You are here

ਕਰੋਨਾ ਖ਼ਿਲਾਫ਼ ਲੜਾਈ: ਇੰਗਲੈਂਡ ’ਚ ‘ਨਿਯਮ 6’ ਲਾਗੂ

ਛੇ ਤੋਂ ਵੱਧ ਲੋਕਾਂ ਦੇ ਇਕੱਠ ’ਤੇ ਹੋਵੇਗੀ ਪਾਬੰਦੀ 

ਉਲੰਘਣਾ ਕਰਨ ਵਾਲੇ ਨੂੰ 100 ਪੌਂਡ ਜੁਰਮਾਨਾ

ਲੰਡਨ, ਸਤੰਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-  ਕਰੋਨਾਵਾਇਰਸ ਮਹਾਮਾਰੀ ਦੇ ਦਿਨੋਂ-ਦਿਨ ਵਧ ਰਹੇ ਮਾਮਲਿਆਂ ਨੂੰ ਨੱਥ ਪਾਉਣ ਦੇ ਮਕਸਦ ਨਾਲ ਇਕੱਠਾਂ ’ਤੇ ਪਾਬੰਦੀ ਲਗਾਉਣ ਲਈ ਇੰਗਲੈਂਡ ਵਿੱਚ ਨਵਾਂ ‘ਨਿਯਮ 6’ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੈ। ਇਹ ਨਿਯਮ ਪੁਲੀਸ ਨੂੰ ਛੇ ਤੋਂ ਵੱਧ ਲੋਕਾਂ ਨੂੰ ਇਕੱਠੇ ਹੋਣ ਤੋਂ ਰੋਕਣ ਅਤੇ ਨਿਯਮ ਦੀ ਉਲੰਘਣਾ ਕਰਨ ਵਾਲੇ ਨੂੰ 100 ਪੌਂਡ ਜੁਰਮਾਨਾ ਕਰਨ ਦਾ ਅਧਿਕਾਰ ਦੇਵੇਗਾ। ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ’ਚ ਲਗਾਤਾਰ ਹੋ ਰਹੇ ਵਾਧੇ ਵਿਚਾਲੇ ਪਿਛਲੇ ਹਫ਼ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਇਸ ਨਵੇਂ ਨਿਯਮ ਦਾ ਐਲਾਨ ਕੀਤਾ ਗਿਆ ਸੀ। 
ਇਸ ਨਿਯਮ ਤਹਿਤ ਇੰਗਲੈਂਡ ਤੇ ਸਕੌਟਲੈਂਡ ਵਿੱਚ ਅੰਦਰ ਤੇ ਬਾਹਰ ਅਤੇ ਵੇਲਜ਼ ’ਚ ਸਿਰਫ਼ ਅੰਦਰ ਛੇ ਜਣਿਆਂ ਤੋਂ ਵੱਧ ਦੇ ਇਕੱਠ ’ਤੇ ਲਾਗੂ ਹੋਵੇਗਾ। ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਾਟਿਲ ਨੇ ਕਿਹਾ, ‘‘ਦੇਸ਼ ਭਰ ਵਿੱਚ ਕਰੋਨਾਵਾਇਰਸ ਖ਼ਿਲਾਫ਼ ਲੜਾਈ ਵਿੱਚ ਅਸੀਂ ਸਾਰਿਆਂ ਨੇ ਵੱਡੀ ਪੱਧਰ ’ਤੇ ਬਲੀਦਾਨ ਦਿੱਤੇ ਹਨ। ਹਾਲਾਂਕਿ, ਹਾਲ ਹੀ ਵਿੱਚ ਮਹਾਮਾਰੀ ਦੇ ਕੇਸਾਂ ਦੀ ਗਿਣਤੀ ’ਚ ਮੁੜ ਹੋਏ ਵਾਧੇ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਹੁਣੇ ਹੋਰ ਕਾਫੀ ਕੁਝ ਕਰਨ ਦੀ ਲੋੜ ਹੈ। ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਸੋਮਵਾਰ ਤੋਂ ਨਵਾਂ ਕਾਨੂੰਨ ਲਾਗੂ ਹੋ ਗਿਆ ਹੈ ਜਿਸ ਤਹਿਤ ਪੁਲੀਸ ਨੂੰ ਛੇ ਵਿਅਕਤੀਆਂ ਤੋਂ ਵੱਧ ਦੇ ਇਕੱਠ ’ਤੇ ਜੁਰਮਾਨਾ ਕਰਨ ਦਾ ਅਧਿਕਾਰ ਹੈ।’’