You are here

ਮਾਂ - ਬੋਲੀ ਦਾ ਸੇਵਕ ( ਮਿੰਨੀ ਕਹਾਣੀ) ✍️ ਜਸਵਿੰਦਰ ਕੌਰ ਦੱਧਾਹੂਰ

ਮਾਂ - ਬੋਲੀ ਦਿਵਸ ਨੇੜੇ ਹੋਣ ਕਰਕੇ ਸੁਖਦੀਪ ਪੱਬਾਂ ਭਾਰ ਹੋਇਆ ਫਿਰਦਾ ਸੀ ਅਤੇ ਸਰਕਾਰੀ ਸਕੂਲ ਵਿੱਚ ਮਾਂ - ਬੋਲੀ ਦਿਵਸ ਮਨਾਉਣ ਦੀਆਂ ਉਸ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਸਨ । ਕੁੱਝ ਵਿਦਿਆਰਥੀ ਆਪਣੀ ਇੱਛਾ ਅਨੁਸਾਰ ਇਸ ਦਿਵਸ ਦੇ ਲਈ ਤਿਆਰੀ ਕਰ ਰਹੇ ਸਨ ਅਤੇ ਕੁੱਝ ਕੁ ਨੂੰ ਸੁਖਦੀਪ ਨੇ ਘੂਰ ਘੱਪ ਕੇ ਟੀਮਾਂ ਤਿਆਰ ਕਰ ਲਈਆਂ ਸਨ। ਮਾਂ - ਬੋਲੀ ਵਿਸ਼ੇ 'ਤੇ ਭਾਸ਼ਣ ,ਕਵਿਤਾ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਜਾ ਰਹੇ ਸਨ ।

ਸਕੂਲ ਦਾ ਪ੍ਰਿੰਸੀਪਲ ਵੀ ਸੁਖਦੀਪ ਦੇ ਇੰਨ੍ਹਾਂ ਯਤਨਾਂ ਤੋਂ ਕਾਫ਼ੀ ਖੁਸ਼ ਸੀ । ਆਖਰ ਉਲੀਕਿਆ ਪ੍ਰੋਗਰਾਮ ਬਹੁਤ ਵਧੀਆ ਢੰਗ ਨਾਲ ਸੁਖਦੀਪ ਨੇ ਨੇਪਰੇ ਚਾੜ੍ਹਿਆ ਅਤੇ ਸਕੂਲ ਵੱਲੋਂ ਉਸ ਨੂੰ 'ਮਾਂ ਬੋਲੀ ਦਾ ਸੇਵਕ' ਦੇ ਸਨਮਾਨ ਦੇ ਨਾਲ ਨਿਵਾਜ਼ਿਆ ਗਿਆ।

ਘਰ ਜਾ ਕੇ  ਆਪਣੀ ਖ਼ੁਸ਼ੀ ਆਪਣੀ ਪਤਨੀ ਅਤੇ ਆਪਣੇ ਦੋਸਤ ਨਾਲ ਸਾਂਝਿਆਂ ਕਰਦਿਆਂ ਸੁਖਦੀਪ ਨੇ ਮਿਲਿਆ ਐਵਾਰਡ ਡਰਾਇੰਗ ਰੂਮ 'ਚ ਲਿਜਾ ਕੇ ਸਜਾ ਦਿੱਤਾ।

ਇੰਨੇ ਨੂੰ ਸੁਖਦੀਪ ਦਾ ਪੁੱਤਰ ਏਕਮ ਵੀ ਆ ਗਿਆ, ਜੋ ਕੌਨਵੈਂਟ ਸਕੂਲ ਵਿੱਚ ਪੜ੍ਹਦਾ ਸੀ। ਆਉਂਦਿਆਂ ਹੀ ਉਸ ਨੇ ਦੁਹਾਈ ਪਾਉਣੀ ਸ਼ੁਰੂ ਕਰ ਦਿੱਤੀ ਕਿ ਕੱਲ੍ਹ ਤੋਂ ਸਕੂਲ ਉਹ ਸੌ ਰੁਪਏ ਲਏ ਬਿਨਾਂ ਨਹੀਂ ਜਾਵੇਗਾ । ਦੋਵੇਂ ਪਤੀ - ਪਤਨੀ ਅਤੇ ਸੁਖਦੀਪ ਦਾ ਦੋਸਤ ਜਗਰਾਜ ਹੈਰਾਨੀ ਦੇ ਨਾਲ ਏਕਮ ਵੱਲ ਦੇਖਣ ਲੱਗੇ। ਸੁਖਦੀਪ ਦੀ ਪਤਨੀ ਨੇ ਉਸ ਨੂੰ ਪੁੱਛਿਆ , "ਕੀ ਹੋਇਆ ਪੁੱਤ?" ਤਾਂ ਉਸਨੇ ਦੱਸਿਆ ਕਿ ਤੁਸੀਂ ਜੋ ਪੰਜਾਹ ਰੁਪਏ ਦਿੱਤੇ ਸੀ ਉਹ ਤਾਂ ਅੱਜ ਮੈਡਮ ਨੇ ਲੈ ਲਏ । ਸਾਰੇ ਹੈਰਾਨੀ ਨਾਲ ਇੱਕ ਦੂਜੇ ਵੱਲ ਦੇਖਣ ਲੱਗੇ। "ਪਰ ਕਿਉਂ ?ਪੁੱਤ।" ਜਗਰਾਜ ਨੇ ਪੁੱਛਿਆ। "ਕਿਉਂਕਿ ਮੈਂ ਸਕੂਲ ਵਿੱਚ ਪੰਜਾਬੀ ਬੋਲ ਰਿਹਾ ਸੀ ਤਾਂ ਮੈਡਮ ਨੇ ਮੇਰੇ ਤੋਂ ਪੰਜਾਹ ਰੁਪਏ ਫਾਈਨ ਦੇ ਰੂਪ ਦੇ ਲੈ ਲਏ।" ਏਕਮ ਰੋਂਦਾ ਹੋਇਆ ਜਵਾਬ ਦੇ ਰਿਹਾ ਸੀ।  ਡਰਾਇੰਗ ਰੂਮ ਦੇ ਵਿਚ ਚੁੱਪੀ ਵਰਤ ਗਈ । ਜਗਰਾਜ ਕਦੇ ਸੁਖਦੀਪ ਵੱਲ ਅਤੇ ਕਦੇ ਡਰਾਇੰਗ ਰੂਮ ਵਿਚ ਪਏ ਉਸ ਦੇ 'ਮਾਂ ਬੋਲੀ ਦੇ ਸੇਵਕ' ਦੇ ਐਵਾਰਡ ਵੱਲ ਦੇਖ ਰਿਹਾ ਸੀ ।

 

ਜਸਵਿੰਦਰ ਕੌਰ ਦੱਧਾਹੂਰ - ਮੋਬਾਇਲ ਨੰ: 9814494984