ਬਰਮਿੰਘਮ,ਅਗਸਤ 2020 -(ਗਿਆਨੀ ਰਵਿਦਰਪਾਲ ਸਿੰਘ )- ਸਿੱਖ ਕੌਸਲ ਯੂ.ਕੇ. ਬੀਤੇ ਕੁਝ ਮਹੀਨਿਆਂ ਤੋਂ ਦੋਫਾੜ ਹੈ ਅਤੇ ਆਪੋ ਆਪਣਾ ਦਾਅਵਾ ਜਿਤਾ ਰਹੇ ਸਿੱਖ ਆਗੂਆਂ ਵਲੋਂ ਨਵੀਆਂ ਕਮੇਟੀਆਂ ਦੀ ਸਥਾਪਨਾ ਲਈ ਦੌੜ ਲੱਗੀ ਹੋਈ ਹੈ ।ਮੌਜੂਦਾ ਐਗਜ਼ੈਕਟਿਵ ਕਮੇਟੀ ਦੇ ਮੈਂਬਰਾਂ ਦੇ ਸੱਦੇ 'ਤੇ ਸਿੱਖ ਕੌਸਲ ਯੂ. ਕੇ. ਦੀ ਜਨਰਲ ਅਸੈਂਬਲੀ ਦੀ ਮੀਟਿੰਗ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਕੀਤੀ ਗਈ, ਜਿਸ ਵਿਚ 140 ਮੈਂਬਰਾਂ ਨੇ ਹਿੱਸਾ ਲਿਆ । ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਗੁਰੂ ਘਰ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਬਾਂਕਾ ਅਤੇ ਜਨਰਲ ਸਕੱਤਰ ਜਤਿੰਦਰ ਸਿੰਘ ਬਾਸੀ ਨੇ ਸੰਗਤਾਂ ਦਾ ਸਵਾਗਤ ਕੀਤਾ । ਉਪਰੰਤ ਆਨਲਾਈਨ ਹੋਈ ਮੀਟਿੰਗ 'ਚ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫ਼ਾਰ ਸਿੱਖ ਦੀ ਚੇਅਰ ਅਤੇ ਸ਼ੈੱਡੋ ਮੰਤਰੀ ਐਮ. ਪੀ. ਪ੍ਰੀਤ ਕੌਰ ਗਿੱਲ ਨੇ ਵੀ ਇਸ ਮੌਕੇ ਸੰਬੋਧਨ ਕਰਦਿਆਂ ਸਿੱਖ ਕੌਸਲ ਯੂ. ਕੇ. ਨਾਲ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ । ਮੀਟਿੰਗ ਦੌਰਾਨ ਸੁਖਵਿੰਦਰ ਸਿੰਘ ਅਤੇ ਸੁਖਜੀਵਨ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ।ਇਸ ਮੌਕੇ ਕੋਵਿਡ-19 ਕਾਰਨ ਮੈਂਬਰਸ਼ਿਪ ਫ਼ੀਸ ਆਰਜ਼ੀ ਤੌਰ 'ਤੇ ਖ਼ਤਮ ਕਰਨ ਦੀ ਸਹਿਮਤੀ ਦਿੱਤੀ । 12 ਸਤੰਬਰ ਨੂੰ ਨਵੀਂ ਕਮੇਟੀ ਦੀ ਚੋਣ ਲਈ 5 ਸਿੱਖਾਂ ਪਰਵਿੰਦਰ ਕੌਰ (ਬ੍ਰਮਿੰਘਮ), ਮਨਕਮਲ ਸਿੰਘ (ਲੰਡਨ), ਹਰਨੇਕ ਸਿੰਘ (ਬਰੈਡਫੋਰਡ), ਮਨਦੀਪ ਸਿੰਘ (ਵਿਲਨਹਾਲ) ਅਤੇ ਹਰਜੀਤ ਸਿੰਘ (ਸੰਦਰਲੈਂਡ) ਦਾ ਪੈਨਲ ਬਣਾਇਆ ਗਿਆ । ਪੈਨਲ ਵਲੋਂ 30 ਮੈਂਬਰੀ ਐਗਜ਼ੈਕਟਿਵ ਕਮੇਟੀ ਅਤੇ 5 ਦਫ਼ਤਰੀ ਅਧਿਕਾਰੀਆਂ ਦਾ ਐਲਾਨ ਕੀਤਾ ਜਾਵੇਗਾ । ਸਿੱਖ ਕੌਸਲ ਯੂ.ਕੇ. ਦੇ ਲੋਗੋ ਅਤੇ ਨਾਂਅ ਨੂੰ ਲੈ ਕੇ ਵੀ ਕਾਨੂੰਨੀ ਮਾਹਿਰਾਂ ਦੀ ਸਲਾਹ ਲਈ ਜਾ ਰਹੀ ਹੈ ।