ਭਗਤ ਰਵਿਦਾਸ ਜੀ ਨੇ ਦੁਨਿਆਵੀ ਸਮੱਸਿਆਵਾਂ ਨੂੰ ਅਧਿਆਤਮਿਕ ਸ਼ਕਤੀ ਨਾਲ ਨਜਿੱਠਣ ਦਾ ਅਦੁੱਤੀ ਮਾਡਲ ਪੇਸ਼ ਕਰਦਿਆਂ ਨਿਵੇਕਲੀ ਕਿਸਮ ਦਾ ਸੁਮੇਲ ਦੁਨੀਆਂ ਦੇ ਸਨਮੁੱਖ ਪੇਸ਼ ਕੀਤਾ-ਸੰਤ ਅਮੀਰ ਸਿੰਘ ਜੀ
ਲੁਧਿਆਣਾ 25 ਫਰਵਰੀ (ਕਰਨੈਲ ਸਿੰਘ ਐੱਮ.ਏ. )- ਸਿੱਖੀ ਪ੍ਰਚਾਰ ਪ੍ਰਸਾਰ ਲਈ ਸਮਰਪਿਤ ਕੌਮ ਦੀ ਅਜ਼ੀਮ ਸ਼ਖਸ਼ੀਅਤ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਸਿਰਜਿਤ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੱਲੋਂ ਸਹਿਯੋਗੀ ਸੰਗਤਾਂ ਦੇ ਸਹਿਯੋਗ ਨਾਲ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਮੁਖੀ ਮਹਾਂਪੁਰਸ਼ ਸੰਤ ਬਾਬਾ ਅਮੀਰ ਸਿੰਘ ਜੀ ਨੇ ਜੁੜ੍ਹੀਆਂ ਸੰਗਤਾਂ ਵਿੱਚ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਭਗਤ ਰਵਿਦਾਸ ਜੀ ਦੇ ਜੀਵਨ ਅਤੇ ਅਜੋਕੇ ਹਾਲਾਤਾਂ ਦੀ ਪ੍ਰਸੰਗਿਕਤਾ ਚ "ਬੇਗਮ ਪੁਰਾ" ਦਾ ਮਹੱਤਵ ਵਿਸ਼ੇ ਨੂੰ ਕੇਂਦਰਿਤ ਕਰਦਿਆਂ ਸਮਝਾਇਆ ਕਿ ਜਦੋਂ ਸਾਧਕ ਦੀ ਉੱਚ ਆਤਮਕ ਅਵਸਥਾ ਉਸ ਅਲੌਕਿਕ ਸ਼ਕਤੀ ਅਕਾਲ ਪੁਰਖ "ਵਾਹਿਗੁਰੂ ਜੀ" ਨਾਲ ਇਕ ਸੁਰ ਹੋ ਜਾਵੇ ਤਾਂ ਉਹ ਹਰ ਪ੍ਰਕਾਰ ਦੇ ਲੌਕਿਕ/ਅਲੌਕਿਕ ਤੇ ਦੁਨਿਆਵੀ ਮਾਇਆ ਗ਼ਮਾਂ ਤੋਂ ਪੂਰਨ ਤੌਰ ਤੇ ਮੁਕਤ ਹੋ ਜਾਂਦਾ ਹੈ। ਬਾਬਾ ਜੀ ਨੇ ਬੇਗਮਪੁਰਾ ਦੇ ਅੱਖਰੀ ਅਰਥਾਂ ਨੂੰ ਸਮਝਾਉਂਦਿਆਂ ਕਿਹਾ ਕਿ ਭਗਤ ਰਵਿਦਾਸ ਜੀ ਨੇ ਦੁਨਿਆਵੀ ਸਮੱਸਿਆਵਾਂ ਨੂੰ ਅਧਿਆਤਮਿਕ ਸ਼ਕਤੀ ਨਾਲ ਨਜਿੱਠਣ ਦਾ ਅਦੁੱਤੀ ਮਾਡਲ ਪੇਸ਼ ਕਰਦਿਆਂ ਨਿਵੇਕਲੀ ਕਿਸਮ ਦਾ ਸੁਮੇਲ ਦੁਨੀਆਂ ਦੇ ਸਨਮੁੱਖ ਪੇਸ਼ ਕੀਤਾ। ਜਿੱਥੇ ਸ਼ਬਦ ਨੂੰ ਤੁਰੀਯਾ ਅਵਸਥਾ-ਗਿਆਨ ਦੀ ਅਵਸਥਾ ਨਾਲ ਜੋੜ ਕੇ ਗ਼ਮਾਂ ਦਾ ਅਭਾਵ ਹੋ ਜਾਂਦਾ ਹੈ।
ਬਾਬਾ ਜੀ ਨੇ ਭਗਤ ਰਵਿਦਾਸ ਜੀ ਜੀਵਨ ਕਾਲ ਭਾਵ 14ਵੀਂ 15ਵੀਂ ਸਦੀ ਵੇਲੇ ਦੇ ਸੱਭਿਆਚਾਰਕ ਵਿਖਰੇਵਿਆਂ ਵਾਲੇ ਹਾਲਾਤਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਸ ਵੇਲੇ ਮਾਨਵੀ ਜੀਵਨ ਮੁੱਲਾਂ ਦਾ ਅਮੁੱਲੀ ਰੂਪ ਦਿਨੋਂ ਦਿਨ ਖਤਮ ਹੋ ਰਿਹਾ ਸੀ, ਦੂਜੇ ਪਾਸੇ ਕੱਟੜਵਾਦੀ ਮਾਰੂ ਭਾਵਨਾ ਤੇ ਰਾਜਸੀ ਸ਼ਕਤੀ ਦੀ ਦੁਰਵਰਤੋਂ ਹੋ ਰਹੀ ਸੀ, ਹਰ ਪਲ ਨਵੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਸਨ, ਆਮ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਸੀ, ਅਜਿਹੇ ਵਿੱਚ ਮਾਨਸਿਕ ਸੰਕਟ ਵੀ ਗੰਭੀਰ ਤੇ ਸੰਵੇਦਨਸ਼ੀਲ ਸੀ ਅਜਿਹੇ ਹਾਲਾਤਾਂ ਵਿੱਚੋਂ ਮਨੁੱਖੀ ਮਾਹੌਲ ਨੂੰ ਮਾਨਸਿਕ ਸੁਤੰਤਰਤਾ ਦਿਵਾਉਣਾ ਉਨ੍ਹਾ ਦਾ ਮੁੱਖ ਪ੍ਰਯੋਜਨ ਸੀ, ਜਿਸ ਦੀ ਪ੍ਰਾਪਤੀ ਲਈ ਉਨ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰੂਪੀ ਸ਼ਕਤੀ ਦਾ ਸਹਾਰਾ ਲਿਆ। ਸਮਾਗਮ ਦੌਰਾਨ ਟਕਸਾਲ ਦੇ ਹੋਣਹਾਰ ਸਿਖਿਆਰਥੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਵਿਚਲੀ ਭਗਤ ਰਵਿਦਾਸ ਜੀ ਦੀ ਬਾਣੀ ਦੇ ਕੀਰਤਨ ਕੀਤੇ, ਗੁਰੂ ਕਾ ਲੰਗਰ ਅਤੁੱਟ ਵਰਤਿਆ।