਤੀ 'ਤੇ ਨਜ਼ਰ ਰੱਖਣ ਅਤੇ ਇਸ ਦੇ ਹੱਲ ਲਈ ਸੁਝਾਅ ਦੇਣ ਲਈ ਹੀ ਇਸ ਕਮੇਟੀ ਦਾ ਗਠਨ ਕੀਤਾ ਹੈ। ਉਨਾਂ ਦੱਸਿਆ ਕਿ ਇਸ ਨਾਲੇ ਨੂੰ ਹੋਰ ਪਲੀਤ ਹੋਣ ਤੋਂ ਬਚਾਉਣ ਲਈ ਟ੍ਰਿਬਿਊਨਲ ਵੱਲੋਂ 'ਟਾਈਮ ਬਾਊਂਡ ਐਕਸ਼ਨ ਪਲਾਨ' ਤਿਆਰ ਕੀਤਾ ਗਿਆ ਹੈ, ਜਿਸ ਨੂੰ ਜਲਦ ਲਾਗੂ ਕੀਤਾ ਜਾ ਰਿਹਾ ਹੈ। ਕਮੇਟੀ ਵੱਲੋਂ ਜੋ ਸਥਿਤੀ ਦੇਖੀ ਗਈ ਹੈ, ਉਸ ਬਾਰੇ ਰਿਪੋਰਟ ਟ੍ਰਿਬਿਊਨਲ ਨੂੰ ਭੇਜੀ ਜਾਵੇਗੀ, ਜਿਸ ਉਪਰੰਤ ਇਸ 'ਤੇ ਅਗਲੀ ਕਾਰਵਾਈ ਆਰੰਭੀ ਜਾਵੇਗੀ। ਉਨਾਂ ਉਮੀਦ ਜਤਾਈ ਕਿ ਸ਼ਹਿਰ ਵਿੱਚ ਲਗਾਏ ਜਾ ਰਹੇ ਐੱਸ. ਟੀ. ਪੀਜ਼ ਦਸੰਬਰ ਤੱਕ ਚਾਲੂ ਹੋ ਜਾਣਗੇ, ਜਿਸ ਨਾਲ ਨਾਲੇ ਵਿੱਚ ਪ੍ਰਦੂਸ਼ਿਤ ਪਾਣੀ ਦੇ ਵਹਾਅ 'ਤੇ ਵੱਡੀ ਪੱਧਰ 'ਤੇ ਰੋਕ ਲੱਗ ਸਕਦੀ ਹੈ। ਜਸਟਿਸ ਪ੍ਰੀਤਮ ਪਾਲ ਨੇ ਦੱਸਿਆ ਕਿ ਪਹਿਲੀ ਨਜ਼ਰੇ ਸਾਹਮਣੇ ਆਇਆ ਹੈ ਕਿ ਬੁੱਢੇ ਨਾਲੇ ਵਿੱਚ ਦਿਨੋਂ ਦਿਨ ਵਧ ਰਹੇ ਪ੍ਰਦੂਸ਼ਣ ਦੀ ਜਿੰਮੇਵਾਰੀ ਤੋਂ ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਆਪਣਾ-ਆਪਣਾ ਪੱਲਾ ਝਾੜਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਕਮੇਟੀ ਨੇ ਅੱਜ ਨਾਲੇ ਵਿੱਚ ਚੱਲ ਰਹੇ ਪਾਣੀ ਦੇ ਨਮੂਨੇ ਲਏ ਹਨ। ਜਿਨਾਂ ਤੋਂ ਇਹ ਸਾਬਿਤ ਹੋ ਜਾਵੇਗਾ ਕਿ ਨਾਲੇ ਵਿੱਚ ਪ੍ਰਦੂਸ਼ਿਤ ਪਾਣੀ ਸਨਅਤਾਂ ਤੋਂ ਪੈ ਰਿਹਾ ਹੈ ਜਾਂ ਡੇਅਰੀਆਂ ਜਾਂ ਘਰਾਂ ਤੋਂ। ਇਸ ਸੰਬੰਧੀ ਰਿਪੋਰਟ ਆਉਣ ਤੋਂ ਬਾਅਦ ਨਗਰ ਨਿਗਮ ਜਾਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਇੱਕ ਦੂਜੇ 'ਤੇ ਜਿੰਮੇਵਾਰੀ ਨਹੀਂ ਸੁੱਟ ਸਕਣਗੇ। ਉਨਾਂ ਦੱਸਿਆ ਕਿ ਅੱਜ ਦੌਰਾ ਕਰਨ 'ਤੇ ਪਤਾ ਲੱਗਾ ਹੈ ਕਿ ਪ੍ਰਸਾਸ਼ਨ ਵੱਲੋਂ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਨ ਬਾਰੇ ਯਤਨ ਕੀਤੇ ਜਾ ਰਹੇ ਹਨ। ਇਸ ਸੰਬੰਧੀ 12 ਮਈ ਨੂੰ ਕਮੇਟੀ ਦੀ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ ਪ੍ਰਸਾਸ਼ਨ ਨੂੰ ਡੇਅਰੀਆਂ ਬਾਰੇ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ। ਜੇਕਰ ਡੇਅਰੀਆਂ ਬਾਹਰ ਤਬਦੀਲ ਹੁੰਦੀਆਂ ਹਨ ਤਾਂ ਠੀਕ ਹੈ ਨਹੀਂ ਤਾਂ ਡੇਅਰੀਆਂ ਦਾ ਡਿਸਪੋਜ਼ਲ ਕਿਵੇਂ ਅਤੇ ਕਦੋਂ ਸਾਫ਼ ਕਰਨਾ ਹੈ, ਇਸ ਬਾਰੇ ਪ੍ਰਸਾਸ਼ਨ ਨੂੰ ਜਵਾਬ ਦੇਣਾ ਪਵੇਗਾ। ਟੀਮ ਵੱਲੋਂ ਅੱਜ ਐੱਸ. ਟੀ. ਪੀ. ਜਮਾਲਪੁਰ ਅਤੇ ਭੱਟੀਆਂ, ਸੀ. ਈ. ਟੀ. ਪੀ. ਬਹਾਦਰਕੇ ਰੋਡ, ਤਾਜਪੁਰ ਸੜਕ ਸਥਿਤ ਡੇਅਰੀਆਂ ਦਾ ਦੌਰਾ ਕੀਤਾ। ਅਤੇ ਉਥੇ ਮੌਜੂਦਾ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਨਾ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਉਨਾਂ ਦੱਸਿਆ ਕਿ ਪਿੰਡ ਕਾਸਾਬਾਦ ਨਜ਼ਦੀਕ ਸਤਲੁੱਜ ਦਰਿਆ ਵਿੱਚ ਪ੍ਰਦੂਸ਼ਿਤ ਪਾਣੀ ਵੱਡੀ ਪੱਧਰ 'ਤੇ ਪੈ ਰਿਹਾ ਹੈ, ਜੋ ਕਿ ਬੇਹੱਦ ਗੰਭੀਰ ਮਸਲਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੈਂਬਰ ਬਲਬੀਰ ਸਿੰਘ ਸੀਚੇਵਾਲ, ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੀਫ਼ ਇੰਜੀਨੀਅਰ ਗੁਲਸ਼ਨ ਰਾਏ ਅਤੇ ਐੱਸ. ਈ. ਸ੍ਰੀ ਸੰਦੀਪ ਬਹਿਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।