ਜਗਰਾਓਂ/ਸੁਧਾਰ -ਅਗਸਤ 2020 -(ਗੁਰਕੀਰਤ ਸਿੰਘ/ਮਨਜਿੰਦਰ ਗਿੱਲ) ਗੁਰਸਿੱਖ ਅੰਮ੍ਰਿਤਧਾਰੀ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਥਾਣਾ ਸੁਧਾਰ ਦੇ ਸਬ-ਇੰਸਪੈਕਟਰ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕਰਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਮ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਪੀੜਤ ਨੌਜਵਾਨ ਵੱਲੋਂ ਮੰਗ ਪੱਤਰ ਦਿੱਤਾ ਗਿਆ।ਇਸ ਸਬੰਧੀ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਨੇ ਪੀੜਤ ਨੌਜਵਾਨ ਨੂੰ ਵਿਸਵਾਸ਼ ਦਿਵਾਇਆ ਕਿ ਉਹ ਇਹ ਮਸਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਧਿਆਨ ਵਿੱਚ ਲਿਆਉਣਗੇ ਅਤੇ ਦੋਸ਼ੀਆਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਧੀਨ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਸਮੇਂ ਜਗਜੀਤ ਸਿੰਘ ਤਲਵੰਡੀ ਨੇ ਪੰਜਾਬ ਸਰਕਾਰ ਤੇ ਵਰ੍ਹਦਿਆ ਕਿਹਾ ਕੈਪਟਨ ਸਰਕਾਰ ਸੂਬੇ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਅਤੇ ਸੂਬੇ ਦੀ ਅਫਸਰਸਾਹੀ ਬੇਲਗਾਮ ਹੋ ਚੁੱਕੀ ਹੈ।ਉਨਾਂ ਮੰਗ ਕਰਦਿਆ ਕਿ ਉਕਤ ਸਬ-ਇੰਸਪੈਕਟਰ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਮੌਕੇ ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਪੀੜਤ ਰਾਮਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ੨੨ ਅਗਸਤ ਨੂੰ ਉਨਾਂ ਦੇ ਪਿੰਡ ਪ੍ਰੇਮਜੀਤ ਹਸਪਤਾਲ ਸੁਧਾਰ ਦੇ ਕੁਝ ਡਾਕਟਰਾਂ ਦੀ ਟੀਮ ਉਨਾਂ ਦੇ ਪਿੰਡ ਕੋਰੋਨਾ ਟੈਸਟ ਕਰਨ ਲਈ ਪਹੁੰਚੀ ਸੀ,ਜਿਸ ਦੌਰਾਨ ਕੁੱਝ ਵਿਅਕਤੀਆਂ ਦੀ ਡਾਕਟਰਾਂ ਨਾਲ ਤਕਰਾਰਬਾਜੀ ਹੋ ਗਈ ਸੀ।ਜਿਸ ਸਬੰਧੀ ਮਹਿੰਦਰ ਸਿੰਘ ਪੁੱਤਰ ਮੱਘਰ ਸਿੰਘ,ਗੁਰਦੇਵ ਸਿੰਘ ਪੁੱਤਰ ਜੰਗੀਰ ਸਿੰਘ ਅਤੇ ਚੰਦ ਸਿੰਘ ਪੁੱਤਰ ਗੁਰਨਾਮ ਸਿੰਘ ਨੂੰ ਪੁਲਿਸ ਥਾਣਾ ਸੁਧਾਰ ਵਿਖੇ ਸਬ-ਇੰਸਪੈਕਟਰ ਲਖਵੀਰ ਸਿੰਘ ਵੱਲੋਂ ਬੁਲਾਇਆ ਗਿਆ ਸੀ ਅਤੇ ਜਦ ਪੀੜਤ ਰਾਮਦੀਪ ਸਿੰਘ,ਮਹਿੰਦਰ ਸਿੰਘ ਨੂੰ ਥਾਣੇ ਛੱਡਣ ਗਿਆ ਤਾਂ ਸਬ-ਇੰਸਪੈਕਟਰ ਲਖਵੀਰ ਸਿੰਘ ਵਲੋਂ ਕੁੱਟਮਾਰ ਕੀਤੀ ਗਈ ਅਤੇ ਮੇਰੇ ਸਿਰ ਤੇ ਬੰਨਿਆ ਪਰਨਾ ਖੁੱਲ੍ਹ ਗਿਆ ਅਤੇ ਬੇਇੱਜਤੀ ਕੀਤੀ ਗਈ।ਇਹ ਸਾਰੀ ਘਟਨਾ ਪੁਲਿਸ ਥਾਣੇ ਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਹੈ।ਪੀੜਤ ਨੇ ਕਿਹਾ ਕਿ ਪੁਲਿਸ ਅਧਿਕਾਰੀ ਦੀ ਇਸ ਹਰਕਤ ਨਾਲ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ,ਇਸ ਲਈ ਉਸ ਖਿਲਾਫ ਕਾਰਵਾਈ ਕਰਕੇ ਮੈਨੂੰ ਇਨਸਾਫ ਦਿਵਾਇਆ ਜਾਵੇ।