ਲੰਡਨ, 3 ਦਸੰਬਰ ( ਖਹਿਰਾ) ਸਾਊਥਹਾਲ ਦੇ ਮਸ਼ਹੂਰ ਕਾਰੋਬਾਰੀ ਪਿੰਕ ਸਿਟੀ ਹੇਜ ਦੇ ਮਾਲਕ ਲਖਵਿੰਦਰ ਸਿੰਘ ਗਿੱਲ ਕੋਕਰੀ ਕਲਾਂ ਦੇ ਪਿਤਾ ਸ ਬਲਵੰਤ ਸਿੰਘ ਗਿੱਲ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ । ਉਨ੍ਹਾਂ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਸਾਊਥਾਲ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹੋਇਆ । ਵੱਡੀ ਗਿਣਤੀ ਵਿਚ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਅਤੇ ਇਲਾਕੇ ਵਿੱਚ ਵਸਣ ਵਾਲੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਦੇ ਨਾਲ ਬਹੁਤ ਸਾਰੇ ਹੋਰ ਵਿਦੇਸ਼ਾਂ ਤੋਂ ਸ ਬਲਵੰਤ ਸਿੰਘ ਗਿੱਲ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਸਮੇਂ ਸਾਊਥਾਲ ਈਲਿੰਗ ਦੇ ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ ਨੇ ਸ ਬਲਵੰਤ ਸਿੰਘ ਗਿੱਲ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦੇ ਹੋਏ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ । ਉਪਰੰਤ ਸ੍ਰੀ ਗੁਰੂ ਸਿੰਘ ਸਭਾ ਦੇ ਮੌਜੂਦਾ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਕਮੇਟੀ ਮੈਂਬਰ ਸੁਖਦੇਵ ਸਿੰਘ ਔਜਲਾ ਸਾਬਕਾ ਪ੍ਰਧਾਨ ਹਿੰਮਤ ਸਿੰਘ ਸੋਹੀ ਸਟੇਜ ਸਕੱਤਰ ਕੁਲਵੰਤ ਸਿੰਘ ਭਿੰਡਰ ਅਤੇ ਗੁਰਦੇਵ ਸਿੰਘ ਬਰਾੜ ਵੱਲੋਂ ਸ ਬਲਵੰਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪਰਿਵਾਰ ਦੇ ਨਾਲ ਖੜ੍ਹੇ ਹੋਣ ਦਾ ਸਬੂਤ ਦਿੱਤਾ । ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜਿੱਥੇ ਸ ਬਲਵੰਤ ਸਿੰਘ ਗਿੱਲ ਉਘੇ ਸਮਾਜ ਸੇਵੀ ਸਨ ਉਥੇ ਉਹ ਆਪਣੇ ਸਮੇਂ ਵਿੱਚ ਕਬੱਡੀ ਦੇ ਵੀ ਮਸ਼ਹੂਰ ਨਾਮੀ ਖਿਡਾਰੀ ਵੀ ਰਹੇ ਸਨ । ਸਖ਼ਤ ਮਿਹਨਤ ਕਰਨਾ ਉਨ੍ਹਾਂ ਦਾ ਸੁਭਾਅ ਸੀ ਤੇ ਜਿਸ ਦੇ ਪਦ ਚਿਨ੍ਹਾਂ ਉੱਪਰ ਚੱਲ ਕੇ ਪਰਿਵਾਰ ਵੀ ਅੱਜ ਸਮਾਜ ਅੰਦਰ ਅਤੇ ਦੁਨੀਆਂ ਅੰਦਰ ਆਪਣੀ ਕਾਰੋਬਾਰ ਰਾਹੀਂ ਅਤੇ ਸਮਾਜ ਸੇਵਾ ਰਾਹੀਂ ਆਪਣਾ ਨਾਮ ਕਮਾ ਰਿਹਾ ਹੈ । ਜਿੱਥੇ ਅੱਜ ਅਨੇਕਾਂ ਸਤਿਕਾਰਯੋਗ ਸ਼ਖ਼ਸੀਅਤਾਂ ਨੇ ਸ ਬਲਵੰਤ ਸਿੰਘ ਗਿੱਲ ਦੀ ਅੰਤਿਮ ਅਰਦਾਸ ਤੇ ਪੁੱਜ ਕੇ ਆਪਣੀ ਸ਼ਰਧਾ ਦੇ ਫੁਲ ਭੇਟ ਕੀਤੇ ਉਥੇ ਸ ਬਲਜੀਤ ਸਿੰਘ ਮੱਲ੍ਹੀ, ਸ ਕੁਲਦੀਪ ਸਿੰਘ ਮੱਲ੍ਹੀ, ਸ ਤਲਵਿੰਦਰ ਸਿੰਘ ਢਿੱਲੋਂ, ਸ ਅਜੈਬ ਸਿੰਘ ਪੁਆਰ,ਸ ਨਛੱਤਰ ਸਿੰਘ ਬਰਾੜ,ਸ ਬਲਦੇਵ ਸਿੰਘ ਗਿੱਲ , ਸ ਸੋਹਨ ਸਿੰਘ ਸਮਰਾ, ਸ ਹਰਜੀਤ ਸਿੰਘ ਸਮਰਾ,ਸ ਹਰਜੀਤ ਸਿੰਘ ਵਾਟਫੋਰਡ , ਸ ਸੁਖਦੇਵ ਸਿੰਘ ਗਰੇਵਾਲ ਆਦਿ ਨੇ ਵੀ ਉਚੇਚੇ ਤੌਰ ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਵਿਛੜੀ ਰੂਹ ਨੂੰ ਆਪਣਾ ਸਤਿਕਾਰ ਭੇਟ ਕੀਤਾ । ਅਖੀਰ ਵਿੱਚ ਪਰਿਵਾਰ ਅਤੇ ਸ ਲਖਵਿੰਦਰ ਸਿੰਘ ਗਿੱਲ ਵੱਲੋਂ ਸਥਾਨਕ ਕੌਂਸਲਰ ਰਾਜੂ ਸੰਸਾਰਪੁਰੀ ਨੇ ਦੂਰ ਦੁਰਾਡੇ ਤੋਂ ਚੱਲ ਕੇ ਆਈਆਂ ਸੰਗਤਾਂ ਦਾ ਇਸ ਦੁੱਖ ਦੀ ਘੜੀ ਚ ਪਰਿਵਾਰ ਨਾਲ ਖਡ਼੍ਹਨ ਲਈ ਧੰਨਵਾਦ ਕੀਤਾ ।