You are here

ਕਿਸਾਨੀ ਨੂੰ ਮਾਰਨ ਵਾਲੇ ਆਰਡੀਨੈਂਸ ਨੂੰ ਰਾਸ਼ਟਰਪਤੀ ਦੇ ਦਸਤਖਤਾਂ ਤੋਂ ਪਹਿਲਾਂ ਰੋਕਿਆ ਜਾ ਸਕਦੈ -ਬਲਵਿੰਦਰ ਬੈਂਸ

ਅੰਮ੍ਰਿਤਸਰ,ਸਤੰਬਰ 2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-  ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਮਾਝੇ ਦੇ ਪ੍ਰਧਾਨ ਅਮਰੀਕ ਸਿੰਘ ਵਰਪਾਲ, ਧਾਰਮਿਕ ਵਿੰਗ ਪ੍ਰਧਾਨ ਜਗਜੋਤ ਸਿੰਘ ਖ਼ਾਲਸਾ ਤੇ ਕੋਰ ਕਮੇਟੀ ਮੈਂਬਰ ਪ੍ਰਕਾਸ਼ ਸਿੰਘ ਮਾਹਲ ਨੂੰ ਨਾਲ ਲੈ ਕੇ ਅੰਮਿ੍ਤਸਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨੀ ਆਰਡੀਨੈਂਸ ਖ਼ਿਲਾਫ਼ ਸੰਘਰਸ਼ ਦਾ ਐਲ਼ਾਨ ਕਰਦਿਆਂ ਕਿਹਾ ਕਿ ਪਹਿਲਾਂ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਉਨ੍ਹਾਂ ਨੇ ਅੰਮਿ੍ਤਸਰ ਦੇ ਜੱਲਿ੍ਆਂਵਾਲਾ ਬਾਗ ਤੋਂ ਇਕ ਸਾਈਕਲ ਮਾਰਚ ਕੱਢ ਕੇ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਿਆ ਸੀ ਕਿ ਇਸ ਆਰਡੀਨੈਂਸ ਨੂੰ ਰੱਦ ਕੀਤਾ ਜਾਵੇ ਪਰ ਪਾਰਲੀਮੈਂਟ ਵਿਚ ਇਸ ਨੂੰ ਦੋ ਦਿਨ ਪਹਿਲਾਂ ਮਨਜ਼ੂਰ ਕੀਤਾ ਗਿਆ ਹੈ ਪਰ ਹਾਲੇ ਵੀ ਕਿਸਾਨਾਂ ਖ਼ਿਲਾਫ਼ ਇਸ ਕਾਲੇ ਕਾਨੂੰਨ ਨੂੰ ਰਾਸ਼ਟਰਪਤੀ ਦੇ ਦਸਤਖਤਾਂ ਤੋਂ ਪਹਿਲਾਂ ਰੋਕਿਆ ਜਾ ਸਕਦਾ ਹੈ। ਇਸ ਲਈ ਉਹ ਹੁਣ 23 ਸਤੰਬਰ ਨੂੰ ਫਤਹਿਗੜ੍ਹ ਸਾਹਿਬ ਤੋਂ ਹਜ਼ਾਰਾਂ ਦੀ ਗਿਣਤੀ 'ਚ ਇਕੱਤਰਤ ਹੋ ਕੇ ਮੋਟਰਸਾਈਕਲ ਰੈਲੀ ਕੱਢਣਗੇ ਤੇ ਪਾਰਲੀਮੈਂਟ ਦਾ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਿਸਾਨ ਨੂੰ ਮਹਿਜ਼ ਦਿਹਾੜੀਦਾਰ ਬਣਾ ਕੇ ਰੱਖ ਦੇਵੇਗਾ ਜਿਸ ਕਾਰਨ ਕਿਸਾਨ ਆਪਣੇ ਕਿੱਤੇ ਨੂੰ ਛੱਡਣ ਨੂੰ ਮਜ਼ਬੂਰ ਹੋ ਜਾਵੇਗਾ।

ਬੈਂਸ ਨੇ ਮੁੱਖ ਮੰਤਰੀ ਸਮੇਤ ਕਈਆਂ ਨੂੰ ਲਿਆ ਨਿਸ਼ਾਨੇ 'ਤੇ

ਬਲਵਿੰਦਰ ਸਿੰਘ ਬੈਂਸ ਨੇ ਕਿਸਾਨੀ ਆਰਡੀਨੈਂਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਕੈਪਟਨ ਸਾਹਿਬ ਤਾਂ ਮਗਰਮੱਛ ਦੇ ਹੰਝੂ ਵਹਾਉਂਦੇ ਹਨ, ਜੋ ਸਾਨੂੰ ਸੰੰਘਰਸ਼ ਕਰਨ ਵੇਲੇ ਡਾਂਗਾ ਮਾਰਦੇ ਹਨ ਤੇ ਮੁਕੱਦਮੇ ਦਰਜ ਕਰਦੇ ਹਨ ਪਰ ਹੁਣ ਕਹਿੰਦੇ ਹਨ ਕੇ ਮੈਂ ਵੀ ਤੁਹਾਡੇ ਨਾਲ ਚੱਲਾਂਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਅਸਤੀਫੇ ਬਾਰੇ ਕਿਹਾ ਕਿ ਇਹ ਦੋਹਰੀ ਚਾਲ ਹੈ, ਪੰਜਾਬ ਵਾਸੀਆਂ ਲਈ ਉਹ ਅਸਤੀਫਾ ਦੇ ਕੇ ਕਹਿ ਦਿੱਤਾ ਕੇ ਹਿਮਾਇਤ ਰਹੇਗੀ, ਇਸੇ ਤਰ੍ਹਾਂ ਹੀ ਕਿਸਾਨ ਨਾਲ ਹੋਣਾ ਹੈ ਕਿਉਂਕਿ ਖੇਤ ਕਿਸਾਨ ਵਾਲਾ ਹੀ ਹੋਵੇਗਾ ਪਰ ਕਿਸਾਨ ਉਸ ਵਿਚ ਸਿਰਫ ਮਜ਼ਦੂਰ ਦੀ ਤਰ੍ਹਾਂ ਕੰਮ ਕਰੇਗਾ।