You are here

ਮਜ਼ਦੂਰ ਦਿਵਸ ਮੌਕੇ ਵੋਟਰ ਜਾਗਰੂਕਤਾ ਸਮਾਗਮ

ਦੇਸ਼ ਨੂੰ ਬੁਨਿਆਦੀ ਤੌਰ 'ਤੇ ਵਿਕਸਤ ਕਰਨ ਵਾਲਾ ਮਜ਼ਦੂਰ ਵਰਗ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੀ ਅੱਗੇ ਆਵੇ-ਵਧੀਕ ਡਿਪਟੀ ਕਮਿਸ਼ਨਰ

ਲੁਧਿਆਣਾ  ਮਈ  ( ਇਕਬਾਲ ਸਿੱਧੂ/ਮਨਜਿੰਦਰ ਗਿੱਲ )—ਅਗਾਮੀ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਜ਼ਿਲਾ ਲੁਧਿਆਣਾ ਵਿੱਚ ਆਮ ਜਨਤਾ ਦੇ ਨਾਲ-ਨਾਲ ਮਜ਼ਦੂਰ ਵਰਗ ਨੂੰ ਵੋਟ ਦਾ ਜ਼ਰੂਰੀ ਅਤੇ ਸਹੀ ਇਸਤੇਮਾਲ ਕਰਨ ਸਬੰਧੀ ਜਾਗਰੂਕ ਕਰਨ ਲਈ ਸਥਾਨਕ ਜੀ. ਟੀ. ਰੋਡ ਸਥਿਤ ਗਿਆਸਪੁਰਾ ਪਾਰਕ ਵਿਖੇ ਵੋਟਰ ਜਾਗਰੂਕਤਾ ਸਮਾਗਮ ਕਰਵਾਇਆ ਗਿਆ। 'ਅੰਤਰਰਾਸ਼ਟਰੀ ਮਜ਼ਦੂਰ ਦਿਵਸ' ਮੌਕੇ ਕਰਵਾਏ ਗਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਮਜ਼ਦੂਰ ਵਰਗ ਨੇ ਭਾਗ ਲਿਆ ਅਤੇ ਚੋਣਾਂ ਦੌਰਾਨ ਵੋਟ ਦਾ ਇਸਤੇਮਾਲ ਕਰਨ ਦਾ ਭਰੋਸਾ ਦਿੱਤਾ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ)-ਕਮ-ਨੋਡਲ ਅਧਿਕਾਰੀ ਸਵੀਪ ਗਤੀਵਿਧੀਆਂ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਗੁਪਤਾ ਨੇ ਕਿਹਾ ਕਿ ਦੇਸ਼ ਦੇ ਢਾਂਚਾਗਤ ਬੁਨਿਆਦੀ ਵਿਕਾਸ ਵਿੱਚ ਮਜ਼ਦੂਰ ਵਰਗ ਦਾ ਅਹਿਮ ਯੋਗਦਾਨ ਹੈ। ਪਰ ਭਾਰਤ ਦੇਸ਼ ਦਾ ਅਸਲ ਵਿਕਾਸ ਉਸ ਵੇਲੇ ਤੱਕ ਨਹੀਂ ਹੋ ਸਕਦਾ, ਜਦੋਂ ਤੱਕ ਇਥੋਂ ਦੀ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਨਾ ਕੀਤਾ ਜਾਵੇ। ਉਨਾਂ ਮਜ਼ਦੂਰ ਵਰਗ ਨੂੰ ਸੱਦਾ ਦਿੱਤਾ ਕਿ ਉਹ ਆਗਾਮੀ 19 ਮਈ, 2019 ਨੂੰ ਆਪਣੀ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਜਰੂਰ ਕਰਨ ਤਾਂ ਜੋ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਵਿੱਚ ਵੱਧ ਤੋਂ ਮਜ਼ਦੂਰ ਵਰਗ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਵੋਟਾਂ ਵਾਲੇ ਦਿਨ ਤਨਖ਼ਾਹ ਸਮੇਤ ਛੁੱਟੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਚੋਣਾਂ ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਸਵੀਪ ਗਤੀਵਿਧੀਆਂ 'ਤੇ ਸਭ ਤੋਂ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। ਜਿਸ ਸਬੰਧੀ ਜਿੱਥੇ ਜ਼ਿਲੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਥਾਂ-ਥਾਂ 'ਤੇ ਈ.ਵੀ.ਐੱਮ/ਵੀ.ਵੀ.ਪੀ.ਏ.ਟੀ. ਬਾਰੇ ਅਤੇ ਚੋਣ ਸਰਗਰਮੀਆਂ ਬਾਰੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਉਥੇ ਹੀ ਵਿਸ਼ਵ ਮਜ਼ਦੂਰ ਦਿਵਸ ਮੌਕੇ ਅੱਜ ਹਰੇਕ ਵਿਧਾਨ ਸਭਾ ਹਲਕੇ ਵਿੱਚ ਜਾਗਰੂਕਤਾ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਹੈ।

ਉਨਾਂ ਕਿਹਾ ਕਿ ਇਸ ਵਾਰ ਵੋਟਾਂ ਪਾਉਣ ਦਾ ਕੰਮ ਵੀ. ਵੀ. ਪੀ. ਏ. ਟੀ. ਮਸ਼ੀਨਾਂ ਨਾਲ ਹੋਵੇਗਾ। ਲਗਾਏ ਜਾ ਰਹੇ ਇਨਾਂ ਕੈਂਪਾਂ ਵਿੱਚ ਵੋਟਰਾਂ/ਆਮ ਜਨਤਾ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਉਹ ਜਿਸ ਬਟਨ ਨੂੰ ਦਬਾਉਂਦੇ ਹਨ ਉਸੇ ਉਮੀਦਵਾਰ ਨੂੰ ਹੀ ਵੋਟ ਪੈਂਦੀ ਹੈ।ਇਸ ਮਕਸਦ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਇਸ ਵਾਰ ਹਰੇਕ ਪੋਲਿੰਗ ਬੂਥ 'ਤੇ ਈ.ਵੀ.ਐੱਮ ਮਸ਼ੀਨ ਦੇ ਨਾਲ ਵੀ.ਵੀ.ਪੀ.ਏ.ਟੀ. ਵਿੱਚ ਸੱਤ ਸੈਕਿੰਡ ਲਈ ਉਸੇ ਉਮੀਦਵਾਰ ਦਾ ਚੋਣ ਨਾਮ ਅਤੇ ਲੜੀ ਵਿੱਚ ਨੰਬਰ ਦਿਖਾਈ ਦਿੰਦਾ ਹੈ, ਜਿਸ ਨੂੰ ਉਸਨੇ ਵੋਟ ਪਾਈ ਹੁੰਦੀ ਹੈ।ਇਸ ਮੌਕੇ ਭਾਰਤੀ ਚੋਣ ਪ੍ਰਣਾਲੀ ਬਾਰੇ ਸਵਾਲ-ਜਵਾਬ ਸੈਸ਼ਨ ਦਾ ਵੀ ਆਯੋਜਨ ਕੀਤਾ ਗਿਆ ਅਤੇ ਜੇਤੂਆਂ ਨੂੰ ਮੌਕੇ 'ਤੇ ਉਤਸ਼ਾਹਵਰਧਕ ਇਨਾਮਾਂ ਨਾਲ ਨਿਵਾਜ਼ਿਆ ਗਿਆ। ਸਮਾਗਮ ਦੌਰਾਨ ਅਗਾਂਹਵਧੂ ਅਧਿਆਪਕ ਅਤੇ ਗਾਇਕ  ਕਰਮਜੀਤ ਸਿੰਘ ਗਰੇਵਾਲ ਲਲਤੋਂ ਕਲਾਂ ਅਤੇ ਨੋਡਲ ਅਧਿਕਾਰੀ  ਬਲਵੰਤ ਸਿੰਘ ਨੇ ਹਾਜ਼ਰੀਨ ਨੂੰ ਗੀਤ ਸੰਗੀਤ ਰਾਹੀਂ ਵੋਟ ਦਾ ਇਸਤੇਮਾਲ ਕਰਨ ਦਾ ਸੁਨੇਹਾ ਦਿੱਤਾ। ਹਾਜ਼ਰੀਨ ਨੂੰ ਸਹੁੰ ਵੀ ਚੁਕਾਈ ਗਈ। ਇਸ਼ਮੀਤ ਸਿੰਘ ਸੰਗੀਤ ਅਕਾਦਮੀ ਦੇ ਬੱਚਿਆਂ ਨੇ ਡਾਂਸ ਰਾਂਹੀ ਮਨੋਰੰਜਨ ਕੀਤਾ। ਸਹਾਇਕ ਰਿਟਰਨਿੰਗ ਅਫ਼ਸਰ ਦੀਪਕ ਰੁਹੇਲਾ, ਜ਼ਿਲਾ ਲੋਕ ਸੰਪਰਕ ਅਫ਼ਸਰ  ਪ੍ਰਭਦੀਪ ਸਿੰਘ ਨੱਥੋਵਾਲ, ਐੱਸ. ਡੀ. ਓ. ਸੂਰਜ ਮਨਚੰਦਾ, ਨੋਡਲ ਅਧਿਕਾਰੀ ਪਵਨ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਮਜ਼ਦੂਰ ਹਾਜ਼ਰ ਸਨ।