You are here

ਭਾਜਪਾ ਨੂੰ ਪੁੱਠਾ ਪੈ ਸਕਦੈ ਪੰਜਾਬ 'ਚ ਖੇਡਿਆ ਜਾ ਰਿਹਾ 'ਦਲਿਤ ਪੱਤਾ', ਗਤੀਵਿਧੀਆਂ 'ਤੇ ਉਠੇ ਸਵਾਲ!

ਜਲਧੰਰ  , ਅਕਤੂਬਰ 2020 (ਕੁਲਵਿੰਦਰ ਸਿੰਘ ਚੰਦੀ) - ਕੀ ਭਾਜਪਾ ਦਲਿਤਾ ਦੇ ਹੱਕਾਂ 'ਚ ਪ੍ਰਦਰਸ਼ਨ ਕਰਕੇ ਆਪਣੀ ਸਿਆਸੀ ਜਾਮੀਨ ਤਲਾਸ਼ ਰਹੀ ਹੈ । ਕੀ ਭਾਜਪਾ   ਪੰਜਾਬ ਅੰਦਰ ਕਿਸਾਨੀ ਘੋਲ ਕਾਰਨ  ਹਾਸ਼ੀਏ 'ਤੇ ਗਈ ਹੁਣ 'ਦਲਿਤ ਪੱਤੇ' ਜ਼ਰੀਏ ਸਿਆਸੀ  ਰਸਤੇ ਤਲਾਸ਼ਣ ਦੇ ਰਾਹ ਤੁਰ ਪਈ ਹੈ। ਕੀ ਭਾਜਪਾ ਵਲੋਂ ਇਹ ਉਪਰਾਲੇ ਅਜਿਹੇ ਵੇਲੇ ਕੀਤੇ ਜਾ ਰਹੇ ਹਨ ਜਦੋਂ ਪੰਜਾਬ ਅੰਦਰ ਅੰਨਦਾਤਾ ਬੀਜੇਪੀ ਵੱਲੋਂ ਲਿਆਦੇ ਕਿਸਾਨ ਮਾਰੂ ਕਾਲੇ ਕਾਨੂੰਨ ਵਿਰੁੱਧ ਪਿਛਲੇ ਲੰਮੇ ਸਮੇ ਤੋਂ ਰੇਲ ਲਾਈਨਾਂ ਸਮੇਤ ਦਿਨ ਰਾਤ ਸੜਕਾਂ 'ਤੇ ਪੱਕੇ ਮੋਰਚੇ ਲਾਈ ਬੈਠੇ ਹਨ, ਆਜਿਹੇ ਵਿੱਚ ਬੀਜੇਪੀ ਨੂੰ ਕਿਉ ਦਲਿਤਾਂ ਦਾ ਹੇਜ ਉਠਿਅਾ ਹੈ ਜਦੋ ਦਾਲਿਤ ਭਾਈਚਾਰਾ ਮੁਕੱਮਲ ਤੋਰ ਤੇ ਕਿਸਾਨ ਮਜਦੂਰ ਏਕਤਾ ਰਾਹੀ ਇੱਕ ਮੁੱਠ ਹੈ । ਜਿਸ ਨੂੰ ਸਮੂਹ ਲੋਕਾਈ ਦਾ ਸਾਥ ਹਾਸਲ ਹੈ। ਜਿਹੜੇ ਦਲਿਤਾਂ ਦੇ ਹੱਕਾਂ ਦੀ ਗੱਲ ਕਰਦਿਆਂ ਭਾਜਪਾ ਸੜਕਾਂ 'ਤੇ ਉਤਰਨ ਲੱਗੀ ਹੈ, ਉਨ੍ਹਾਂ ਦੀ ਬਹੁਗਿਣਤੀ ਇਸ ਵੇਲੇ ਕਿਸਾਨੀ ਘੋਲ 'ਚ ਮੋਢੇ ਨਾਲ ਮੋਢਾ ਜੋੜ ਕੇ ਵਿਚਰ ਰਹੀ ਹੈ।

ਵੈਸੇ ਵੀ ਪੰਜਾਬ ਅੰਦਰ ਦਲਿਤ ਅਬਾਦੀ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕਾਫ਼ੀ ਬਿਹਤਰ ਹਾਲਤ 'ਚ ਹੈ। ਪੰਜਾਬ ਅੰਦਰ ਇਕਾ-ਦੁੱਕਾ ਘਟਨਾਵਾਂ ਨੂੰ ਛੱਡ ਦਲਿਤਾਂ ਨਾਲ ਵਿਤਕਰੇ ਦੀਆਂ ਕੋਈ ਬਹੁਤੀਆਂ ਘਟਨਾਵਾਂ ਨਹੀਂ ਵਾਪਰਦੀਆਂ। ਜਦਕਿ ਭਾਜਪਾ ਦੀ ਸੱਤਾ ਵਾਲੇ ਸੂਬਿਆਂ ਉਤਰ ਪ੍ਰਦੇਸ਼, ਹਰਿਆਣਾ ਸਮੇਤ ਹੋਰ ਕੲੀ ਥਾਵਾ ਤੇ ਅਜਿਹੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਰਹਿੰਦੀਆਂ ਹਨ। ਪਿਛਲੇ ਦਿਨਾਂ ਦੌਰਾਨ ਉਤਰ ਪ੍ਰਦੇਸ਼ ਦੇ ਹਾਥਰਸ ਸਮੇਤ ਹੋਰ ਥਾਂਵਾਂ 'ਤੇ ਉਪਰ-ਥੱਲੇ ਵਾਪਰੀਆਂ ਘਟਨਾਵਾਂ ਇਸ ਦੀਆਂ ਪ੍ਰਤੱਖ ਉਦਾਹਰਨਾਂ ਹਨ। ਿਜਥੇ ਜੋਗੀ ਸਰਕਾਰ ਦੇ ਇਸ਼ਾਰੇ ਤੇ ਉਸ ਬੇਟੀ ਦਾ ਸਸਕਾਰ ਵੀ ਰਾਤ ਨੁੰ ਪੁਲਿਸ ਨੇ ਘਰ ਵਾਲਿਆ ਤੋ ਬਿਨ੍ਹਾ ਹੀ ਕਰ ਦਿੱਤਾ ਸੀ ।

ਦੂਜੇ ਪਾਸੇ ਭਾਜਪਾ ਵਲੋਂ ਪੰਜਾਬ ਅੰਦਰ ਦਲਿਤਾਂ ਦੇ ਹੱਕ 'ਚ ਚੁੱਕੀ ਜਾ ਰਹੀ ਆਵਾਜ਼ ਦੇ ਸਮੇਂ 'ਤੇ ਵੀ ਸਵਾਲ ਉਠਣ ਲੱਗੇ ਹਨ। ਕਿਸਾਨੀ ਸੰਘਰਸ਼ ਨਾਲ ਜੁੜੇ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਜਾਣਬੁਝ ਕੇ ਪੰਜਾਬ ਅੰਦਰ ਸਰਗਰਮੀਆਂ ਵਧਾ ਰਹੀ ਹੈ। ਭਾਜਪਾ ਦੀਆਂ ਇਹ ਗਤੀਵਿਧੀਆਂ ਪੰਜਾਬ ਨੂੰ ਬਲਦੀ ਦੇ ਬੂਥੇ 'ਚ ਪਾ ਸਕਦੀਆਂ ਹਨ। ਅੱਜ ਜਲੰਧਰ ਵਿਖੇ ਦਲਿਤਾਂ ਦੇ ਹੱਕ 'ਚ ਕੱਢੀ ਰੈਲੀ ਦੌਰਾਨ ਭਾਜਪਾ ਆਗੂਆਂ ਦੇ ਤਿੱਖੇ ਤੇਵਰਾਂ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ। ਦੂਜੀ ਘਟਨਾ ਨਵਾਂ ਸ਼ਹਿਰ ਵਿਖੇ ਵਾਪਰੀ ਹੈ ਜਿੱਥੇ ਭਾਜਪਾ ਆਗੂਆਂ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਧੱਕਾ-ਮੁੱਕੀ ਹੋ ਗਈ। ਇੱਥੇ ਭਾਜਪਾ ਆਗੂ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ 'ਤੇ ਮਾਲਾ ਪਾਉਣ ਲਈ ਬਜਿੱਦ ਸਨ, ਜਿਸ ਬਾਰੇ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਇਤਰਾਜ ਜਿਤਾ ਚੁੱਕੀਆਂ ਸਨ।

ਲੋਕ ਸਵਾਲ ਉਠਾ ਰਹੇ ਹਨ ਕਿ ਭਾਜਪਾ ਨੂੰ ਅਜਿਹੇ ਸਮੇਂ ਦਲਿਤਾਂ ਦੇ ਹੱਕ 'ਚ ਨਿਤਰਨ ਦੀ ਕੀ ਜ਼ਰੂਰਤ ਪੈ ਗਈ ਹੈ, ਜਦੋਂ ਸਮੁੱਚੀ ਕਿਸਾਨੀ ਸੜਕਾਂ 'ਤੇ ਹਨ। ਪੰਜਾਬ ਅੰਦਰ ਦਲਿਤ ਜਥੇਬੰਦੀਆਂ ਦੀ ਚੰਗੀ ਖਾਸੀ ਗਿਣਤੀ ਹੈ ਜੋ ਅਪਣੀ ਆਵਾਜ਼ ਉਠਾਉਣ ਦੇ ਸਮਰੱਥ ਹਨ। ਜਥੇਬੰਦੀਆਂ ਮੁਤਾਬਕ ਭਾਜਪਾ ਨੂੰ ਜੇਕਰ ਦਲਿਤਾਂ ਨਾਲ ਇੰਨਾ ਹੀ ਹੇਜ਼ ਹੈ ਤਾਂ ਉਹ ਦੇਸ਼ ਦੇ ਦੂਜੇ ਹਿੱਸਿਆਂ ਅੰਦਰ ਦਲਿਤਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਖਿਲਾਫ਼ ਆਵਾਜ਼ ਬੁਲੰਦ ਕਰਨ ਦਾ ਰਾਹ ਚੁਣ ਸਕਦੀ ਹੈ। ਇਸ ਤੋਂ ਬਾਅਦ ਉਹ ਪੰਜਾਬ ਅੰਦਰ ਵੀ ਦਲਿਤਾਂ ਨਾਲ ਹੁੰਦੇ ਧੱਕੇ ਖਿਲਾਫ਼ ਰੋਸ ਜਾਹਰ ਕਰ ਸਕਦੀ ਹੈ।

ਦੱਸਣਯੋਗ ਹੈ ਕਿ ਪੰਜਾਬ ਅੰਦਰ ਕਿਸਾਨੀ ਸੰਘਰਸ਼ ਕਾਰਨ ਮਾਹੌਲ ਵੈਸੇ ਵੀ ਤਣਾਅ ਪੂਰਨ ਬਣਿਆ ਹੋਇਆ ਹੈ। ਦੂਜੇ ਪਾਸੇ ਪੰਜਾਬ ਦੀਆਂ ਸਿਆਸੀ ਧਿਰਾਂ ਮਿਸ਼ਨ-2022 ਦੇ ਮੱਦੇਨਜ਼ਰ ਹਰ ਮਸਲੇ 'ਤੇ ਸਿਆਸਤ ਕਰਨ 'ਤੇ ਉਤਾਰੂ ਹਨ। ਪੰਜਾਬ 'ਚ ਅਗਲੀ ਸਰਕਾਰ ਬਣਾਉਣ ਦੀ ਲਾਲਸਾ ਤਹਿਤ ਵਿਚਰ ਰਹੀਆਂ ਸਿਆਸੀ ਧਿਰਾਂ ਨੂੰ ਇਤਿਹਾਸ ਤੋਂ ਸਬਕ ਸਿੱਖਣ ਦੀ ਜ਼ਰੂਰਤ ਹੈ। ਸੰਨ 90 ਦੇ ਦਹਾਕੇ ਦੌਰਾਨ ਪੰਜਾਬ ਅੰਦਰ ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਚੋਣਾਂ ਦੌਰਾਨ ਸੜਕਾਂ 'ਤੇ ਸੰਨਾਟਾ ਛਾਇਆ ਹੋਇਆ ਸੀ ਅਤੇ ਕੋਈ ਵੀ ਧਿਰ ਬਾਹਰ ਨਿਕਲਣ ਦੀ ਹਿੰਮਤ ਨਹੀਂ ਸੀ ਕਰ ਸਕੀ। ਪੰਜਾਬ ਦੇ ਮਾਹੌਲ ਨੂੰ ਸ਼ਾਂਤਮਈ ਰੱਖਣ ਦੀ ਜ਼ਿੰਮੇਵਾਰੀ ਭਾਜਪਾ ਸਮੇਤ ਸਭ ਧਿਰਾਂ ਸਿਰ ਹੈ। ਮੌਜੂਦਾ ਮਾਹੌਲ ਦੇ ਮੱਦੇਨਜ਼ਰ ਸਿਆਸੀ ਧਿਰਾਂ ਨੂੰ ਹਰ ਕਦਮ ਸੋਚ ਸਮਝ ਕੇ ਚੁੱਕਣ ਦੀ ਜ਼ਰੂਰਤ ਹੈ ਤਾਂ ਜੋ ਪੰਜਾਬ ਨੂੰ ਬਲਦੀ ਦੇ ਬੂਥੇ 'ਚ ਜਾਣ ਤੋਂ ਬਚਾਇਆ ਜਾ ਸਕੇ।