You are here

ਪੁਲਿਸ ਜਬਰ ਦੇ ਖਿਲਾਫ ਕਿਸਾਨ ਜੱਥੇਬੰਦੀਆਂ ਵੱਲੋਂ ਰੋਸ ਮੁਜਾਹਰਾ ਅਤੇ ਧਰਨਾ 8 ਫਰਵਰੀ ਨੂੰ

ਜਗਰਾਓਂ, 1 ਫਰਵਰੀ (ਰਛਪਾਲ ਸ਼ੇਰਪੁਰੀ) । ਬੀਤੇ ਸਾਲ 2017 'ਚ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਸੰਘਰਸ਼ ਦੋਰਾਨ ਰਾਏਕੋਟ ਥਾਣੇ ਵਿਚ ਦਸ ਕਿਸਾਨ ਆਗੂਆਂ 'ਤੇ ਆਵਾਜਾਈ ਵਿਚ ਵਿਘਨ ਪਾਉਣ ਦੇ ਨਾਂਅ 'ਤੇ ਦਰਜ ਕੀਤੇ ਮੁਕੱਦਮੇ ਨੂੰ ਰੱਦ ਕਰਵਾਉਣ ਲਈ 8 ਫਰਵਰੀ ਨੂੰ ਜਗਰਾਓਂ ਸ਼ਹਿਰ ਵਿਚ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੀਨੀਅਰ ਆਗੂਆਂ ਦੀ ਇਕ ਮੀਟਿੰਗ ਹੋਈ। ਮੀਟਿੰਗ ਵਿਚ ਲਏ ਫੈਸਲੇ ਅਨੁਸਾਰ ਸਾਰੇ ਹੀ ਕਿਸਾਨ ਆਗੂਆਂ ਨੇ ਪੁਲਿਸ ਦੀ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਸਾਰੀਆਂ ਹੀ ਕਿਸਾਨ ਯੂਨੀਅਨਾਂ ਦੇ ਸਮੱਰਥਨ ਨਾਲ ਜਗਰਾਓਂ ਸ਼ਹਿਰ ਵਿਚ 8 ਫਰਵਰੀ ਨੂੰ ਵਿਸ਼ਾਲ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ ਹੈ। ਪ੍ਰੈਸ ਨੂੰ ਜਾਰੀ ਬਿਆਨ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੁਦਾਗਰ ਸਿੰਘ ਘੁਡਾਣੀ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਹਰਦੀਪ ਸਿੰਘ ਗਾਲਿਬ ਨੇ ਕਿਹਾ ਕਿ ਪਿਛਲੇ ਸਾਲ 2017 ਵਿਚ ਪੰਜਾਬ ਸਰਕਾਰ ਨੂੰ ਚੋਣਾਂ ਵਿਚ ਕੀਤੇ ਵਾਅਦੇ ਯਾਦ ਕਰਵਾਉਣ ਲਈ ਸਾਰੀਆਂ ਹੀ ਕਿਸਾਨ ਜੱਥੇਬੰਦੀਆਂ ਦੇ ਸਾਂਝੇ ਸੱਦੇ 'ਤੇ ਰਾਏਕੋਟ ਵਿਖੇ ਸੜਕਾਂ ਜਾਮ ਕੀਤੀਆਂ ਗਈਆਂ ਸਨ ਅਤੇ ਫਿਰ ਸਰਕਾਰ ਨਾਲ ਹੋਈਆਂ ਉੱਚ ਪੱਧਰੀ ਮੀਟਿੰਗਾਂ ਵਿਚ ਸਾਰੇ ਮੁੱਦੇ ਵਿਚਾਰੇ ਜਾ ਗਏ ਸਨ। ਉਨਾਂ ਕਿਹਾ ਕਿ ਸਰਕਾਰ ਮੰਗਾਂ ਮੰਨਣ ਦੀ ਬਿਜਾਏ ਕਿਸਾਨਾਂ ਦੀ ਅਵਾਜ਼ ਬੰਦ ਕਰਨਾ ਚਾਹੁੰਦੀ ਹੈ ਜਿਸ ਨੂੰ ਕਿਸੇ ਵੀ ਕੀਮਤ ਪਰ ਸਹਿਣ ਨਹੀਂ ਕੀਤਾ ਜਾਵੇਗਾ। ਉਨਾਂ ਇਹ ਵੀ ਕਿਹਾ ਕਿ ਯੂਨੀਅਨ ਆਗੂ ਲਗਾਤਾਰ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਾਮਲੇ ਹੱਲ ਕਰਨ ਦੀ ਵੀ ਵਾਰ ਵਾਰ ਮੰਗ ਕਰ ਚੁੱਕੇ ਹਨ ਪਰ ਪੁਲਿਸ ਅਫਸਰਾਂ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਉਲਟਾ ਰੋਸ ਕਰਨ ਦਾ ਜਮਹੂਰੀ ਹੱਕ ਵੀ ਬੰਦ ਕਰਨਾ ਚਹੁੰਦੀ ਹੈ। ਉਨ•ਾਂ ਮਨੁੱਖੀ ਅਧਿਕਾਰ ਕਾਰਕੁੰਨ ਮਾਸਟਰ ਇਕਬਾਲ ਸਿੰਘ ਦੇ ਪਰਿਵਾਰ ਤੇ ਅੱਤਿਆਚਾਰ ਕਰਨ ਵਾਲੇ ਗੁੰਡੇ ਥਾਣੇਦਾਰ 'ਤੇ ਕਾਰਵਾਈ ਕਰਨ ਵਿਚ ਵੀ ਜਾਣਬੁੱਝ ਕੇ ਆਨਾ ਕਾਨੀ ਕਰ ਰਹੀ ਹੈ। ਉਨਾਂ ਕਿਹਾ ਇੰਨਾਂ ਸਾਰੀਆਂ ਹੀ ਮੰਗਾਂ ਨੁੰ ਲੈ ਕੇ 8 ਫਰਵਰੀ ਨੂੰ ਜਗਰਾਓਂ ਸ਼ਹਿਰ ਵਿਚ ਪੁਲਿਸ ਦੇ ਇਸ ਜ਼ਬਰ ਦੇ ਖਿਲਾਫ ਲੋਕ ਅਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਸਾਧੂ ਸਿੰਘ ਅੱਚਰਵਾਲ, ਜਗਰੂਪ ਸਿੰਘ ਝੋਰੜਾਂ, ਦਰਸ਼ਨ ਗਾਲਿਬ, ਪਵਿਤਰ ਸਿੰਘ, ਜਲੌਰ ਸਿੰਘ, ਨਿਰਮਲ ਸਿੰਘ ਅਤੇ ਇਕਬਾਲ ਸਿੰਘ ਰਸੂਲਪੁਰ ਹਾਜ਼ਰ ਸਨ।