You are here

ਲੰਗਰ ਕਮੇਟੀ ਨੰਗਲਾ ਵੱਲੋਂ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਮੁਫਤ ਚੈੱਕਅਪ ਕੈਂਪ ਲਗਾਇਆ

ਤਲਵੰਡੀ ਸਾਬੋ, 25 ਫਰਵਰੀ (ਗੁਰਜੰਟ ਸਿੰਘ ਨਥੇਹਾ)- ਲੰਗਰ ਕਮੇਟੀ ਨੰਗਲਾ ਅਤੇ ਪਿੰਡ ਦੇ ਸਹਿਯੋਗ ਨਾਲ ਪਿੰਡ ਵਿਖੇ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਮੁਫ਼ਤ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੱਲੀ ਆਈ ਹਸਪਤਾਲ ਤਲਵੰਡੀ ਸਾਬੋ ਦੀ ਟੀਮ ਪਹੁੰਚੀ ਜਿਨ੍ਹਾਂ ਵਲੋਂ ਮਰੀਜ਼ਾਂ ਦੀਆਂ ਅੱਖਾਂ ਚੈੱਕ ਕਰਕੇ ਦਵਾਈਆਂ ਅਤੇ ਐਨਕਾਂ ਵੀ ਮੁਫਤ  ਦਿੱਤੀਆਂ ਗਈਆਂ। ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਲੰਗਰ ਕਮੇਟੀ ਨੰਗਲਾ (ਜਿਹੜੇ ਕਿ ਏਮਜ ਹਸਪਤਾਲ ਵਿਖੇ ਲੰਗਰ ਲੈ ਕੇ ਜਾਂਦੇ ਹਨ) ਦੇ ਪ੍ਰਬੰਧਕ ਭਾਈ ਕਾਹਨ ਸਿੰਘ ਖਾਲਸਾ ਅਤੇ ਭੋਲਾ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਪਹਿਲਾਂ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਅਤੇ ਮਰੀਜ਼ਾਂ ਨੂੰ ਦਵਾਈਆਂ ਦੇਣ ਲਈ ਇਹ ਕੈਂਪ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਮੱਲੀ ਆਈ ਹਸਪਤਾਲ ਤਲਵੰਡੀ ਸਾਬੋ ਦੇ ਡਾਕਟਰ ਚਰਨਜੀਤ ਸਿੰਘ ਮੱਲੀ ਅਤੇ ਉਹਨਾਂ ਦੀ ਸਮੁੱਚੀ ਟੀਮ ਪਹੁੰਚੀ ਜਿਨਾਂ ਨੇ ਲਗਭਗ 250 ਮਰੀਜ਼ਾਂ ਨੂੰ ਚੈੱਕ ਕੀਤਾ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆਂ। ਉਹਨਾਂ ਦੱਸਿਆ ਕਿ ਕੈਂਪ ਵਿੱਚ ਜਿਹੜੇ ਮਰੀਜ਼ ਆਪਰੇਸ਼ਨ ਕਰਾਉਣਾ ਚਾਹੁੰਦੇ ਹਨ ਉਨਾਂ ਦੀ ਲਿਸਟ ਬਣਾ ਲਈ ਹੈ ਉਨਾਂ ਮਰੀਜ਼ਾਂ ਦੇ ਵੀਰਵਾਰ ਨੂੰ ਮੱਲੀ ਹਸਪਤਾਲ ਵਿਖੇ ਆਪਰੇਸ਼ਨ ਕਰਵਾਏ ਜਾਣਗੇ। ਇਸ ਮੌਕੇ ਡਾਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਲੰਗਰ ਕਮੇਟੀ ਨੰਗਲਾ ਦੇ ਪੂਰਨ ਸਹਿਯੋਗ ਦੇ ਨਾਲ ਸਾਡੀ ਟੀਮ ਵੱਲੋਂ ਮਰੀਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਅਤੇ ਜਿਨਾਂ ਬਜ਼ੁਰਗਾਂ ਮਰੀਜ਼ਾਂ ਨੂੰ ਆਪਰੇਸ਼ਨ ਦੀ ਜਰੂਰਤ ਹੈ ਉਨਾਂ ਮਰੀਜ਼ਾਂ ਦੇ ਵੀਰਵਾਰ ਨੂੰ ਆਪਰੇਸ਼ਨ ਕੀਤੇ ਜਾਣਗੇ। ਇੱਕ ਸਵਾਲ ਦੇ ਜਵਾਬ ਵਿੱਚ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਇੱਕ ਨਹੀਂ ਅਨੇਕਾਂ ਹੀ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਨਿਸ਼ਕਾਮ ਕੈਂਪ ਲਾਏ ਗਏ ਹਨ ਅਤੇ ਲਗਾਏ ਵੀ ਜਾਣਗੇ। ਇਸ ਮੌਕੇ ਡਾਕਟਰਾਂ ਦੀ ਸਮੁੱਚੀ ਟੀਮ ਨੂੰ ਲੰਗਰ ਕਮੇਟੀ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਤਰਸੇਮ ਕੁਮਾਰ, ਐਡੋਵੇਕੇਟ ਜਗਦੀਪ ਸਿੰਘ, ਰਾਜੀਵ ਕੁਮਾਰ ਕਾਲੂ ਆਦਿ ਨੇ ਸੇਵਾ ਨਿਭਾਈ।