You are here

ਕੈਪਟਨ ਅਮਰਿੰਦਰ ਸਿੰਘ ਨੇ ਸੱਤ ਦਿਨਾਂ ਲਈ ਸਵੈ-ਕੁਆਰੰਟੀਨ 'ਚ ਜਾਣ ਦਾ ਲਿਆ ਫ਼ੈਸਲਾ

ਦੋ ਪਾਜ਼ੇਟਿਵ ਕਾਂਗਰਸੀ ਵਿਧਾਇਕ ਸਦਨ 'ਚ ਪੁੱਜੇ

ਚੰਡੀਗੜ੍ਹ ,ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 7 ਦਿਨਾਂ ਲਈ ਸਵੈ-ਕੁਆਰੰਟੀਨ 'ਚ ਜਾਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਇਹ ਫੈਸਲਾ ਦੋ ਕਾਂਗਰਸੀ ਐੱਮਐੱਲਏ ਕੁਲਬੀਰ ਸਿੰਘ ਤੇ ਨਿਰਮਲ ਸਿੰਘ ਸ਼ੁਤਰਾਣਾ ਜਿਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਦੇ ਸੰਪਰਕ ਵਿਚ ਆਉਣ ਕਾਰਨ ਕੀਤਾ ਹੈ। ਕੈਪਟਨ ਨੇ ਡਾਕਟਰਾਂ ਦੀ ਸਲਾਹ 'ਤੇ ਅਤੇ ਸਰਕਾਰੀ ਪ੍ਰੋਟੋਕੋਲ ਦਾ ਪਾਲਣ ਕਰਦੇ ਹੋਏ ਇਹ ਫ਼ੈਸਲਾ ਲਿਆ।   ਕਾਂਗਰਸੀ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਤੇ ਕੁਲਬੀਰ ਸਿੰਘ ਜ਼ੀਰਾ ਦੀ ਰਿਪੋਰਟ ਸ਼ੁੱਕਰਵਾਰ ਨੂੰ ਉਸ ਸਮੇਂ ਪਾਜ਼ੇਟਿਵ ਆ ਗਈ ਜਦੋਂ ਉਹ ਵਿਧਾਨ ਸਭਾ ਸੈਸ਼ਨ 'ਚ ਹਿੱਸਾ ਲੈ ਰਹੇ ਸਨ। 25 ਅਗਸਤ ਨੂੰ ਇਨ੍ਹਾਂ ਦੀ ਰਿਪੋਰਟ ਨੈਗੇਟਿਵ ਸੀ। ਹੁਣ ਸਦਨ 'ਚ ਜਿੰਨੇ ਵੀ ਵਿਧਾਇਕ, ਮੰਤਰੀ ਸ਼ਾਮਲ ਹੋਏ ਸਨ ਉਨ੍ਹਾਂ ਨੂੰ ਵੀ ਕੁਆਰੰਟਾਈਨ ਹੋਣਾ ਪੈ ਸਕਦਾ ਹੈ। ਨਿਰਮਲ ਸਿੰਘ ਸ਼ੁਤਰਾਣਾ ਨੂੰ ਸਦਨ ਦੇ ਅੰਦਰ ਬੈਠੇ-ਬੈਠੇ ਬੁਖਾਰ ਹੋ ਗਿਆ। ਐੱਮਐੱਲਏ ਹੋਸਟਲ ਦੀ ਲੈਬ 'ਚ ਤੁਰੰਤ ਉਨ੍ਹਾਂ ਦਾ ਟੈਸਟ ਕਰਵਾਇਆ ਗਿਆ ਤਾਂ ਉਹ ਪਾਜ਼ੇਟਿਵ ਨਿਕਲ ਆਏ। ਉਸ ਦੇ ਬਾਅਦ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਸਿਹਤ ਅਧਿਕਾਰੀ ਦਾ ਫੋਨ ਆਇਆ ਕਿ ਉਨ੍ਹਾਂ ਨੇ ਜਿਹੜੇ ਨਮੂਨੇ ਦਿੱਤੇ ਸਨ, ਉਸ ਦੀ ਰਿਪੋਰਟ ਪਾਜ਼ੇਟਿਵ ਆ ਗਈ ਹੈ। ਉਹ ਤੁਰੰਤ ਸਦਨ ਤੋਂ ਬਾਹਰ ਚਲੇ ਗਏ। ਜ਼ੀਰਾ ਨੇ ਕਿਹਾ ਕਿ ਉਨ੍ਹਾਂ ਨੇ ਜਦੋਂ 25 ਨੂੰ ਟੈਸਟ ਕਰਾਇਆ ਸੀ ਤਾਂ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ।