You are here

ਛੇੜਛਾੜ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੀ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਪ੍ਰਦਰਸ਼ਨ

ਲੁਧਿਆਣਾ, 23 ਫਰਵਰੀ ਪਿੰਡ ਸੰਗੋਵਾਲ ’ਚ ਬੀਤੇ ਦਿਨ ਦੋ ਨੌਜਵਾਨਾਂ ਵੱਲੋਂ ਕੀਤੀ ਗਈ ਛੇੜਛਾੜ ਤੋਂ ਬਾਅਦ ਖੁਦਕੁਸ਼ੀ ਕਰਨ ਵਾਲੀ ਲੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਅੱਜ ਲੁਧਿਆਣਾ ਵਿੱਚ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੇ ਐੱਸਐੱਚਓ ਅਤੇ ਜਿਸ ਘਰ ’ਚ ਲੜਕੀ ਕੰਮ ਕਰਦੀ ਸੀ, ਦੇ ਮਾਲਕ ਵਿਰੁੱਧ ਵੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਏਡੀਸੀਪੀ-2 ਅਨੁਸਾਰ ਐੱਸਐੱਚਓ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਨੇੜਲੇ ਪਿੰਡ ਸੰਗੋਵਾਲ ਵਿੱਚ ਦੋ ਕੁ ਦਿਨ ਪਹਿਲਾਂ ਬਿੱਕਰ ਸਿੰਘ ਨਾਂ ਦੇ ਵਿਅਕਤੀ ਦੇ ਘਰ ਕੰਮ ਕਰਦੀ ਦਲਿਤ ਲੜਕੀ ਨੇ ਰਸਤੇ ਵਿੱਚ ਦੋ ਨੌਜਵਾਨਾਂ ਵੱਲੋਂ ਕੀਤੀ ਗਈ ਛੇੜਛਾੜ ਤੋਂ ਬਾਅਦ ਘਰ ਜਾ ਕੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ ਸੀ। ਇਹ ਵੀ ਪਤਾ ਲੱਗਾ ਹੈ ਕਿ ਲੜਕੀ ਨੇ ਕਥਿਤ ਤੌਰ ’ਤੇ ਇਸ ਸਬੰਧੀ ਆਪਣੇ ਮਾਲਕ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਦੱਸਿਆ ਸੀ। ਪਰਿਵਾਰਕ ਮੈਂਬਰਾਂ ਨੇ ਬੇਇੱਜ਼ਤੀ ਹੋਣ ਤੋਂ ਡਰਦਿਆਂ ਇਸ ਦੀ ਸੂਚਨਾ ਪੁਲੀਸ ਨੂੰ ਨਹੀਂ ਦਿੱਤੀ ਸੀ। ਲੜਕੀ ਨੇ ਜ਼ਲਾਲਤ ਨਾ ਝੱਲਦਿਆਂ ਆਪਣੀ ਜਾਨ ਦੇ ਦਿੱਤੀ। ਇਸ ਸਬੰਧੀ ਪੁਲੀਸ ਨੇ ਭਾਵੇਂ ਛੇੜਛਾੜ ਕਰਨ ਵਾਲੇ ਨੌਜਵਾਨਾਂ ਜਗਦੀਪ ਸਿੰਘ ਅਤੇ ਗੁਰਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਲੋਕਾਂ ਨੇ ਮਕਾਨ ਮਾਲਕ ਬਿੱਕਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਲੜਕੀ ਦੇ ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਜਦੋਂ ਉਹ ਪੁਲੀਸ ਸਟੇਸ਼ਨ ਗਏ ਤਾਂ ਉੱਥੇ ਮੌਜੂਦ ਐੱਸਐੱਚਓ ਨੇ ਵੀ ਆਪਣੇ ਅਹੁਦੇ ਦਾ ਰੋਅਬ ਦਿਖਾਉਂਦਿਆਂ ਉਨ੍ਹਾਂ ਨੂੰ ਝਿੜਕਣਾ ਸ਼ੁਰੂ ਕਰ ਦਿੱਤਾ। ਮਜਬੂਰ ਹੋ ਕੇ ਉਨ੍ਹਾਂ ਨੂੰ ਅੱਜ ਲੜਕੀ ਦੀ ਲਾਸ਼ ਰੱਖ ਕੇ ਰੋਸ ਧਰਨਾ ਦੇਣਾ ਪਿਆ ਹੈ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਤਰਸੇਮ ਜੋਧਾਂ ਨੇ ਕਿਹਾ ਕਿ ਲੜਕੀ ਅਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ 11 ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਗਈ ਹੈ। ਇਸ ਕਮੇਟੀ ਵੱਲੋਂ ਜਿੱਥੇ ਐੱਸਐੱਚਓ ਵਿਰੁੱਧ ਕਾਰਵਾਈ ਮੰਗੀ ਗਈ ਹੈ ਉੱਥੇ ਮਾਲਕ ਵਿਰੁੱਧ ਮਾਮਲਾ ਦਰਜ ਕਰਨ ਦੇ ਨਾਲ-ਨਾਲ ਪਰਿਵਾਰ ਦੀ ਬਣਦੀ ਸਹਾਇਤਾ ਕਰਨ ਦੀ ਵੀ ਗੱਲ ਕੀਤੀ ਹੈ। ਸ੍ਰੀ ਜੋਧਾਂ ਨੇ ਕਿਹਾ ਕਿ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਨੂੰਨ ਬਣਨੇ ਚਾਹੀਦੇ ਹਨ ਤਾਂ ਜੋ ਧੀਆਂ ’ਤੇ ਹੋ ਰਹੇ ਜ਼ੁਲਮਾਂ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦਿਵਾਉਣ ਦਾ ਪੂਰਾ ਭਰੋਸਾ ਦਿੱਤਾ।
ਮੌਕੇ ’ਤੇ ਪੁੱਜੇ ਪੁਲੀਸ ਅਧਿਕਾਰੀਆਂ ਨੇ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਐੱਸਐੱਚਓ ਅਤੇ ਮਕਾਨ ਮਾਲਕ ਵਿਰੁੱਧ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਚੁਕਵਾ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਲੜਕੀ ਦਾ ਸਸਕਾਰ ਐਤਵਾਰ ਨੂੰ ਪਿੰਡ ’ਚ ਕੀਤਾ ਜਾਵੇਗਾ।
ਏਡੀਸੀਪੀ-2 ਜਸਕਰਨ ਸਿੰਘ ਤੇਜਾ ਨੇ ਕਿਹਾ ਕਿ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਦੀ ਮੰਗ ’ਤੇ ਐੱਸਐੱਚਓ ਨੂੰ ਲਾਈਨਹਾਜ਼ਰ ਕਰ ਦਿੱਤਾ ਗਿਆ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁੱਛ-ਪੜਤਾਲ ਲਈ ਮਕਾਨ ਮਾਲਕ ਦਾ ਨਾਂ ਵੀ ਇਸ ਵਿੱਚ ਸ਼ਾਮਲ ਕਰ ਲਿਆ ਗਿਆ ਹੈ।