You are here

ਕੌੜੀ ਨਿੰਮ ਦਾ ਮਿੱਠਾ ਅਸਰ ✍️ ਅਮਨਜੀਤ ਸਿੰਘ ਖਹਿਰਾ

ਆਦਿ ਕਾਲ ਤੋਂ ਹੀ ਨਿੰਮ ਦਾ ਰੁੱਖ ਭਾਰਤੀ ਸੱਭਿਅਤਾ ਤੇ ਜਲਵਾਯੂ ਦਾ ਹਿੱਸਾ ਰਿਹਾ ਹੈ। ਨਿੰਮ ਦਾ ਰੁੱਖ ਸਾਡੇ ਜੀਵਨ ਨਾਲ ਸਿੱਧੇ-ਅਸਿੱਧੇ ਰੂਪ 'ਚ ਜੁੜਿਆ ਹੋਇਆ ਹੈ। ਕਿਹਾ ਜਾਂਦਾ ਹੈ, 'ਜਿਥੇ ਹੋਵੇ ਨੀਮ, ਉਥੇ ਕੀ ਕਰੇ ਹਕੀਮ।' ਬਨਸਪਤੀ ਮਾਹਿਰਾਂ ਅਨੁਸਾਰ ਨਿੰਮ ਦਾ ਰੁੱਖ ਦੋ ਤੋਂ ਤਿੰਨ ਸੌ ਸਾਲ ਤਕ ਜ਼ਿੰਦਾ ਰਹਿ ਸਕਦਾ ਹੈ।

ਇਹ ਸਭ ਮਨੁੱਖ ਲਈ ਕੁਦਰਤ ਦਾ ਵਰਦਾਨ

ਨਿੰਮ ਦਾ ਵਿਗਿਆਨਿਕ ਨਾਂ 'ਐਜੀਡੀਰੇਕਟਾ ਇੰਡੀਕਾ' ਹੈ। ਨਿੰਮ ਦੇ ਰੁੱਖ ਦੀ ਉਚਾਈ 25-50 ਮੀਟਰ ਤੇ ਵਿਆਸ 200-300 ਸੈਂਟੀਮੀਟਰ ਤਕ ਹੋ ਸਕਦਾ ਹੈ। ਇਹ ਰੁੱਖ ਭਾਰਤ ਦਾ ਜੰਮ-ਪਲ ਹੈ ਤੇ ਇਸ ਪੌਦੇ ਵਿਚ ਵੱਖ-ਵੱਖ 17 ਅੰਸ਼ ਹੁੰਦੇ ਹਨ, ਜਿਨ੍ਹਾਂ ਨੂੰ 'ਆਇਸੋਮਰਜ਼' ਜਾਂ 'ਲਿਮੋਨਾਈਡ' ਕਹਿੰਦੇ ਹਨ। ਨਿੰਮ ਦੇ ਪੱਤੇ, ਨਮੋਲੀਆਂ, ਟਾਹਣੀਆਂ ਭਾਵੇਂ ਕੌੜੇ ਹੁੰਦੇ ਹਨ ਪਰ ਇਨਸਾਨੀ ਜੀਵਨ ਤੇ ਵਾਤਾਵਰਨ ਉੱਪਰ ਚੰਗਾ ਅਸਰ ਪਾਉਂਦੇ ਹਨ। ਇਸੇ ਲਈ ਨਿੰਮ ਨੂੰ ਮਨੁੱਖ ਲਈ ਕੁਦਰਤ ਦਾ ਵਰਦਾਨ ਮੰਨਿਆ ਜਾਂਦਾ ਹੈ। ਨਿੰਮ ਤੋਂ ਦਵਾਈਆਂ, ਮੱਛਰ ਮਾਰਨ ਵਾਲੇ ਉਤਪਾਦ, ਪਸ਼ੂ ਚਾਰਾ, ਸਾਬੁਣ, ਕਾਗ਼ਜ਼, ਟੁੱਥ-ਪੇਸਟ, ਖ਼ੁਸ਼ਬੂਦਾਰ ਪਾਉਡਰ, ਫ਼ਸਲੀ ਉਤਪਾਦ ਤਿਆਰ ਕੀਤੇ ਜਾਂਦੇ ਹਨ।

ਵਾਤਾਵਰਨ ਦੀ ਸ਼ੁੱਧਤਾ ਵੱਡਾ ਯੋਗਦਾਨ

ਵਾਤਾਵਰਨ ਪੱਖੋ ਨਿੰਮ ਬੇਹੱਦ ਮਹਤੱਵਪੂਰਨ ਹੈ। ਸਦਾ ਹਰਾ ਰਹਿਣ ਵਾਲੀ ਨਿੰਮ ਜਿੱਥੇ ਆਕਸੀਜਨ ਰਾਹੀਂ ਵਾਤਾਵਰਨ ਨੂੰ ਸ਼ੁੱਧ ਕਰਦੀ ਹੈ ਉੱਥੇ ਜ਼ਮੀਨ ਦੇ ਰੋਹੜ ਨੂੰ ਵੀ ਰੋਕਦੀ ਹੈ। ਕਿਹਾ ਜਾਂਦਾ ਹੈ ਕਿ ਨਿੰਮ ਦੀ ਛਾਵੇਂ ਬੈਠਣ ਨਾਲ ਕਈ ਬਿਮਾਰੀਆਂ ਤੋਂ ਨਿਜਾਤ ਮਿਲਦੀ ਹੈ। ਭਾਰਤੀ ਸੱਭਿਅਤਾ 'ਚ ਨਿੰਮ ਦੇ ਰੁੱਖ ਨੂੰ 'ਕਲਪ-ਵ੍ਰਿਕਸ਼' ਤੇ 'ਸ਼ਾਂਹਜਰ-ਈ-ਮੁਬਾਰਕ', ਭਾਵ ਸਾਰੀਆਂ ਆਸਾ ਪੂਰੀਆਂ ਕਰਨ ਵਾਲਾ ਤੇ ਪਰਮਾਤਮਾ ਦੀ ਕ੍ਰਿਪਾ ਨਾਲ ਪ੍ਰਾਪਤ ਰੁੱਖ ਕਿਹਾ ਜਾਂਦਾ ਹੈ। ਗਰਮੀਆਂ ਵਿਚ ਨਿੰਮ ਦੇ ਰੁੱਖ ਹੇਠਾਂ ਤਾਪਮਾਨ ਆਲੇ ਦੁਆਲੇ ਨਾਲੋਂ 10 ਡਿਗਰੀ ਘੱਟ ਹੁੰਦਾ ਹੈ। ਮਾਹਿਰਾਂ ਅਨੁਸਾਰ ਨਿੰਮ ਦਾ ਵੱਡਾ ਰੁੱਖ ਜੋ ਠੰਡਕ ਤੇ ਆਰਾਮ ਪ੍ਰਦਾਨ ਕਰਦਾ ਹੈ, ਉਹ 10 ਏਅਰ ਕੰਡੀਸ਼ਨਰ ਵੀ ਨਹੀਂ ਦੇ ਸਕਦੇ। ਇਹ ਮਿੱਤਰ ਜੀਵਾਂ ਨੂੰ ਰੈਣ ਬਸੇਰਾ ਦਿੰਦਾ ਹੈ। ਨਿੰਮ ਦੇ ਰੁੱਖ 'ਤੇ ਲੱਗਾ ਸ਼ਹਿਦ ਦਾ ਛੱਤਾ ਕਈਂ ਤਰ੍ਹਾਂ ਦੇ ਕੀੜਿਆਂ ਤੇ ਉੱਲੀਆਂ ਤੋਂ ਰਹਿਤ ਹੁੰਦਾ ਹੈ।

  ਕੁਦਰਤੀ ਕੀਟਨਾਸ਼ਕ  ਸੋਮਾ

ਫ਼ਸਲਾਂ 'ਤੇ ਨਿੰਮ ਦਾ ਛਿੜਕਾਅ ਕੀੜਿਅੇ ਦੇ ਵਾਧੇ ਨੂੰ ਰੋਕਦਾ ਹੈ ਤੇ 'ਐਜੀਡੀਰੈਕਟਿਨ' ਕਰਕੇ ਕੀੜੇ ਫ਼ਸਲ ਨੂੰ ਘੱਟ ਖਾਂਦੇ ਹਨ। ਇਸ ਨਾਲ ਕੀੜਿਆਂ ਮਕੌੜਿਆਂ ਦੀ ਆਂਡੇ ਦੇਣ ਦੀ ਸਮਰਥਾ ਘਟਦੀ ਹੈ। ਨਿੰਮ ਦੀ ਸਪਰੇਅ ਦਾ ਫ਼ਸਲਾਂ ਉੱਪਰ ਇਸਤੇਮਾਲ ਕਰਨ ਨਾਲ ਕਈ ਤਰ੍ਹਾਂ ਦੇ ਉੱਲੀ ਰੋਗਾਂ, ਜਿਵੇ ਧੱਬਿਆਂ ਦਾ ਰੋਗ, ਐਂਥਰਕੋਨੋਜ਼, ਕਾਲੇ ਧੱਬੇ ਆਦਿ ਰੋਗਾਂ ਦੀ ਰੋਕਥਾਮ ਹੁੰਦੀ ਹੈ।

ਜੈਵਿਕ ਖਾਦ ਬਣਾਉਣ ਲਈ ਉਪਯੋਗੀ

ਨਿੰਮ ਦੇ ਪੱਤੇ, ਬੀਜ, ਖਲੀ ਅਤੇ ਟਾਹਣੀਆਂ ਆਦਿ ਨੂੰ ਜੈਵਿਕ ਖਾਦ ਦੇ ਰੂਪ 'ਚ ਵਰਤਿਆ ਜਾ ਸਕਦਾ ਹੈ। ਨਿੰਮ ਦੀ ਖਲੀ ਵਿਚ 6 ਫ਼ੀਸਦੀ ਤੇਲ, 4 ਫ਼ੀਸਦੀ ਨਾਈਟ੍ਰੋਜਨ, 5 ਫ਼ੀਸਦੀ ਫਾਸਫੋਰਸ, 5 ਫ਼ੀਸਦੀ ਪੋਟਾਸ਼ ਤੋਂ ਇਲਾਵਾ ਹੋਰ ਕਈ ਛੋਟੇ ਤੱਤ ਵੀ ਹੁੰਦੇ ਹਨ। ਇਸ 'ਚ ਮੌਜੂਦ 'ਲਿਮੋਨਾਈਡ' ਨਾਂ ਦਾ ਤੱਤ ਜ਼ਮੀਨ ਵਿਚ ਫ਼ਸਲਾਂ ਦੀਆਂ ਜੜ੍ਹਾਂ ਲਈ ਜਿੱਥੇ ਫ਼ਾਇਦੇਮੰਦ ਹੈ ਉੱਥੇ ਰਸਾਇਣਕ ਖਾਦਾਂ ਦੀ ਕਾਰਜਕੁਸ਼ਲਤਾ 'ਚ ਵਾਧਾ ਕਰਦਾ ਹੈ। ਅੱਜ ਕੱਲ੍ਹ ਨੀਮ ਕੋਟਿਡ ਯੂਰੀਆ ਮਾਰਕੀਟ 'ਚ ਮਿਲਦਾ ਹੈ, ਜੋ ਖੇਤਾਂ ਵਿਚ ਨਾਈਟ੍ਰਜਨ ਦਾ 50-70 ਫ਼ੀਸਦੀ ਨੁਕਸਾਨ ਹੋਣ ਤੋਂ ਬਚਾਉਂਦਾ ਹੈ ਤੇ ਲੰਬੇ ਸਮੇਂ ਤਕ ਪੌਦਿਆਂ ਲਈ ਨਾਈਟ੍ਰੋਜਨ ਉਪੱਲਭਧ ਕਰਵਾਉਂਦਾ ਹੈ।

ਨਿੰਮ ਤੋਂ ਤਿਆਰ ਕੀੜੇਮਾਰ ਦਵਾਈਆਂ

ਇਹ ਢੰਗ ਕਿਸਾਨਾਂ ਦੇ ਤਜਰਬਿਆਂ 'ਤੇ ਆਧਾਰਿਤ ਹਨ। ਇਨ੍ਹਾਂ ਨੂੰ ਬਣਾਉਣ ਉਪਰੰਤ ਪਹਿਲਾਂ ਖੇਤ ਵਿਚ ਥੋੜ੍ਹੀ ਥਾਂ 'ਤੇ ਵਰਤੋਂ ਕਰਨ ਤੇ ਕਾਮਯਾਬੀ ਮਿਲਣ 'ਤੇ ਹੀ ਪੂਰੇ ਖੇਤ 'ਚ ਇਨ੍ਹਾਂ ਦੀ ਵਰਤੋਂ ਕਰੋ।

- ਨਿੰਮ ਦੇ ਸੁੱਕੇ ਬੀਜਾਂ ਦੀਆਂ 5 ਕਿੱਲੋ ਗਿਰੀਆਂ ਦਾ ਪਾਊਡਰ ਤਿਆਰ ਕਰੋ। ਇਸ ਨੂੰ ਰਾਤ ਲਈ 10 ਲੀਟਰ ਪਾਣੀ 'ਚ ਭਿਉਂ ਦੇਵੋ। ਸਵੇਰੇ ਇਸ ਘੋਲ ਨੂੰ ਡੰਡੇ ਨਾਲ ਹਿਲਾ ਕੇ ਕਪੜ-ਛਾਣ ਕਰ ਲਵੋ ਤੇ ਇਸ 'ਚ 100 ਗ੍ਰਾਮ ਕੱਪੜੇ ਧੋਣ ਵਾਲਾ ਸੋਡਾ ਮਿਲਾਓ। ਉਪਰੰਤ 150 ਤੋਂ 200 ਲੀਟਰ ਪਾਣੀ 'ਚ ਮਿਲਾ ਕੇ ਪ੍ਰਤੀ ਏਕੜ ਫ਼ਸਲ 'ਤੇ ਛਿੜਕਾਅ ਕਰੋ।

- ਨਿੰਮ ਦੇ 5 ਕਿੱਲੋ ਤਾਜ਼ਾ ਪੱਤਿਆਂ ਨੂੰ ਰਾਤ ਵੇਲੇ ਪਾਣੀ 'ਚ ਭਿਉਂ ਦੇਵੋ। ਸਵੇਰੇ ਪੱਤਿਆਂ ਨੂੰ ਪੀਹ ਤੇ ਛਾਣ ਕੇ ਪੱਤਿਆ ਦਾ ਸਤ ਤਿਆਰ ਕਰੋ। ਇਹ ਸਤ 150 ਲੀਟਰ ਪਾਣੀ ਤੇ 100 ਗ੍ਰਾਮ ਕੱਪੜੇ ਧੋਣ ਵਾਲੇ ਸੌਡੇ 'ਚ ਰਲਾ ਕੇ ਇਕ ਏਕੜ ਵਿਚ ਛਿੜਕਾਅ ਕੀਤਾ ਜਾ ਸਕਦਾ ਹੈ।

ਨਿੰਮ ਦੇ ਘੋਲ ਦੀ ਸਪਰੇਅ

ਆਨਾਜ ਭੰਡਾਰਨ ਲਈ ਜੂਟ ਦੀਆਂ ਖ਼ਾਲੀ ਬੋਰੀਆਂ ਨੂੰ ਨਿੰਮ ਦੇ 10 ਫ਼ੀਸਦੀ ਘੋਲ 'ਚ 15 ਮਿੰਟ ਲਈ ਡੋਬਣ ਤੋਂ ਬਾਅਦ ਛਾਵੇਂ ਸੁਕਾ ਕੇ ਅਨਾਜ ਭੰਡਾਰਨ ਲਈ ਵਰਤੋ। ਜਿਸ ਥਾਂ ਅਨਾਜ ਨੂੰ ਸਟੋਰ ਕਰਨਾ ਹੋਵੇ ਉੱਥੇ ਵੀ ਇਸ ਘੋਲ ਦਾ ਛਿੜਕਾਅ ਫ਼ਾਇਦੇਮੰਦ ਹੈ। ਨਿੰਮ ਦੇ ਉਤਪਾਦਾਂ ਦਾ ਫ਼ਸਲਾਂ ਉੱਪਰ ਛਿੜਕਾਅ ਜਿੱਥੇ ਸਸਤਾ ਪੈਂਦਾ ਹੈ ਉੱਥੇ ਇਸ ਦਾ ਵਾਤਾਵਰਨ 'ਤੇ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ। ਜ਼ਮੀਨ ਵਿਚ ਨਿੰਮ ਦੀ ਵਰਤੋਂ ਮਿੱਟੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੀ ਹੈ। ਚੰਗੇ ਨਤੀਜੇ ਪ੍ਰਾਪਤ ਕਰਨ ਲਈ ਨਿੰਮ ਤੋਂ ਬਣੇ ਉਤਪਾਦਾਂ ਦਾ ਸਪਰੇਅ ਸਵੇਰੇ ਜਾਂ ਦੇਰ ਸ਼ਾਮ ਵੇਲੇ ਹੀ ਕਰੋ। ਸਰਦੀਆਂ ਵਿਚ 10 ਦਿਨ ਤੇ ਗਰਮੀਆਂ 'ਚ 6-7 ਦਿਨਾਂ ਦੇ ਵਕਫ਼ੇ 'ਤੇ ਸਪਰੇਅ ਕਰਨ ਨਾਲ ਚੰਗੇ ਨਤੀਜੇ ਮਿਲਦੇ ਹਨ।

ਨਿੰਮ ਵਿਚਲੇ ਤੱਤ ਕਿ ਕਰਦੇ ਹਨ

ਨਿੰਮ ਵਿਚ ਮੌਜੂਦ ਤੱਤ ਫ਼ਸਲਾਂ ਲਈ ਬੇਹੱਦ ਲਾਭਦਾਇਕ ਹਨ।

ਇਸ ਵਿਚ 30-40 ਫ਼ੀਸਦੀ ਤੇਲ, 0.2-0.6 ਫ਼ੀਸਦੀ ਐਜੀਡੀਰੇਕਟਿਨ, 20 ਫ਼ੀਸਦੀ ਸਲਫਰ ਅਤੇ 25-30 ਫ਼ੀਸਦੀ ਟਰਪੀਨਾਇਡਜ਼ ਤੱਤ ਹੁੰਦੇ ਹਨ ਜਦਕਿ ਰਸਾਇਣਕ ਜਹਿਰਾਂ ਵਿਚ ਕਲੋਰੀਨ ਤੇ ਫਾਸਫੋਰਸ ਵਰਗੇ ਹਾਨੀਕਾਰਕ ਤੱਤ ਹੁੰਦੇ ਹਨ।