ਵਾਸ਼ਿੰਗਟਨ ,ਅਪ੍ਰੈਲ 2020 -(ਏਜੰਸੀਆਂ) -
ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਅਮਰੀਕਾ ਵਿਚ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਹੋ ਗਈ ਹੈ। ਜਦਕਿ ਸਾਢੇ ਤਿੰਨ ਲੱਖ ਦੇ ਕਰੀਬ ਲੋਕ ਇਨਫੈਕਟਿਡ ਹੋਏ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਨਾਲ 1,150 ਮੌਤਾਂ ਹੋਈਆਂ ਹਨ। ਹੁਣ ਤਕ 16 ਲੱਖ ਲੋਕਾਂ ਦੀ ਜਾਂਚ ਕੀਤੀ ਗਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਖ਼ੁਦ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼-ਵਾਸੀਆਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ।
ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਹੁਣ ਤਕ 10,335 ਲੋਕਾਂ ਦੀ ਜਾਨ ਜਾ ਚੁੱਕੀ ਹੈ। ਜਿਹੜੀ ਅਮਰੀਕਾ 'ਚ 9/11 ਦੇ ਅੱਤਵਾਦੀ ਹਮਲੇ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਨਾਲੋਂ ਤਿੰਨ ਗੁਣਾ ਵੱਧ ਹੈ। ਦੇਸ਼ ਵਿਚ ਤਿੰਨ ਲੱਖ 47 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਹਨ। ਇਨ੍ਹਾਂ 'ਚ ਇਕ ਹਜ਼ਾਰ ਤੋਂ ਵੱਧ ਫ਼ੌਜੀ ਵੀ ਸ਼ਾਮਲ ਹਨ।
ਟਰੰਪ ਨੇ ਕਿਹਾ ਕਿ ਅਮਰੀਕਾ ਵਿਚ ਹੁਣ ਤਕ 16 ਲੱਖ ਲੋਕਾਂ ਦੀ ਜਾਂਚ ਕੀਤੀ ਗਈ ਹੈ ਜੋ ਕਿਸੇ ਵੀ ਦੇਸ਼ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। ਲਗਪਗ ਪੂਰੇ ਦੇਸ਼ ਲਈ ਵੱਡੀ ਆਫ਼ਤ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਅਮਰੀਕਾ ਦੀ 33 ਕਰੋੜ ਆਬਾਦੀ ਵਿੱਚੋਂ 95 ਫ਼ੀਸਦੀ ਤੋਂ ਜ਼ਿਆਦਾ ਲੋਕ ਘਰਾਂ ਦੇ ਅੰਦਰ ਰਹਿਣ ਲਈ ਮਜਬੂਰ ਹਨ। ਕੋਰੋਨਾ ਵਾਇਰਸ ਖ਼ਿਲਾਫ਼ ਅਮਰੀਕੀ ਯਤਨਾਂ ਨੂੰ 'ਜੰਗੀ ਮੁਹਿੰਮ' ਦੱਸਦੇ ਹੋਏ ਟਰੰਪ ਨੇ ਕਿਹਾ ਕਿ ਦੁਨੀਆ ਭਰ ਤੋਂ ਲੱਖਾਂ ਮਾਸਕ, ਦਸਤਾਨੇ, ਸੁਰੱਖਿਆ ਉਪਕਰਣ ਅਤੇ ਡਾਕਟਰੀ ਸਪਲਾਈ ਦੇਸ਼ ਵਿਚ ਲਿਆਈ ਜਾ ਰਹੀ ਹੈ। ਇਹ ਵਾਸਤਵ ਵਿਚ 'ਜੰਗੀ ਮੁਹਿੰਮ' ਹੈ ਜੋ ਅਸੀਂ ਸ਼ੁਰੂ ਕੀਤੀ ਹੈ। ਨਾਲ ਹੀ 50 ਰਾਜਾਂ ਅਤੇ ਖੇਤਰਾਂ ਵਿਚ ਵੱਡੀ ਆਫ਼ਤ ਦਾ ਐਲਾਨ ਕਰਨ ਦੀ ਤਿਆਰੀ ਹੈ ਜੋ ਬਹੁਤ ਅਸਾਧਾਰਨ ਹੈ।
ਕੋਰੋਨਾ ਵਾਇਰਸ ਨਾਲ ਮੁਕਾਬਲੇ ਲਈ ਮਲੇਰੀਆ ਦੀ ਦਵਾਈ ਹਾਈਡ੍ਰੋਕਸੀ ਕਲੋਰੋਕਵੀਨ ਦੀ ਵਰਤੋਂ 'ਤੇ ਆਪਣੇ ਜ਼ੋਰ ਨੂੰ ਦੁਹਰਾਉਂਦੇ ਹੋਏ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਦੇਸ਼ ਭਰ ਵਿਚ ਵੰਡਣ ਲਈ ਇਸ ਦੀ ਲਗਪਗ 2.9 ਕਰੋੜ ਡੋਜ਼ ਖ਼ਰੀਦੀ ਹੈ। ਸਿਹਤ ਅਧਿਕਾਰੀਆਂ ਨੇ ਇਸ ਹਫ਼ਤੇ ਮ੍ਰਿਤਕਾਂ ਦਾ ਅੰਕੜਾ ਹੋਰ ਵਧਣ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਕਾਰਨ ਵੱਖ-ਵੱਖ ਸੂਬਿਆਂ ਦੇ ਗਵਰਨਰਾਂ ਨੇ ਵ੍ਹਾਈਟ ਹਾਊਸ ਤੋਂ ਕੋਰੋਨਾ ਵਾਇਰਸ ਖ਼ਿਲਾਫ਼ ਕੌਮੀ ਰਣਨੀਤੀ ਬਣਾਉਣ ਦੀ ਅਪੀਲ ਕੀਤੀ ਹੈ। ਵਿਸ਼ਵ ਪੱਧਰੀ ਮਹਾਮਾਰੀ ਸੰਕਟ ਤੋਂ ਉਭਰਨ ਲਈ ਨੀਤੀ ਬਣਾ ਰਹੇ ਦੇਸ਼ ਦੇ ਸਭ ਤੋਂ ਵੱਡੇ ਇਨਫੈਕਸ਼ਨ ਰੋਗਾਂ ਦੇ ਮਾਹਿਰ ਡਾ. ਐਂਥਨੀ ਫਾਸੀ ਨੇ ਵੱਡੇ ਖ਼ਤਰੇ ਨੂੰ ਲੈ ਕੇ ਆਗਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀਆਂ ਨੂੰ ਬੁਰੇ ਹਫ਼ਤੇ ਲਈ ਤਿਆਰ ਰਹਿਣਾ ਚਾਹੀਦਾ ਹੈ। ਮੈਂ ਇਹ ਨਹੀਂ ਕਹਾਂਗਾ ਕਿ ਅਸੀਂ ਇਸ 'ਤੇ ਕਾਬੂ ਪਾ ਲਿਆ ਹੈ।,