ਚੰਡੀਗੜ੍ਹ, ਅਕਤੂਬਰ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਅੱਜ ਇੱਥੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਕਾਨੂੰਨਾਂ ਬਾਰੇ ਕੁਝ ਵੀ ਰਾਇ ਬਣ ਜਾਵੇ, ਕੇਂਦਰ ਸਰਕਾਰ ਖਿਲਾਫ ਘੋਲ਼ ਜਾਰੀ ਰਹੇਗਾ। ਇਹਨਾਂ ਕਾਨੂੰਨਾਂ ਦੀ ਘੋਖ ਕਰਕੇ ਨਿਚੋੜ ਕੱਢਣ ਅਤੇ ਸੰਘਰਸ਼ਸ਼ੀਲ ਕਿਸਾਨ ਸਮੂਹਾਂ ਦੀ ਜਮਹੂਰੀ ਰਾਇ ਹਾਸਲ ਕਰਨ ਦਾ ਅਮਲ ਕੁਝ ਸਮਾਂ ਲਵੇਗਾ। ਇਸ ਦੌਰਾਨ ਕੇਂਦਰ ਸਰਕਾਰ ਖਿਲਾਫ ਘੋਲ਼ ਦਾ ਭਖਾਅ ਬਣਾਈ ਰੱਖਿਆ ਜਾਵੇਗਾ। ਮੁਲਕ ਭਰ 'ਚ ਫੈਲ ਰਹੇ ਇਸ ਘੋਲ ਨੂੰ ਅੱਗੇ ਵਧਾਉਣ ਲਈ ਅਤੇ ਉਤਸ਼ਾਹ ਦਾ ਸੋਮਾ ਬਣੇ ਆ ਰਹੇ ਪੰਜਾਬ ਦੇ ਦ੍ਰਿੜ੍ਹ, ਸ਼ਾਂਤਮਈ ਅਤੇ ਲਮਕਵੇਂ ਘੋਲ ਨੂੰ ਹੋਰ ਵਿਆਪਕ ਬਣਾਉਣ ਲਈ ਹੰਭਲਾ ਮਾਰਿਆ ਜਾਵੇਗਾ। ਇਸ ਲਈ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਦੇ ਬਾਵਜੂਦ ਘੋਲ਼ ਨੂੰ ਤੇਜ ਕੀਤਾ ਜਾਵੇਗਾ। ਸ਼ਹਿਰੀ ਕੇਂਦਰਾਂ ਦੇ ਮਿਹਨਤਕਸ਼ ਲੋਕਾਂ, ਵਪਾਰੀਆਂ ਅਤੇ ਖੇਤੀ ਕਾਰੋਬਾਰੀਆਂ ਦੀ ਕਾਰਪੋਰੇਟਾਂ ਹੱਥੋਂ ਵਧ ਰਹੀ ਲੁੱਟ ਤੋਂ ਪੀੜਤ ਦੁਕਾਨਦਾਰਾਂ ਤੇ ਵਪਾਰੀ ਵਰਗ ਨੂੰ ਘੋਲ਼ ਦੀ ਹਮਾਇਤ 'ਚ ਜਟਾਉਣ ਲਈ ਭਰਪੂਰ ਹੰਭਲਾ ਮਾਰਿਆ ਜਾਵੇਗਾ। 25 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਵਿਦੇਸ਼ੀ ਕੰਪਨੀਆਂ, ਕਾਰਪੋਰੇਟਾਂ ਅਤੇ ਬੀ ਜੇ ਪੀ ਦੀ ਤਿੱਕੜੀ ਖਿਲਾਫ ਪੰਜਾਬ ਦੇ ਲੋਕਾਂ ਦੀ ਵਿਸ਼ਾਲ ਏਕਤਾ ਅਤੇ ਨਫ਼ਰਤ ਦੇ ਪ੍ਰਗਟਾਵੇ ਦਾ ਦਿਨ ਸਾਬਤ ਹੋਵੇਗਾ। ਬਦੀ ਦੀ ਮੂਰਤ ਬਣਦੀ ਇਸ ਤਿੱਕੜੀ ਦੇ ਦਿਓਕੱਦ ਹੰਕਾਰੀ (ਬੁੱਤਾਂ) ਨੂੰ ਵਿਸ਼ਾਲ ਕਿਸਾਨ ਸਮੂਹ, ਪੇਂਡੂ ਅਤੇ ਸ਼ਹਿਰੀ ਵਰਗ ਅਤੇ ਟਰੇਡ ਯੂਨੀਅਨ ਦੇ ਕਾਰਕੁਨਾਂ ਵੱਲੋਂ ਲਾਂਬੂ ਲਾਇਆ ਜਾਵੇਗਾ। ਇਸ ਦਿਨ ਪੰਜਾਬ ਦੇ ਕਿਸਾਨਾਂ ਦੇ ਇਸ ਘੋਲ਼ ਨੂੰ ਜਾਲਮ ਅਤੇ ਲੁਟੇਰੀ ਤਿੱਕੜੀ ਵਿਰੁੱਧ ਵਿਆਪਕ ਲੋਕ ਘੋਲ਼ ਵਿਚ ਪਲਟ ਦਿੱਤਾ ਜਾਵੇਗਾ। ਇਸ ਦਿਨ ਇਸ ਘੋਲ ਨੂੰ ਛਾਲੀਂ ਅੱਗੇ ਵਧਾਉਣ ਅਤੇ ਮਹੀਨਿਆਂ ਬੱਧੀ ਲੰਬਾ ਚਲਾਉਣ ਦਾ ਤਹੱਈਆ ਕੀਤਾ ਜਾਵੇਗਾ। ਇਹ ਦਿਨ ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਅਧਾਰ ਅਤੇ ਉਸਾਰ ਦੀਆਂ ਜੜ੍ਹਾਂ 'ਚ ਦਾਤੀ ਫੇਰਨ ਲਈ ਤਕੜਾ ਹੰਭਲਾ ਸਾਬਤ ਹੋਵੇਗਾ। ਇਸ ਦਿਨ ਪੰਜਾਬ ਦੇ ਮਾਲਵਾ ਖਿੱਤੇ ਦੇ ਮਿਥੇ ਹੋਏ ਸ਼ਹਿਰੀ ਅਤੇ ਕਸਬਾ ਕੇਦਰਾਂ ਵਿਚ ਦੋ ਲੱਖ ਦੇ ਕਰੀਬ ਲੋਕ ਇਸ ਤਿੱਕੜੀ ਨੂੰ ਲਾਂਬੂ ਲਾਉਣ ਵਿਚ ਸ਼ਰੀਕ ਹੋਣਗੇ। ਅਗਲੇ ਸਮੇਂ ਆਉਣ ਵਾਲੇ ਘੋਲ ਸੱਦਿਆਂ ਵਿਚ ਲਗਾਤਾਰ ਸ਼ਮੂਲੀਅਤ ਕਰਨ ਵਾਲੀ ਸਹਾਈ ਟੁਕੜੀ ਬਣ ਜਾਣਗੇ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਸੰਘਰਸ ਨੂੰ ਜੋਸ਼-ਖਰੋਸ਼, ਜਜ਼ਬਾ, ਅਤੇ ਬਾਹੂਬਲ ਬਖਸ਼ਣ ਵਾਲੇ ਨੌਜਵਾਨਾਂ ਦੀ ਹੂੰਝਾ-ਫੇਰੂ ਸ਼ਕਤੀ ਨੂੰ ਸ਼ੰਕਾ ਦੇ ਘੇਰੇ 'ਚ ਲਿਆਉਣ ਲਈ ਇੱਕ ਗੈਰਦਿਆਨਤਦਾਰ ਅਤੇ ਗੈਰ ਜੁੰਮੇਵਾਰ ਬਿਆਨ ਜਾਰੀ ਕੀਤਾ ਹੈ। ਨੌਜਵਾਨਾਂ ਨੂੰ ਅਫਰਾ ਤਫਰੀ ਫੈਲਾਉਣ ਵਾਲੇ, ਸ਼ਾਂਤੀ ਭੰਗ ਕਰਨ ਵਾਲੇ ਅਤੇ ਕੌਮੀ ਸੁਰੱਖਿਆ ਨੂੰ ਗੰਭੀਰ ਹਰਜਾ ਪਹੁੰਚਾਉਣ ਦਾ ਖਤਰਾ ਪੈਦਾ ਕਰਨ ਵਾਲੇ ਦਰਸਾ ਕੇ ਪਾਕਿਸਤਾਨ ਅਤੇ ਚੀਨ ਦਾ ਦਖ਼ਲ ਬਣ ਜਾਣ ਦਾ ਹਊਆ ਖੜ੍ਹਾ ਕੀਤਾ ਹੈ। ਸ਼ਾਂਤ ਸਮੁੰਦਰ ਦੇ ਵੇਗ ਵਰਗਾ ਪੰਜਾਬ ਦਾ ਇਹ ਕਿਸਾਨੀ ਸੰਘਰਸ਼, ਪੰਜਾਬ ਅੰਦਰ ਫਿਰਕੂ ਅਮਨ ਅਤੇ ਭਾਈਚਾਰਕ ਸਾਂਝ ਨੂੰ ਸਿਖਰਾਂ ਤੱਕ ਉੱਚਾ ਚੱਕਣ ਅਤੇ ਪਤਾਲ ਤੱਕ ਡੂੰਘਾ ਲਿਜਾਣ ਵਾਲਾ ਇਤਿਹਾਸਿਕ ਘੋਲ਼ ਹੋ ਨਿਬੜਿਆ ਹੈ। ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜੱਥੇਬੰਦੀਆਂ ਦੇ ਜ਼ਬਤ ਬੱਧ, ਚੇਤੰਨ ਅਤੇ ਤਜਰਬਾਕਾਰ ਕਾਡਰਾਂ ਦੇ ਲਸ਼ਕਰ ਇਸ ਕਿਸਾਨ ਉਭਾਰ ਦੀ ਰੀੜ੍ਹ ਦੀ ਹੱਡੀ ਬਣੇ ਹੋਏ ਹਨ। ਇਸ ਉਭਾਰ ਨੂੰ ਬੰਨ੍ਹ ਕੇ ਸੰਭਾਲਣ ਅਤੇ ਨਿਸ਼ਾਨੇ ‘ਤੇ ਚੋਟ ਲਾਉਣ 'ਚ ਨਿਪੁੰਨ ਕਿਸਾਨੀ ਸੰਘਰਸ਼ਾਂ ਦੀ ਹੰਢੀ ਵਰਤੀ ਲੀਡਰਸ਼ਿਪ, ਪਸਾਰਵਾਦੀ ਚੀਨ ਅਤੇ ਸਾਮਰਾਜੀਆਂ ਦੀ ਭਿਆਲ ਪਾਕਿਸਤਾਨ ਸਰਕਾਰ ਦੇ ਖੋਟੇ ਮਨਸੂਬਿਆਂ ਦੀ ਬਹੁਤ ਭੇਤੀ ਹੈ । ਓਨੀ ਹੀ ਭੇਤੀ ਹੈ ਜਿੰਨੀ ਬੀਜੇਪੀ ਹਕੂਮਤ ਦੀਆਂ ਪਾਟਕ ਪਾਊ, ਭਟਕਾਊ ਅਤੇ ਦਬਾਊ ਨੀਤੀਆਂ ਦੀ ਭੇਤੀ ਹੈ ਜੇ ਇਸ ਲੀਡਰਸ਼ਿਪ ਨੇ ਭਾਜਪਾ ਮਹਾਂਰਥੀਆਂ ਦੇ ਪਾਟਕ ਪਾਉ ਅਤੇ ਦੰਗੇ ਕਰਾਉ ਬ੍ਰਹਮ-ਅਸਤਰ ਨੂੰ ਨਕਾਰ ਸੁੱਟਿਆ ਹੈ। ਤਬਕਾਤੀ-ਜਮਾਤੀ ਏਕਤਾ, ਮੁਲਕ ਪੱਧਰੀ ਏਕਤਾ ਅਤੇ ਜਮਾਤੀ ਘੋਲ 'ਚ ਪਲਟ ਦਿੱਤਾ ਹੈ।
ਇਸ ਘੋਲ ਦੇ ਉਭਰ ਆਉਣ ਨਾਲ ਭਲਾ ਕਿਹੜਾ ਖਤਰਾ ਵਧ ਗਿਆ ਹੈ ? ਬੀ.ਜੇ.ਪੀ ਦੇ ਬਦੇਸ਼ੀ ਕੰਪਨੀਆਂ ਅਤੇ ਭਾਰਤੀ ਕਾਰਪੋਰੇਟਾਂ ਨਾਲ ਗੰਢ-ਚਿਤਰਾਵੇ ਦਾ ਵਿਆਪਕ ਤੌਰ 'ਤੇ ਨਸ਼ਰ ਹੋ ਜਾਣ ਦਾ ਖਤਰਾ ਵਧ ਗਿਆ ਹੈ। ਪੰਜਾਬ ਦੇ ਕਿਸਾਨ ਇਕ ਲੜੀ ਵਿਚ ਪਰੋਏ ਜਾ ਚੁੱਕੇ ਹਨ, ਹੁਣ ਮੁਲਕ ਭਰ ਦੇ ਕਿਸਾਨਾਂ ਦਾ ਕੇਂਦਰ ਵਿਰੁੱਧ ਇਕ ਲੜੀ ਵਿਚ ਪਰੋਏ ਜਾਣ ਦਾ ਖਤਰਾ ਖੜ੍ਹਾ ਹੋ ਗਿਆ ਹੈ "ਖਲਕਤ ਜਾਗੀ ਚੋਰ ਪਛਾਣੇ, ਹੁਣ ਬਚਕੇ ਸੁੱਕੇ ਨਹੀਂ ਜਾਣੇ" ਇਹਨਾਂ ਨਾਅਰਿਆਂ ਦੇ ਸਿਰ ਚੜ੍ਹਕੇ ਬੋਲਣ ਦਾ ਖਤਰਾ ਵਧ ਗਿਆ ਹੈ। ਇਹਨਾਂ ਚੋਰਾਂ ਵਿੱਚ ਨਵਉਦਾਰਵਾਦੀ ਨੀਤੀਆਂ ਦੇ ਮੋਢੀਆਂ ਵਜੋਂ ਕਾਂਗਰਸ ਦਾ ਨਾਂਅ ਬੋਲਦਾ ਹੈ। ਬੀ.ਜੇ.ਪੀ. ਦਾ ਇਹਨਾਂ ਨੀਤੀਆਂ ਦੇ ਕੱਟੜ ਪੈਰੋਕਾਰਾਂ ਵਜੋਂ ਨਾਂਅ ਬੋਲਦਾ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਖਤਰੇ ਨੇ ਸਤਾਇਆ ਹੋਇਆ ਹੈ, ਇਸੇ ਲਈ ਉਸ ਦੇ ਬਿਆਨ ਬੀਜੇਪੀ ਦੀ ਕੇਂਦਰ ਸਰਕਾਰ ਨੂੰ ਇਸ ਘੋਲ ਨੂੰ ਹੱਥ ਪਾਉਣ ਲਈ ਸਿਆਸੀ ਅਧਾਰ ਦੇ ਰਹੇ ਹਨ
ਕੇਂਦਰ ਸਰਕਾਰ ਖਿਲਾਫ ਕਿਸਾਨ ਘੋਲ ਨੂੰ ਹੋਰ ਤਕੜਾਈ ਦੇਣ ਵਾਸਤੇ ਕਿਸਾਨ ਆਗੂਆਂ ਨੇ ਜ਼ੋਰ ਦਿੱਤਾ ਹੈ ਕਿ ਕਿਸਾਨ ਮੁਹਾਜ 'ਤੇ ਲਗਾਤਾਰ ਸਰਗਰਮ ਚਲੇ ਆ ਰਹੇ ਤਿੰਨ ਘੋਲ ਕੇਂਦਰਾਂ ਦਰਮਿਆਨ ਆਪਸੀ ਤਾਲਮੇਲ ਨੂੰ ਵਧਾਉਣਾ ਚਾਹੀਦਾ ਹੈ ਇਹ ਤਿੰਨ ਘੋਲ ਕੇਂਦਰ ਹਨ: ਪਹਿਲਾ) ਸਤਨਾਮ ਸਿੰਘ ਪੰਨੂ ਅਤੇ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਾਲੀ ਕਿਸਾਨ ਮਜਦੂਰ ਸੰਘਰਸ਼ ਕਮੇਟੀ, ਦੂਜਾ) ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਤੀਜਾ) ਬਲਵੀਰ ਸਿੰਘ ਰਾਜੇਵਾਲ ਅਤੇ ਡਾਕਟਰ ਦਰਸ਼ਨਪਾਲ ਦੀ ਅਗਵਾਈ ਵਾਲੀਆਂ 28-30 ਜਥੇਬੰਦੀਆਂ ਦੀ ਕਮੇਟੀ ਇਹਨਾਂ ਘੋਲ ਕੇਂਦਰਾਂ ਨੇ ਇਸ ਸਾਂਝੇ ਘੋਲ ਨੂੰ ਅੱਗੇ ਵਧਾਉਣ ਵਿਚ ਉੱਘਾ ਹਿੱਸਾ ਪਾਇਆਂ ਹੈ ਹੁਣ ਇਹਨਾਂ ਘੋਲ ਕੇਂਦਰਾਂ ਨੂੰ ਆਪਸੀ ਤਾਲਮੇਲ ਦੇ ਪ੍ਰਬੰਧ ਨੂੰ ਹੋਰ ਨਿਯਮਤ ਕਰਨ ਵਾਸਤੇ ਅਤੇ ਹੋਰ ਸੁਚਾਰੂ ਬਣਾਉਣ ਵਾਸਤੇ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ।
ਵੱਲੋਂ ਸੂਬਾ ਜਨਰਲ ਸਕੱਤਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)