ਜਗਰਾਉ , ਅਕਤੂਬਰ 2020 (ਕੁਲਵਿੰਦਰ ਸਿੰਘ ਚੰਦੀ) - ਕਿਸਾਨ ਰੋਹ ਦੇ ਸਾਹਮਣੇ ਆਖਰ ਰੇਲਵੇਂ ਨੂੰ ਵੀ ਗੋਡੇ ਟੇਕਣੇ ਪਏ ਹੋਇਆ ਇੰਝ ਕਿ ਮੋਗਾ ਤੋਂ ਫਿਰੋਜਪੁਰ ਰੋਡ ਤੇ ਡੰਗਰੂ ਫਾਟਕਾ ਨੇੜੇ ਅੰਡਾਨੀ ਗੁਰੱਪ ਦੇ ਵੱਡੇ ਸਟੋਰ ਤੋ ਅਨਾਜ਼ ਭਰਨ ਆਈ ਮਾਲ ਗੱਡੀ ਨੂੰ ਕਿਸਾਨਾਂ ਨੇ ਘੇਰ ਲਿਆ । ਪ੍ਰਾਪਤ ਜਾਣਕਾਰੀ ਮੁਤਾਬਿਕ ਮੋਗਾ ਵਿੱਚ ਅੱਜ 2.25 ਲੱਖ ਮੀਟ੍ਰਿਕ ਟਨ ਸਮਰਥਾ ਵਾਲੇ ਅਡਾਨੀ ਦੇ ਆਧੁਨਿਕ ਗੁਦਾਮ ’ਚੋਂ ਅਨਾਜ ਭਰਨ ਆਈ ਮਾਲ ਗੱਡੀ ਕਿਸਾਨਾ ਨੇ ਪਲਾਂਟ ਅੰਦਰ ਹੀ ਡੱਕ ਦਿੱਤੀ। ਇਸ ਮੌਕੇ ਰੋਹ ’ਚ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਲੰਘੀ ਰਾਤ ਸਥਾਨਕ ਰੇਲਵੇ ਸਟੇਸ਼ਨ ਉੱਤੇ ਡੇਰੇ ਲਾਈ ਬੈਠੇ ਕਿਸਾਨਾਂ ਦਾ ਬਿਜਲੀ ਪਾਣੀ ਬੰਦ ਕਰਨ ਵਾਲੇ ਰੇਲਵੇ ਮੁਲਾਜ਼ਮ ਨੂੰ ਕਿਸਾਨ ਰੋਹ ਦਾ ਸਾਹਮਣਾ ਕਰਨਾ ਪਿਆ। ਗੱਲ ਵਧਦੀ ਵੇਖ ਪੁਲੀਸ ਨੂੰ ਦਖਲ ਦੇਣਾ ਪਿਆ। ਬੀਕੇਯੂ ਏਕਤਾ ਉਗਰਾਹਾਂ ਜਥੇਬੰਦੀ ਦੀ ਅਗਵਾਈ ਹੇਠ ਅਡਾਨੀ ਅਨਾਜ ਭੰਡਾਰ ਅੱਗੇ 23ਵੇਂ ਦਿਨ ਤੋਂ ਲਗਾਤਾਰ ਰੋਸ ਧਰਨੇ ਜਾਰੀ ਹਨ ,ਇਸੇ ਦੌਰਾਨ ਮਾਲ ਗੱਡੀ ਅਡਾਨੀ ਪਲਾਂਟ ਅੰਦਰ ਦਾਖਲ ਹੋਈ ਤਾਂ ਕਿਸਾਨ ਹਰਕਤ ਵਿੱਚ ਆ ਗਏ। ਸੂਚਨਾ ਮਿਲਦੇ ਹੀ ਜ਼ਿਲ੍ਹੇ ’ਚ ਹੋਰਨਾਂ ਥਾਵਾਂ ਉੱਤੇ ਧਰਨੇ ਲਾਈ ਬੈਠੇ ਕਿਸਾਨ ਆਗੂ ਵੀ ਮੌਕੇ ਉੱਤੇ ਪਹੁੰਚ ਗਏ। ਕਿਸਾਨਾਂ ਨੇ ਅਡਾਨੀ ਪਲਾਂਟ ਦਾ ਗੇਟ ਬੰਦ ਕਰਕੇ ਮਾਲ ਗੱਡੀ ਅੰਦਰ ਡੱਕ ਲਈ। ਇਸ ਦੌਰਾਨ ਸਥਾਨਕ ਸਿਵਲ ਤੇ ਪੁਲੀਸ ਅਧਿਕਾਰੀ ਮੌਕੇ ਉੱਤੇ ਪੁੱਜੇ ਅਤੇ ਅਡਾਨੀ ਪਲਾਂਟ ਪ੍ਰਬੰਧਕਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਇਥੋਂ ਅਨਾਜ ਲੋਡ ਨਹੀਂ ਕੀਤਾ ਜਾਵੇਗਾ। ਇਸ ਮਗਰੋਂ ਕਿਸਾਨਾਂ ਨੇ ਸਿਰਫ਼ ਰੇਲ ਇੰਜਣ ਜਾਣ ਦਿੱਤਾ ਅਤੇ ਡੱਬੇ ਪਲਾਂਟ ਅੰਦਰ ਡੱਕ ਕੇ ਗੇਟ ਬੰਦ ਕਰ ਦਿੱਤਾ। ਇਸ ਮੌਕੇ ਜਥੇਬੰਦੀ ਆਗੂ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਜਥੇਬੰਦੀਆਂ ਦੇ ਸਾਂਝੇ ਫੈਸਲੇ ਮੁਤਾਬਕ ਮਾਲ ਭਾੜਾ ਗੱਡੀਆਂ ਸਿਰਫ਼ ਸਿਰਫ਼ ਕੋਲਾ ਤੇ ਖਾਦ ਆਦਿ ਢੋਆ ਢੁਆਈ ਕਰ ਸਕਦੀਆਂ ਹਨ ਅਤੇ ਕਾਰਪੋਰੇਟ ਘਰਾਣਿਆਂ ਅੰਦਰੋਂ ਮਾਲ ਗੱਡੀਆਂ ਲੋਡ ਨਹੀਂ ਕਰਨ ਦਿੱਤੀਆਂ ਜਾਣਗੀਆਂ। ਕਿਸਾਨਾਂ ਦੇ ਇਸ ਐਕਸ਼ਨ ਨਾਲ ਕਿਸਾਨ ਜਿਥੇ ਬੰਦੀਆ ਜਿਥੇ ਚੜ੍ਹਦੀਕਲਾ ਵਿੱਚ ਹਨ ਉਥੇ ਹੀ ਕਾਰਪੋਰੇਟ ਘਰਾਣਿਆ ਕਿਸਾਨ ਰੋਹ ਨਾਲ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।