ਮੋਗਾ (ਰਾਣਾ ਸ਼ੇਖਦੌਲਤ ,ਜੱਜ ਮਸੀਤਾਂ):ਮੋਗਾ ਜ਼ਿਲ੍ਹੇ ਦੇ ਪਿੰਡ ਕਾਲੇਕੇ 'ਚ ਬੀਤੀ ਰਾਤ ਡੀ.ਜੇ.ਬੰਦ ਕਰਨ ਨੂੰ ਲੈ ਕੇ ਹੋਏ ਝਗੜੇ 'ਚ ਕੁਝ ਹਥਿਆਰਬੰਦ ਮੁੰਡਿਆਂ ਵਲੋਂ ਡੀ.ਜੇ.ਸੰਚਾਲਕ ਅਵਤਾਰ ਸਿੰਘ (25) ਨਿਵਾਸੀ ਬਾਘਾ ਪੁਰਾਣਾ ਦੀ ਕੁੱਟ-ਮਾਰ ਕਰ ਕੇ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਪਿੰਡ ਕਾਲੇਕੇ ਨਿਵਾਸੀ ਰੂਪ ਸਿੰਘ ਦੇ ਘਰ ਵਿਆਹ ਸਮਾਗਮ 'ਚ ਡੀ.ਜੇ.ਚੱਲ ਰਿਹਾ ਸੀ, ਉਕਤ ਡੀ.ਜੇ.ਬਾਘਾਪੁਰਾਣਾ ਨਿਵਾਸੀ ਅਵਤਾਰ ਸਿੰਘ ਵਲੋਂ ਲਗਾਇਆ ਗਿਆ ਸੀ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਤ ਦੇ 9:30 ਵਜੇ ਤੱਕ ਡੀ.ਜੇ.ਚਲਾਉਣ ਦੀ ਆਗਿਆ ਦਿੱਤੀ ਗਈ ਹੈ,ਜਿਸ ਤੇ ਅਵਤਾਰ ਸਿੰਘ ਨੇ ਡੀ.ਜੇ.ਬੰਦ ਕਰ ਦਿੱਤਾ,ਪਰ ਪਿੰਡ ਦੇ ਇਕ ਮੁੰਡੇ ਗਿੰਦੀ ਉਰਫ ਗੰਜਾ ਨੇ ਡੀ.ਜੇ.ਸੰਚਾਲਕ ਅਵਤਾਰ ਸਿੰਘ ਨੂੰ ਡੀ.ਜੇ.ਚਲਾਉਣ ਲਈ ਕਿਹਾ ਡੀ.ਜੇ.ਵਾਲੇ ਦੇ ਮਨ੍ਹਾ ਕਰਨ'ਤੇ ਉਹ ਆਪਣੇ ਨਾਲ ਹਥਿਆਰਬੰਦ ਮੁੰਡਿਆਂ ਦਵਿੰਦਰ ਸਿੰਘ,ਸਿਮਰਜੀਤ ਸਿੰਘ, ਗੁਰਵਿੰਦਰ ਸਿੰਘ,ਅਮਨਦੀਪ ਸਿੰਘ, ਸੁਖਜਿੰਦਰ ਸਿੰਘ ਨੂੰ ਆਪਣੇ ਨਾਲ ਲੈ ਆਇਆ,ਜਿਨ੍ਹਾਂ ਨੇ ਅਵਤਾਰ ਸਿੰਘ ਨੂੰ ਘੇਰ ਲਿਆ ਅਤੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਅਵਤਾਰ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਬੀਤੀ ਦੇਰ ਰਾਤ ਸਿਵਲ ਹਸਪਤਾਲ ਮੋਗਾ ਵਿਚ ਦਾਖ਼ਲ ਕਰਵਾਇਆ ਗਿਆ,ਜਿਸ ਨੇ ਦਮ ਤੋੜ ਦਿੱਤਾ।ਹਮਲਾਵਰ ਲੜਕਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।